'ਆਪ੍ਰੇਸ਼ਨ ਸਿੰਧੂਰ' ਨਾਲ ਦੁਨੀਆ ਨੇ ਮੰਨਿਆ ਭਾਰਤ ਦਾ ਲੋਹਾ: PM ਮੋਦੀ ਬੋਲੇ- ਧਮਾਕੇ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਹੋਏ ਪਰ ਗੂੰਜ ਨਾਲ ਕੰਬੀ ਪੂਰੀ ਦੁਨੀਆ! ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਦੌਰਾਨ ਦੁਨੀਆ ਨੇ ਭਾਰਤ ਦੀ ਰੱਖਿਆ ਪ੍ਰਣਾਲੀ ਦੀ ਸਮਰੱਥਾ ਤੇ ਭਰੋਸੇਯੋਗਤਾ ਦੇਖੀ, ਜਦ ਸਰਹੱਦ ਪਾਰ ਅੱਤਵਾਦੀਆਂ ਦੇ ਟਿਕਾਣਿਆਂ ’ਤੇ ਧਮਾਕੇ ਹੋ ਰਹੇ ਸਨ। ਉਹ ਆਸਟ੍ਰੇਲੀਅਨ ਪੀਐੱਮ ਐਂਥਨੀ ਅਲਬਨੀਜ਼ ਦੀ ਮੌਜੂਦਗੀ ਵਿਚ ਭਾਰਤੀ ਭਾਈਚਾਰੇ ਦੇ ਪ੍ਰੋਗਰਾਮ ‘ਮੈਲਬੌਰਨ ਮੀਟਸ ਮੋਦੀ’ ਨੂੰ ਸੰਬੋਧਨ ਕਰ ਰਹੇ ਸਨ। ਮਾਰਵਲ ਸਟੇਡੀਅਮ ਵਿਚ ਕਰਵਾਏ ਇਸ ਪ੍ਰੋਗਰਾਮ ਵਿਚ 30 ਹਜ਼ਾਰ ਤੋਂ ਵੱਧ ਲੋਕ ਇਕੱਠੇ ਹੋਏ ਜੋ ਆਸਟ੍ਰੇਲੀਆ ਵਿਚ ਕਿਸੇ ਵੀ ਵਿਸ਼ਵ ਨੇਤਾ ਲਈ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਸਭਾਵਾਂ ’ਚੋਂ ਇਕ ਹੈ।
Publish Date: Fri, 10 Jul 2026 12:07 PM (IST)
Updated Date: Fri, 10 Jul 2026 12:09 PM (IST)
ਮੈਲਬੌਰਨ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਦੌਰਾਨ ਦੁਨੀਆ ਨੇ ਭਾਰਤ ਦੀ ਰੱਖਿਆ ਪ੍ਰਣਾਲੀ ਦੀ ਸਮਰੱਥਾ ਤੇ ਭਰੋਸੇਯੋਗਤਾ ਦੇਖੀ, ਜਦ ਸਰਹੱਦ ਪਾਰ ਅੱਤਵਾਦੀਆਂ ਦੇ ਟਿਕਾਣਿਆਂ ’ਤੇ ਧਮਾਕੇ ਹੋ ਰਹੇ ਸਨ। ਉਹ ਆਸਟ੍ਰੇਲੀਅਨ ਪੀਐੱਮ ਐਂਥਨੀ ਅਲਬਨੀਜ਼ ਦੀ ਮੌਜੂਦਗੀ ਵਿਚ ਭਾਰਤੀ ਭਾਈਚਾਰੇ ਦੇ ਪ੍ਰੋਗਰਾਮ ‘ਮੈਲਬੌਰਨ ਮੀਟਸ ਮੋਦੀ’ ਨੂੰ ਸੰਬੋਧਨ ਕਰ ਰਹੇ ਸਨ। ਮਾਰਵਲ ਸਟੇਡੀਅਮ ਵਿਚ ਕਰਵਾਏ ਇਸ ਪ੍ਰੋਗਰਾਮ ਵਿਚ 30 ਹਜ਼ਾਰ ਤੋਂ ਵੱਧ ਲੋਕ ਇਕੱਠੇ ਹੋਏ ਜੋ ਆਸਟ੍ਰੇਲੀਆ ਵਿਚ ਕਿਸੇ ਵੀ ਵਿਸ਼ਵ ਨੇਤਾ ਲਈ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਸਭਾਵਾਂ ’ਚੋਂ ਇਕ ਹੈ। ਪੀਐੱਮ ਮੋਦੀ ਨੇ ਕਿਹਾ, ‘‘ਦੁਨੀਆ ਸਾਡੇ ਰੱਖਿਆ ਖੇਤਰ ਦੀ ਸਮਰੱਥਾ ਅਤੇ ਭਰੋਸੇਯੋਗਤਾ ਦੇਖ ਰਹੀ ਹੈ। ਤੁਸੀਂ ਆਪ੍ਰੇਸ਼ਨ ਸਿੰਧੂਰ ਵਿਚ ਇਸ ਦਾ ਪ੍ਰਦਰਸ਼ਨ ਦੇਖਿਆ ਹੋਵੇਗਾ।
ਧਮਾਕੇ ਅੱਤਵਾਦੀਆਂ ਦੇ ਟਿਕਾਣਿਆਂ ’ਤੇ ਹੋ ਰਹੇ ਸਨ ਤੇ ਉਨ੍ਹਾਂ ਦੀ ਗੂੰਜ ਪੂਰੀ ਦੁਨੀਆ ਵਿਚ ਸੁਣਾਈ ਦੇ ਰਹੀ ਸੀ।’’ ਮੋਦੀ ਨੇ ਪੁੱਛਿਆ,‘‘ ਕੀ ਤੁਹਾਨੂੰ ਅੱਤਵਾਦੀ ਕੈਂਪਾਂ ’ਤੇ ਕੀਤੀ ਗਈ ਕਾਰਵਾਈ ’ਤੇ ਮਾਣ ਮਹਿਸੂਸ ਹੋਇਆ?’’ ਇਸ ’ਤੇ ਲੋਕਾਂ ਨੇ ਉਤਸ਼ਾਹ ਨਾਲ ਖ਼ੂਬ ਤਾੜੀਆਂ ਵਜਾਈਆਂ। ਉਨ੍ਹਾਂ ਕਿਹਾ ਕਿ 21ਵੀਂ ਸਦੀ ਦਾ ਭਾਰਤ ਵਿਕਸਤ ਦੇਸ਼ ਬਣਨ ਦੇ ਟੀਚੇ ਨੂੰ ਸਾਹਮਣੇ ਰੱਖ ਕੇ ਕੰਮ ਕਰ ਰਿਹਾ ਹੈ। ਇਹ ਉਹ ਭਾਰਤ ਹੈ ਜੋ ‘ਜ਼ਿਆਦਾ ਵਧੋ, ਜ਼ਿਆਦਾ ਹਾਸਲ ਕਰੋ’ ਵਿਚ ਭਰੋਸਾ ਰੱਖਦਾ ਹੈ। ‘ਨਾਗਰਿਕ ਦੇਵੋ ਭਵ’ ਦਾ ਮੰਤਰ ਸ਼ਾਸਨ ਦਾ ਮਾਰਗਦਰਸ਼ਕ ਸਿਧਾਂਤ ਬਣ ਗਿਆ ਹੈ।
ਮੋਦੀ ਨੇ ਕਿਹਾ, ‘‘ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ 5ਜੀ ਬਾਜ਼ਾਰ ਹੈ। ‘ਮੇਕ ਇਨ ਇੰਡੀਆ’ 6ਜੀ ਤਕਨਾਲੋਜੀ ’ਤੇ ਵੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਬੀਤੇ 12 ਸਾਲਾਂ ਵਿਚ ਮੈਟਰੋ ਨੈੱਟਵਰਕ ਦਾ ਵਿਸਥਾਰ 2 ਦਰਜਨ ਤੋਂ ਵੱਧ ਸ਼ਹਿਰਾਂ ਵਿਚ ਹੋਇਆ ਹੈ। ਅੱਜ ਭਾਰਤ ਵਿਚ ਰੋਜ਼ 1.25 ਕਰੋੜ ਤੋਂ ਵੱਧ ਲੋਕ ਮੈਟਰੋ ਰਾਹੀਂ ਸਫ਼ਰ ਕਰਦੇ ਹਨ। ਮੋਦੀ ਨੇ ਕਿਹਾ ਕਿ ਭਾਰਤ ਵਿਚ ਦੋ ਲੱਖ ਤੋਂ ਵੱਧ ਰਜਿਸਟਰਡ ਸਟਾਰਟਅੱਪ ਹਨ ਤੇਹਰ ਮਹੀਨੇ 4000 ਤੋਂ ਵੱਧ ਨਵੇਂ ਸਟਾਰਟਅੱਪ ਰਜਿਸਟਰਡ ਹੋ ਰਹੇ ਹਨ। ਗ਼ੌਰਤਲਬ ਹੈ ਕਿ ਆਸਟ੍ਰੇਲੀਆ ਵਿਚ ਭਾਰਤੀ ਮੂਲ ਦੇ ਲਗਪਗ 10 ਲੱਖ ਲੋਕ ਰਹਿੰਦੇ ਹਨ। ਮੋਦੀ ਨੇ ਮੂਲ ਵਾਸੀਆਂ ਪ੍ਰਤੀ ਸਨਮਾਨ ਪ੍ਰਗਟ ਕਰਨ ਦੇ ਨਾਲ ਹੀ ਭਾਰਤੀ ਭਾਈਚਾਰੇ ਦੀ ਭਲਾਈ ਸਹਿਤ ਭਾਰਤ-ਆਸਟ੍ਰੇਲੀਆ ਸਬੰਧਾਂ ਪ੍ਰਤੀ ਆਪਣੀ ਵਚਨਬੱਧਨਾ ਲਈ ਪੀਐੱਮ ਅਲਬਨੀਜ਼ ਦਾ ਸ਼ੁਕਰੀਆ ਅਦਾ ਕੀਤਾ।
ਓਥੇ ਹੀ ਅਲਬਨੀਜ਼ ਨੇ ਕਿਹਾ ਕਿ ਇਸ ਮਾਰਵਲ ਸਟੇਡੀਅਮ ਵਿਚ ਕਈ ਯਾਦਗਾਰ ਪ੍ਰੋਗਰਾਮ ਹੋਏ ਹਨ ਪਰ ਭਾਰਤੀ ਭਾਈਚਾਰੇ ਦੇ ਜਮਾਵੜੇ ਤੋਂ ਜ਼ਿਆਦਾ ਅਹਿਮ ਕੋਈ ਹੋਰ ਪ੍ਰੋਗਰਾਮ ਨਹੀਂ ਰਿਹਾ। ਉਨ੍ਹਾਂ ਨੇ ਆਸਟ੍ਰੇਲੀਆ ਵਿਚ ਭਾਰਤੀ ਭਾਈਚਾਰੇ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ, ‘‘ਮੈਨੂੰ ਤੁਹਾਡੀ ਉਦਾਰਤਾ ਦਿਸਦੀ ਹੈ। 1991 ਵਿਚ ਇਕ ਯਾਤਰੀ ਦੇ ਤੌਰ ’ਤੇ ਆਪਣੀ ਪਹਿਲੀ ਭਾਰਤ ਯਾਤਰਾ ਨੂੰ ਚੇਤੇ ਕਰਦਿਆਂ ਅਲਬਨੀਜ਼ ਨੇ ਕਿਹਾ ਕਿ ਮੈਂ ਉੱਥੇ ਇਕ ਬਹੁਤ ਸਰਲ ਗੱਲ ਸਿੱਖੀ ਕਿ ਜੇ ਤੁਸੀਂ ਭਾਰਤ ਨੂੰ ਸਮਝਣਾ ਚਾਹੁੰਦੇ ਹੋ ਤਾਂ ਟ੍ਰੇਨ ਵਿਚ ਸਫ਼ਰ ਕਰੋ। ਉਨ੍ਹਾਂ ਕਿਹਾ ਕਿ ਉਹ ਜਿੱਥੇ ਵੀ ਗਏ, ਲੋਕਾਂ ਨੇ ਆਪਣੇ ਘਰਾਂ ਵਿਚ ਉਨ੍ਹਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਦੀ ਖ਼ੁਸ਼ਹਾਲੀ ਦਾ ਅਹਿਸਾਸ ਕੀਤਾ।