ਆਸਟ੍ਰੇਲੀਆ ਦੇ ਦੱਖਣ-ਪੱਛਮੀ ਤੱਟ ’ਤੇ 13 ਸਾਲ ਦੇ ਇਕ ਬੱਚੇ ਨੇ ਉਹ ਕਰ ਕੇ ਦਿਖਾਇਆ ਜਿਸਨੂੰ ਵੱਡੇ-ਵੱਡੇ ਸਿਖਲਾਈ ਪ੍ਰਾਪਤ ਤੈਰਾਕ ਵੀ ਕਰਨ ਤੋਂ ਪਹਿਲਾਂ ਸੌ ਵਾਰੀ ਸੋਚਣ। ਸਮੁੰਦਰ ’ਚ ਕਰੀਬ ਚਾਰ ਕਿਲੋਮੀਟਰ ਤੱਕ ਤੈਰ ਕੇ ਉਸਨੇ ਨਾ ਸਿਰਫ਼ ਕਿਨਾਰੇ ਤੱਕ ਪਹੁੰਚ ਕੇ ਮਦਦ ਮੰਗੀ, ਬਲਕਿ ਆਪਣੀ ਮਾਂ ਤੇ ਦੋ ਛੋਟੇ ਭਰਾ-ਭੈਣਾਂ ਦੀ ਜਾਨ ਵੀ ਬਚਾ ਲਈ।

ਮੈਲਬੌਰਨ (ਏਜੰਸੀ) : ਆਸਟ੍ਰੇਲੀਆ ਦੇ ਦੱਖਣ-ਪੱਛਮੀ ਤੱਟ ’ਤੇ 13 ਸਾਲ ਦੇ ਇਕ ਬੱਚੇ ਨੇ ਉਹ ਕਰ ਕੇ ਦਿਖਾਇਆ ਜਿਸਨੂੰ ਵੱਡੇ-ਵੱਡੇ ਸਿਖਲਾਈ ਪ੍ਰਾਪਤ ਤੈਰਾਕ ਵੀ ਕਰਨ ਤੋਂ ਪਹਿਲਾਂ ਸੌ ਵਾਰੀ ਸੋਚਣ। ਸਮੁੰਦਰ ’ਚ ਕਰੀਬ ਚਾਰ ਕਿਲੋਮੀਟਰ ਤੱਕ ਤੈਰ ਕੇ ਉਸਨੇ ਨਾ ਸਿਰਫ਼ ਕਿਨਾਰੇ ਤੱਕ ਪਹੁੰਚ ਕੇ ਮਦਦ ਮੰਗੀ, ਬਲਕਿ ਆਪਣੀ ਮਾਂ ਤੇ ਦੋ ਛੋਟੇ ਭਰਾ-ਭੈਣਾਂ ਦੀ ਜਾਨ ਵੀ ਬਚਾ ਲਈ। ਇਹ ਕਹਾਣੀ ਹੈ ਉਸ ਬੱਚੇ ਦੀ, ਜਿਸਨੇ ਸੰਕਟ ਦੀ ਘੜੀ ’ਚ ਡਰ ਨਹੀਂ, ਜ਼ਿੰਮੇਵਾਰੀ ਚੁਣੀ। ਸ਼ੁੱਕਰਵਾਰ ਦੁਪਹਿਰ ਨੂੰ ਆਸਟਿਨ ਐਪਲਬੀ ਆਪਣੀ ਮਾਂ ਜੋਆਨ ਐਪਲਬੀ, 12 ਸਾਲਾ ਭਰਾ ਬਿਊ ਤੇ ਅੱਠ ਸਾਲ ਦੀ ਭੈਣ ਗ੍ਰੇਸ ਦੇ ਨਾਲ ਸਮੁੰਦਰ ’ਚ ਕਾਇਕਿੰਗ ਯਾਨੀ ਹਵਾ ਭਰੀ ਜਾਣ ਵਾਲੀ ਕਿਸ਼ਤੀ ਦੇ ਨਾਲ ਪੈਡਲ ਬੋਰਡਿੰਗ ਕਰ ਰਿਹਾ ਸੀ। ਮੌਸਮ ਸਾਫ਼ ਸੀ, ਸਮੁੰਦਰ ਸ਼ਾਂਤ ਤੇ ਮਾਹੌਲ ਛੁੱਟੀਆਂ ਵਰਗਾ। ਪਰ ਕੁਝ ਹੀ ਦੇਰ ’ਚ ਤੇਜ਼ ਸਮੁੰਦਰੀ ਹਵਾਵਾਂ ਚੱਲੀਆਂ ਤੇ ਪਰਿਵਾਰ ਦੇ ਇਨਫਲੇਟੇਬਲ ਬੋਰਡਸ ਖੁੱਲ੍ਹੇ ਸਮੁੰਦਰ ਵੱਲ ਰੁੜਨ ਲੱਗੇ। ਦੇਖਦੇ-ਦੇਖਦੇ ਉਹ ਤੱਟ ਤੋਂ ਕਈ ਕਿਲੋਮੀਟਰ ਦੂਰ ਲਹਿਰਾਂ ’ਚ ਫਸ ਗਏ।
ਮਾਂ ਦਾ ਸਭ ਤੋਂ ਮੁਸ਼ਕਲ ਫ਼ੈਸਲਾ
ਹਾਲਾਤ ਪਲ-ਪਲ ਵਿਗੜ ਰਹੇ ਸਨ। ਮਾਂ ਬੱਚਿਆਂ ਨੂੰ ਛੱਡ ਨਹੀਂ ਸਕਦੀ ਸੀ। ਅਜਿਹੇ ’ਚ ਉਨ੍ਹਾਂ ਨੇ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਫ਼ੈਸਲਾ ਕੀਤਾ। ਆਪਣੇ ਸਭ ਤੋਂ ਵੱਡੇ ਬੇਟੇ ਆਸਟਿਨ ਨੂੰ ਮਦਦ ਲਿਆਉਣ ਲਈ ਕਿਨਾਰੇ ਤੱਕ ਤੈਰ ਕੇ ਭੇਜਣ ਦਾ। ਆਸਟਿਨ ਪਹਿਲਾਂ ਫੁਲਾਏ ਜਾਣ ਵਾਲੇ ਕਾਇਕ ’ਤੇ ਨਿਕਲਿਆ, ਪਰ ਉਸ ਵਿਚ ਪਾਣੀ ਭਰਨ ਲੱਗਾ। ਉਸਨੇ ਕਾਇਕ ਛੱਡ ਦਿੱਤਾ। ਲਾਈਫ਼ ਜੈਕੇਟ ਤੈਰਨ ’ਚ ਰੁਕਾਵਟ ਬਣ ਰਹੀ ਸੀ, ਉਸਨੇ ਉਸਨੂੰ ਵੀ ਲਾਹ ਕੇ ਸੁੱਟ ਦਿੱਤਾ। ਬਿਨਾ ਕਿਸੇ ਸੁਰੱਖਿਆ ਉਪਕਰਨ ਦੇ, ਉਸਨੇ ਉਫਨਦੇ ਸਮੁੰਦਰ ’ਚ ਛਾਲ ਮਾਰ ਦਿੱਤੀ।
ਚਾਰ ਘੰਟੇ, ਚਾਰ ਕਿਲੋਮਟੀਰ ਤੇ ਮੌਤ ਨਾਲ ਜੰਗ
ਇਸ ਤੋਂ ਬਾਅਦ ਸ਼ੁਰੂ ਹੋਈ ਕਰੀਬ ਚਾਰ ਕਿਲੋਮੀਟਰ ਲੰਬੀ ਜਾਨਲੇਵਾ ਤੈਰਾਕੀ। ਬਿਨਾਂ ਲਾਈਫ ਜੈਕੇਟ, ਬਿਨਾਂ ਸਹਾਰੇ। ਠੰਢਾ ਪਾਣੀ ਸਰੀਰ ਨੂੰ ਸੁੰਨ ਕਰ ਰਿਹਾ ਸੀ, ਸਾਹ ਟੁੱਟ ਰਹੀ ਸੀ, ਬਾਂਹਾਂ ਜਵਾਬ ਦੇਣ ਲੱਗੀਆਂ ਸਨ। ਪਰ ਉਸਦੇ ਦਿਮਾਗ ’ਚ ਸਿਰਫ਼ ਇਕ ਹੀ ਗੱਲ ਚੱਲ ਰਹੀ ਸੀ ਕਿ ਮੈਨੂੰ ਸਾਰਿਆਂ ਨੂੰ ਬਚਾਉਣਾ ਹੈ। ਬਾਅਦ ’ਚ ਉਸਨੇ ਕਿਹਾ ਕਿ ਲਹਿਰਾਂ ਬਹੁਤ ਵੱਡੀਆਂ ਸਨ। ਮੈਂ ਬਹੁਤ ਥੱਕ ਚੁੱਕਾ ਸੀ, ਪਰ ਰੁਕ ਨਹੀਂ ਸਕਦਾ ਸੀ। ਜਦੋਂ ਆਖ਼ਰਕਾਰ ਪੈਰਾਂ ਦੇ ਹੇਠਾਂ ਰੇਤ ਮਹਿਸੂਸ ਹੋਈ, ਤਾਂ ਮੈਂ ਉੱਥੇ ਡਿੱਗ ਪਿਆ। ਸ਼ਾਮ ਕਰੀਬ ਛੇ ਵਜੇ ਉਹ ਕਿਸੇ ਤਰ੍ਹਾਂ ਕਿਨਾਰੇ ਤੱਕ ਪਹੁੰਚਿਆ ਤੇ ਮਦਦ ਦੀ ਮੰਗ ਕੀਤੀ।
ਸਮੁੰਦਰ ’ਚ ਮਾਂ ਦਾ ਹੌਸਲਾ
ਉੱਧਰ ਮਾਂ ਜੋਆਨ ਤੇ ਦੋਵੇਂ ਛੋਟੇ ਬੱਚੇ ਲਾਈਫ ਜੈਕੇਟ ਪਾ ਕੇ ਇਕ ਪੈਡਲ ਬੋਰਡ ਨਾਲ ਚਿਪਕੇ ਹੋਏ ਕਰੀਬ ਦਸ ਘੰਟੇ ਤੱਕ ਸਮੁੰਦਰ ’ਚ ਭਟਕਦੇ ਰਹੇ। ਸੂਰਜ ਢਲ ਚੁੱਕਾ ਸੀ, ਹਨੇਰਾ ਡੂੰਘਾ ਹੁੰਦਾ ਜਾ ਰਿਹਾ ਸੀ। ਠੰਢ ਨਾਲ ਸਰੀਰ ਕੰਬ ਰਿਹਾ ਸੀ। ਫਿਰ ਵੀ ਮਾਂ ਬੱਚਿਆਂ ਨੂੰ ਡਰ ਤੋਂ ਦੂਰ ਰੱਖਣ ਲਈ ਗਾਣੇ ਗਾਉਂਦੀ ਰਹੇ, ਗੱਲਾਂ ਕਰਦੀ ਰਹੀ।
ਹੈਲੀਕਾਪਟਰ ਤੋਂ ਮਿਲੀ ਮਦਦ
ਰਾਤ ਕਰੀਬ 8.30 ਵਜੇ ਖੋਜੀ ਹੈਲੀਕਾਪਟਰ ਨੇ ਆਖਰਕਾਰ ਉਨ੍ਹਾਂ ਨੂੰ ਲੱਭ ਲਿਆ। ਉਦੋਂ ਤੱਕ ਉਹ ਤੱਟ ਤੋਂ ਕਰੀਬ 14 ਕਿਲੋਮਟੀਰ ਦੂਰ ਰੁੜ੍ਹ ਚੁੱਕੇ ਸਨ। ਪੁਲਿਸ ਇੰਸਪੈਕਟਰ ਜੇਮਸ ਬ੍ਰੈਡਲੀ ਨੇ ਕਿਹਾ ਕਿ 13 ਸਾਲ ਦੇ ਇਸ ਬੱਚੇ ਦਾ ਹੌਸਲਾ ਤੇ ਸੰਕਲਪ ਸ਼ਬਦਾਂ ਤੋਂ ਪਰੇ ਹੈ। ਉਸੇ ਦੇ ਕਾਰਨ ਉਸਦੀ ਮਾਂ ਤੇ ਭਰਾ-ਭੈਣ ਅੱਜ ਜ਼ਿੰਦਾ ਹਨ। ਚਾਰਾਂ ਨੂੰ ਡਾਕਟਰੀ ਜਾਂਚ ਮਗਰੋਂ ਛੱਡ ਦਿੱਤਾ ਗਿਆ।