ਕਹਿਰ ਬਣ ਕੇ ਆਇਆ ਅਣਪਛਾਤਾ ਵਾਹਨ, ਸਮਾਜ ਸੇਵਾ ਸੋਸਾਇਟੀ ਨੇ ਤੁਰੰਤ ਪਹੁੰਚਾਇਆ ਹਸਪਤਾਲ ਪਰ ਨੌਜਵਾਨ ਹਾਰਿਆ ਜ਼ਿੰਦਗੀ ਦੀ ਜੰਗ
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸਮਾਜ ਸੇਵਾ ਸੋਸਾਇਟੀ ਦੇ ਮੈਂਬਰ ਬਿਨਾਂ ਦੇਰੀ ਕੀਤੇ ਮੌਕੇ ’ਤੇ ਪਹੁੰਚੇ। ਜ਼ਖ਼ਮੀ ਨੌਜਵਾਨ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਸੋਸਾਇਟੀ ਦੀ ਐਮਰਜੈਂਸੀ ਸੇਵਾ ਵਾਹਨ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਮੋਗਾ ਲਿਜਾਇਆ ਗਿਆ।
Publish Date: Thu, 08 Jan 2026 08:06 AM (IST)
Updated Date: Thu, 08 Jan 2026 08:10 AM (IST)
ਵਕੀਲ ਮਹਿਰੋਂ, ਮੋਗਾ: ਬਰਨਾਲਾ ਅੰਮ੍ਰਿਤਸਰ ਬਾਈਪਾਸ ’ਤੇ ਸਥਿਤ ਪਿੰਡ ਦੁਸਾਂਝ ਨੇੜੇ ਸਰਪੰਚ ਦੇ ਢਾਬੇ ਕੋਲ ਬੁੱਧਵਾਰ ਦੀ ਰਾਤ ਕਰੀਬ 12:30 ਵਜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਇੱਕ ਨੌਜਵਾਨ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਟੱਕਰ ਮਾਰਨ ਉਪਰੰਤ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸਮਾਜ ਸੇਵਾ ਸੋਸਾਇਟੀ ਦੇ ਮੈਂਬਰ ਬਿਨਾਂ ਦੇਰੀ ਕੀਤੇ ਮੌਕੇ ’ਤੇ ਪਹੁੰਚੇ। ਜ਼ਖ਼ਮੀ ਨੌਜਵਾਨ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਸੋਸਾਇਟੀ ਦੀ ਐਮਰਜੈਂਸੀ ਸੇਵਾ ਵਾਹਨ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਮੋਗਾ ਲਿਜਾਇਆ ਗਿਆ।
ਹਸਪਤਾਲ ਵਿੱਚ ਡਿਊਟੀ ’ਤੇ ਮੌਜੂਦ ਡਾਕਟਰਾਂ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਨੌਜਵਾਨ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਸਮਾਜ ਸੇਵਾ ਸੋਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਅਕਸਰ ਇਸ ਬਾਈਪਾਸ ’ਤੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਵਾਹਨ ਚਲਾਏ ਜਾਂਦੇ ਹਨ, ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੜਕ ’ਤੇ ਸਪੀਡ ਕੰਟਰੋਲ, ਸਟਰੀਟ ਲਾਈਟਾਂ ਅਤੇ ਪੁਲਿਸ ਨਾਕੇ ਲਗਾਏ ਜਾਣ ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਦੂਜੇ ਪਾਸੇ, ਪੁਲਿਸ ਵੱਲੋਂ ਮਾਮਲੇ ਦੀ ਜਾਣਕਾਰੀ ਮਿਲਣ ਉਪਰੰਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਣਪਛਾਤੇ ਵਾਹਨ ਦੀ ਭਾਲ ਲਈ ਨੇੜਲੇ ਇਲਾਕਿਆਂ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ।