ਮੁੱਖ ਮੰਤਰੀ ਭਗਵੰਤ ਮਾਨ ਨੇ ਮਨੀ ਮਹੇਸ਼ ਸ਼ਰਮਾ ਦਾ ਕੀਤਾ ਵਿਸ਼ੇਸ਼ ਸਨਮਾਨ, ਪਹਿਲੇ 10 ਟੌਪਰਾਂ ਲਈ CM Mann ਦਾ ਵੱਡਾ ਐਲਾਨ
ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਸੀ ਜਿਸ ਵਿੱਚ ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਨੌਲੀ ਬਸੀ ਦੇ ਵਿਦਿਆਰਥੀ ਮਨੀ ਮਹੇਸ਼ ਸ਼ਰਮਾ ਨੇ 99.23 ਫੀਸਦੀ ਅੰਕ ਪ੍ਰਾਪਤ ਕਰਦੇ ਹੋਏ ਪੰਜਾਬ ’ਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਜ਼ਿਲ੍ਹੇ ,ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਸੀ।
Publish Date: Tue, 12 May 2026 01:27 PM (IST)
Updated Date: Tue, 12 May 2026 01:32 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ। ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਸੀ ਜਿਸ ਵਿੱਚ ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਨੌਲੀ ਬਸੀ ਦੇ ਵਿਦਿਆਰਥੀ ਮਨੀ ਮਹੇਸ਼ ਸ਼ਰਮਾ ਨੇ 99.23 ਫੀਸਦੀ ਅੰਕ ਪ੍ਰਾਪਤ ਕਰਦੇ ਹੋਏ ਪੰਜਾਬ ’ਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਜ਼ਿਲ੍ਹੇ ,ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਸੀ।
ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੀ ਰਿਹਾਇਸ਼ ’ਤੇ ਬੁਲਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਐਜੂਕੇਸ਼ਨ ਸੈਕਟਰੀ ਸੋਨਾਲੀ ਗਿਰੀ ਆਈ.ਏ.ਐੱਸ. ਅਧਿਕਾਰੀ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਮਨੀ ਮਹੇਸ਼ ਸ਼ਰਮਾ ਦੇ ਨਾਲ ਜ਼ਿਲ੍ਹਾ ਰੂਪਨਗਰ ਦੇ ਡਿਪਟੀ ਡੀ.ਈ.ਓ. ਇੰਦਰਜੀਤ ਸਿੰਘ, ਮਨੀ ਮਹੇਸ਼ ਦੇ ਪਿਤਾ ਵਿਜੈ ਕੁਮਾਰ ਸ਼ਰਮਾ, ਜੋ ਕਿ ਚਨੋਲੀ ਬਸੀ ਸਕੂਲ ਵਿਖੇ ਪੰਜਾਬੀ ਦੇ ਅਧਿਆਪਕ ਹਨ ਅਤੇ ਉਨ੍ਹਾਂ ਦੀ ਮਾਤਾ ਮੋਨਿਕਾ ਸ਼ਰਮਾ ਜੋ ਕਿ ਸਰਕਾਰੀ ਹਾਈ ਸਕੂਲ ਸਸਕੋਰ ਵਿਖੇ ਐੱਸ.ਐੱਸ.ਟੀ. ਵਿਸ਼ੇ ਦੇ ਅਧਿਆਪਕ ਹਨ, ਉਹ ਵੀ ਆਪਣੇ ਬੱਚੇ ਨਾਲ ਉੱਥੇ ਮੌਜੂਦ ਹਨ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਨੀ ਮਹੇਸ਼ ਸ਼ਰਮਾ ਨੂੰ ਪੂਰੇ ਪੰਜਾਬ ਵਿੱਚੋਂ ਦੂਸਰੇ ਸਥਾਨ ’ਤੇ ਆਉਣ ਲਈ ਵਧਾਈ ਦਿੱਤੀ ਹੈ ਅਤੇ ਆਪਣੀਆਂ ਉਪਲਬਧੀਆਂ ਅੱਗੇ ਨੂੰ ਵੀ ਇਸੇ ਤਰ੍ਹਾਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਸਵੀਂ ਜਮਾਤ ਵਿੱਚੋਂ ਪਹਿਲੇ 10 ਟੌਪ ਕਰਨ ਵਾਲੇ ਵਿਦਿਆਰਥੀਆਂ ਨੂੰ ਐੱਸ.ਓ.ਈ. ਸਕੂਲਾਂ ਵਿੱਚ ਮੁਫਤ ਸਿੱਖਿਆ ਦਿੱਤੀ ਜਾਵੇਗੀ।
ਇਸ ਮੌਕੇ ਮੁੱਖ ਮੰਤਰੀ ਵੱਲੋਂ ਮਨੀ ਮਹੇਸ਼ ਸ਼ਰਮਾ ਨੂੰ ਭਵਿੱਖ ਵਿੱਚ ਕੀ ਬਣਨਾ ਹੈ, ਇਸ ਬਾਰੇ ਵੀ ਪੁੱਛਿਆ ਗਿਆ, ਜਿਸ ’ਤੇ ਮਨੀ ਮਹੇਸ਼ ਸ਼ਰਮਾ ਨੇ ਦੱਸਿਆ ਕਿ ਉਹ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਪਾਸ ਕਰਕੇ ਆਈ.ਪੀ.ਐੱਸ. ਅਧਿਕਾਰੀ ਬਣਨਾ ਚਾਹੁੰਦਾ ਹੈ।
ਇਸ ਮੌਕੇ ਮੁੱਖ ਮੰਤਰੀ ਵੱਲੋਂ ਮਨੀ ਮਹੇਸ਼ ਸ਼ਰਮਾ ਨੂੰ ਇੱਕ ਯਾਦਗਾਰੀ ਚਿੰਨ ਅਤੇ 50 ਹਜ਼ਾਰ ਰੁਪਏ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪੰਜਾਬ ਭਵਨ ਵਿਖੇ ਦੁਪਹਿਰ ਦਾ ਖਾਣਾ ਵੀ ਪਰੋਸਿਆ ਗਿਆ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਵਿਜੇ ਕੁਮਾਰ ਸ਼ਰਮਾ ਅਤੇ ਉਨ੍ਹਾਂ ਦੀ ਧਰਮ ਪਤਨੀ ਮੋਨਿਕਾ ਸ਼ਰਮਾ ਨੇ ਕਿਹਾ ਕਿ ਆਪਣੇ ਬੇਟੇ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਨਮਾਨਿਤ ਹੁੰਦੇ ਦੇਖ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ।
ਦੂਸਰੇ ਪਾਸੇ ਚਨੌਲੀ ਬੱਸੀ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼ਰਨਜੀਤ ਕੌਰ ਨੇ ਕਿਹਾ ਕਿ ਸਾਡੇ ਸਕੂਲ ਦੇ ਵਿਦਿਆਰਥੀ ਮਨੀ ਮਹੇਸ਼ ਸ਼ਰਮਾ ਦੀ ਇਹ ਬਹੁਤ ਵੱਡੀ ਉਪਲਬਧੀ ਹੈ, ਜਿਸ ਨੇ ਪੰਜਾਬ ਵਿੱਚੋਂ ਦੂਸਰੇ ਸਥਾਨ ’ਤੇ ਆ ਕੇ ਆਪਣੇ ਜ਼ਿਲ੍ਹੇ ਇਲਾਕੇ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਨਮਾਨਿਤ ਕਰਨ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਦੂਸਰੇ ਵਿਦਿਆਰਥੀਆਂ ਦੇ ਹੌਸਲੇ ਵੀ ਵਧਣਗੇ ਅਤੇ ਉਹ ਵੀ ਇਹ ਉਪਲਬਧੀ ਹਾਸਲ ਕਰਨ ਲਈ ਸਖਤ ਮਿਹਨਤ ਕਰਨਗੇ।