ਚੋਰੀ ਕਰਨ ਵਾਲੀਆਂ ਔਰਤਾਂ ਦੇ ਗੈਂਗ ਦਾ ਲੋਕਾਂ ਨੇ ਚਾੜ੍ਹਿਆ ਕੁਟਾਪਾ, ਬਾਜ਼ਾਰਾਂ 'ਚ ਲੋਕਾਂ ਨੂੰ ਬਣਾਉਂਦੀਆਂ ਸਨ ਨਿਸ਼ਾਨਾ
ਜਗਰਾਓਂ ਦੇ ਬਾਜ਼ਾਰਾਂ ’ਚ ਸ਼ਾਪਿੰਗ ਲਈ ਆਉਂਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਨਕਦੀ, ਮੋਬਾਈਲ ਅਤੇ ਹੋਰ ਸਾਮਾਨ ਚੋਰੀ ਕਰਨ ਵਾਲੀਆਂ ਔਰਤਾਂ ਦੇ ਗੈਂਗ ਨੂੰ ਅੱਜ ਆਖ਼ਿਰਕਾਰ ਜਨਤਾ ਨੇ ਖੁਦ ਹੀ ਜਾ ਫੜ੍ਹਿਆ। ਐਕਸ਼ਨ ਵਿਚ ਆਈ ਜਨਤਾ ਨੇ ਇਨ੍ਹਾਂ ਔਰਤਾਂ ਨੂੰ ਘੇਰਦਿਆਂ ਸ਼ਰੇਬਾਜ਼ਾਰ ਕੁਟਾਪਾ ਵੀ ਚਾੜ੍ਹਿਆ।
Publish Date: Sat, 06 Dec 2025 01:24 PM (IST)
Updated Date: Sat, 06 Dec 2025 01:26 PM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਬਾਜ਼ਾਰਾਂ ’ਚ ਸ਼ਾਪਿੰਗ ਲਈ ਆਉਂਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਨਕਦੀ, ਮੋਬਾਈਲ ਅਤੇ ਹੋਰ ਸਾਮਾਨ ਚੋਰੀ ਕਰਨ ਵਾਲੀਆਂ ਔਰਤਾਂ ਦੇ ਗੈਂਗ ਨੂੰ ਅੱਜ ਆਖ਼ਿਰਕਾਰ ਜਨਤਾ ਨੇ ਖੁਦ ਹੀ ਜਾ ਫੜ੍ਹਿਆ। ਐਕਸ਼ਨ ਵਿਚ ਆਈ ਜਨਤਾ ਨੇ ਇਨ੍ਹਾਂ ਔਰਤਾਂ ਨੂੰ ਘੇਰਦਿਆਂ ਸ਼ਰੇਬਾਜ਼ਾਰ ਕੁਟਾਪਾ ਵੀ ਚਾੜ੍ਹਿਆ।
ਵਰਣਨਯੋਗ ਹੈ ਕਿ ਜਗਰਾਓਂ ਦੇ ਮੁੱਖ ਬਾਜ਼ਾਰਾਂ ਵਿਚ ਔਰਤਾਂ ਦੇ ਇਸ ਗੈਂਗ ਦੇ ਕਾਰਨਾਮਿਆਂ ਤੋਂ ਆਮ ਲੋਕ ਅਤੇ ਦੁਕਾਨਦਾਰ ਡਾਹਢੇ ਪਰੇਸ਼ਾਨ ਸਨ। ਨਿੱਤ ਲੋਕਾਂ ਦੇ ਮੋਬਾਈਲ, ਪਰਸ ’ਚੋਂ ਨਕਦੀ ਅਤੇ ਸਾਮਾਨ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ। ਅੱਜ ਇਸ ਗੈਂਗ ਦੀ ਕਿਸਮਤ ਮਾੜੀ ਸੀ, ਗੈਂਗ ਨੇ ਮਿਥੀ ਯੋਜਨਾ ਅਨੁਸਾਰ ਦੋ ਵੱਖ ਵੱਖ ਥਾਵਾਂ ’ਤੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਇਆ ਤੇ ਦੋਵਾਂ ਥਾਵਾਂ ’ਤੇ ਹੀ ਇਹ ਗੈਂਗ ਰੰਗੇ ਹੱਥੀਂ ਕਾਬੂ ਆ ਗਿਆ। ਪਹਿਲਾਂ ਗੈਂਗ ਜਿਸ ਵਿਚ ਦੋ ਔਰਤਾਂ ਸਥਾਨਕ ਕਮਲ ਚੌਂਕ ਨੇੜੇ ਇਕ ਬਜ਼ੁਰਗ ਮਾਤਾ ਦੀ ਨਕਦੀ ਚੋਰੀ ਕਰ ਰਹੀਆਂ ਸਨ, ਜਿਸ ਨੂੰ ਬਜ਼ੁਰਗ ਮਾਤਾ ਨੇ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ। ਬਸ ਫਿਰ ਕੀ ਸੀ ਰੋਜ਼ ਦੀ ਘਟਨਾਵਾਂ ਤੋਂ ਅੱਕੇ ਦੁਕਾਨਦਾਰ ਇਕੱਠੇ ਹੋ ਗਏ। ਜਿਨ੍ਹਾਂ ਵਿਚ ਕੁਝ ਔਰਤਾਂ ਨੇ ਘੇਰੀਆਂ ਦੋਵਾਂ ਔਰਤਾਂ ਨੂੰ ਵਾਲਾਂ ਤੋਂ ਫੜਦਿਆਂ ਚੰਗਾ ਸਬਕ ਸਿਖਾਇਆ।
ਮੌਕੇ ’ਤੇ ਪੁਲਿਸ ਨੂੰ ਬੁਲਾਇਆ ਗਿਆ ਅਤੇ ਲੋਕਾਂ ਨੇ ਕਾਬੂ ਕੀਤੀਆਂ ਦੋਵਾਂ ਔਰਤਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਦੂਸਰੀ ਘਟਨਾ ਜਗਰਾਓਂ ਦੇ ਅਨਾਰਕਲੀ ਬਾਜ਼ਾਰ ਦੀ ਹੈ। ਜਿਥੇ ਇੱਕ ਕਰਿਆਨੇ ਦੀ ਦੁਕਾਨ ’ਤੇ ਐੱਨਆਰਆਈ ਮਹਿਲਾ ਸਾਮਾਨ ਖ਼ਰੀਦ ਰਹੀ ਸੀ। ਇਸੇ ਦੌਰਾਨ ਮੌਕੇ ਦੀ ਤਾੜ ਵਿਚ ਗੈਂਗ ਦੀਆਂ ਤਿੰਨ ਔਰਤਾਂ ਨੇ ਅੱਖ ਝਪਕਦੇ ਹੀ ਐੱਨਆਰਆਈ ਮਹਿਲਾ ਦੇ ਪਰਸ ਵਿਚੋਂ ਨਕਦੀ ਕੱਢ ਲਈ। ਨਕਦੀ ਥੱਲੇ ਡਿੱਗ ਪਈ ਅਤੇ ਔਰਤਾਂ ਦੀ ਚੋਰੀ ਫੜ੍ਹੀ ਗਈ। ਇਥੋਂ ਇਹ ਤਿੰਨੇ ਅੱਖ ਬਚਾ ਕੇ ਭੱਜ ਨਿਕਲੀਆਂ ਤਾਂ ਦੁਕਾਨਦਾਰਾਂ ਨੇ ਪਿੱਛਾ ਕਰਦਿਆਂ ਜਾ ਘੇਰੀਆਂ। ਇਨ੍ਹਾਂ ਦੀ ਵੀ ਸ਼ਰੇਬਾਜ਼ਾਰ ਚੰਗੀ ਸੁਰਤ ਸੰਵਾਰੀ ਗਈ। ਇਸ ਮੌਕੇ ਇਕੱਠੇ ਹੋਏ ਦੁਕਾਨਦਾਰਾਂ ਨੇ ਕਿਹਾ ਕਿ ਇਹ ਔਰਤਾਂ ਦਾ ਝੁੰਡ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਸੀ, ਨਿੱਤ ਗਾਹਕਾਂ ਦੇ ਮੋਬਾਈਲ, ਪਰਸ ਅਤੇ ਸਮਾਨ ਚੋਰੀ ਹੋ ਰਿਹਾ ਸੀ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਇਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।