ਪੁਲਿਸ ’ਤੇ ਫਾਇਰਿੰਗ ਕਰਨ ਵਾਲਿਆਂ ਨੂੰ ਪਿਸਤੌਲ ਦੇਣ ਵਾਲਾ ਗ੍ਰਿਫ਼ਤਾਰ
ਪੁਲਿਸ ’ਤੇ ਫਾਇਰਿੰਗ ਕਰਨ ਵਾਲਿਆਂ ਨੂੰ ਪਿਸਟਲ ਦੇਣ ਵਾਲਾ ਵੀ ਗ੍ਰਿਫ਼ਤਾਰ
Publish Date: Sun, 20 Apr 2025 07:42 PM (IST)
Updated Date: Sun, 20 Apr 2025 07:48 PM (IST)

- ਜਗਰਾਓਂ ’ਚ ਕੰਪਨੀ ਮੈਨੇਜਰ ਤੋਂ ਅਸਲੇ ਦੇ ਜ਼ੋਰ ’ਤੇ ਕਾਰ ਲੁੱਟਣ ਦਾ ਮਾਮਲਾ - ਕਾਰ ਲੁੱਟ ਕੇ ਭੱਜਦਿਆਂ ਪੁਲਿਸ ਨਾਲ ਹੋਈ ਸੀ ਮੁਠਭੇੜ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ’ਚ ਪਿਛਲੇ ਸਾਲ ਅਗਸਤ ਮਹੀਨੇ ’ਚ ਹਥਿਆਰਾਂ ਦੇ ਦਮ ’ਤੇ ਕਾਰ ਲੁੱਟ ਕੇ ਭੱਜੀ ਤਿਕੜੀ ਨੂੰ ਅਸਲਾ ਦੇਣ ਵਾਲਾ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਾਮਲੇ ਵਿਚ ਕਾਰ ਲੁੱਟਣ ਵਾਲੀ ਤਿਕੜੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਵਰਣਨਯੋਗ ਹੈ ਕਿ ਬੀਤੀ 25 ਅਗਸਤ 2024 ਦੀ ਰਾਤ ਕਰੀਬ 10 ਵਜੇ ਲੁੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ਤੇ ਮੋਗਾ ਸਾਈਡ ਸਥਿਤ ਪ੍ਰਦੇਸੀ ਢਾਬਾ ਵਿਖੇ ਬਾਇਓਸਟੈਂਡਟ ਇੰਡੀਆ ਲਿਮਟਿਡ ਕੰਪਨੀ ਦੇ ਮੈਨੇਜਰ ਅਨੁਜ ਮਲਿਕ ਪੁੱਤਰ ਦੇਵੇਨਦਰ ਕੁਮਾਰ ਵਾਸੀ ਬੇਅੰਤ ਨਗਰ ਮੋਗਾ ਰੋਟੀ ਖਾ ਕੇ ਮੋਗਾ ਜਾਣ ਲਈ ਕੰਪਨੀ ਦੀ ਵੈਗਨਾਰ ਕਾਰ ਨੰਬਰ ਪੀਬੀ 10ਐਚਆਰ 3023 ਵਿੱਚ ਜਾਣ ਲਈ ਬੈਠਾ ਹੀ ਸੀ ਕਿ ਕਾਰ ਦੀਆਂ ਪਿਛਲੀਆਂ ਸੀਟਾਂ ’ਤੇ ਦੋ ਨੌਜਵਾਨ ਆ ਕੇ ਬੈਠ ਗਏ, ਜਦਕਿ ਉਨ੍ਹਾਂ ਦਾ ਇੱਕ ਸਾਥੀ ਮੋਟਰਸਾਈਕਲ ’ਤੇ ਬਾਹਰ ਖੜ੍ਹ ਗਿਆ। ਕਾਰ ਦੀਆਂ ਪਿਛਲੀਆਂ ਸੀਟਾਂ ’ਤੇ ਬੈਠੇ ਦੋਵੇਂ ਵਿਅਕਤੀਆਂ ਨੇ ਮੈਨੇਜਰ ’ਤੇ ਪਿਸਤੌਲ ਤਾਣਦਿਆਂ ਉਸ ਨੂੰ ਧੱਕਾ ਮਾਰ ਕੇ ਬਾਹਰ ਕੱਢ ਦਿੱਤਾ ਅਤੇ ਕਾਰ ਭਜਾ ਕੇ ਲੈ ਗਏ। ਮੈਨੇਜਰ ਅਨੁਜ ਮਲਿਕ ਵੱਲੋਂ ਇਸ ਦੀ ਤੁਰੰਤ ਜਗਰਾਓਂ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ’ਤੇ ਜਗਰਾਓਂ ਸਬ ਡਵੀਜ਼ਨ ਦੇ ਡੀਐੱਸਪੀ ਜਸਯਜੋਤ ਸਿੰਘ, ਡੀਐੱਸਪੀ ਡੀ ਸੰਦੀਪ ਵਡੇਰਾ, ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਵੱਲੋਂ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ, ਜੋ ਕਿ ਬਰਨਾਲਾ ਜ਼ਿਲ੍ਹੇ ਵਿੱਚ ਦਾਖਲ ਹੋ ਗਏ। ਇਸ ਦੌਰਾਨ ਬਰਨਾਲਾ ਇਲਾਕੇ ਵਿਚ ਪੁਲਿਸ ਦਾ ਨਾਕਾ ਤੋੜਿਆ ਤਾਂ ਬਰਨਾਲਾ ਪੁਲਿਸ ਵੀ ਇਨ੍ਹਾਂ ਦੇ ਪਿੱਛੇ ਲੱਗ ਗਈ। ਦੋਵਾਂ ਵਿਚ ਫਾਇਰਿੰਗ ਹੋਈ। ਬਰਨਾਲਾ ਪੁਲਿਸ ਵੱਲੋਂ ਚਲਾਈ ਗੋਲੀ ਇੱਕ ਲੁਟੇਰੇ ਦੇ ਜਾ ਲੱਗੀ, ਜੋ ਕਾਰ ਛੱਡ ਕੇ ਆਪਣੇ ਦੋਵਾਂ ਸਾਥੀਆਂ ਨਾਲ ਫ਼ਰਾਰ ਹੋ ਗਏ ਸਨ। ਇਸ ’ਤੇ ਜਗਰਾਓਂ ਪੁਲਿਸ ਟੀਮ ਨੇ ਅਲੀਗੜ੍ਹ ਰੋਡ ਨੇੜੇ ਸ਼ਮਸ਼ਾਨਘਾਟ ਵਿਖੇ ਕਾਰ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਰਮਜੀਤ ਸਿੰਘ ਉਰਫ ਮੰਡੇਰ ਵਾਸੀ ਕੁਲਾਲ ਮਾਜਰਾ ਬਰਨਾਲਾ, ਭਗਵੰਤ ਸਿੰਘ ਉਰਫ ਕਾਲਾ ਵਾਸੀ ਕਾਲਸਾ ਰਾਏਕੋਟ ਅਤੇ ਹਰਜੋਤ ਸਿੰਘ ਉਰਫ ਜੋਤ ਵਾਸੀ ਐਤੀਆਣਾ ਸੁਧਾਰ ਨੂੰ ਗ੍ਰਿਫਤਾਰ ਕੀਤਾ ਸੀ। ਐਤਵਾਰ ਨੂੰ ਜਗਰਾਓਂ ਥਾਣਾ ਸਿਟੀ ਦੇ ਮੁਖੀ ਵਰਿੰਦਰਪਾਲ ਸਿੰਘ ਉੱਪਲ ਨੇ ਦੱਸਿਆ ਕਿ ਜਗਰਾਓਂ ਚੌਕੀ ਬੱਸ ਸਟੈਂਡ ਦੇ ਮੁਖੀ ਸੁਖਵਿੰਦਰ ਸਿੰਘ ਨੇ ਉਕਤ ਤਿੰਨਾਂ ਨੂੰ ਵਾਰਦਾਤ ਸਮੇਂ ਵਰਤਿਆ ਪਿਸਤੌਲ ਦੇਣ ਵਾਲੇ ਹੈਪੀ ਉਰਫ ਭੋਲਾ ਵਾਸੀ ਗਾਂਧੀ ਨਗਰ ਰਾਏਕੋਟ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਹੈਪੀ ਲੁੱਟਾਂ-ਖੋਹਾਂ ਕਰਨ ਦਾ ਆਦੀ ਹੈ। ਇਸ ਨੂੰ ਅਦਾਲਤ ’ਚ ਪੇਸ਼ ਕਰ ਕੇ ਦੋ ਦਿਨ ਦਾ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।