Coronavirus : ਲੁਧਿਆਣਾ 'ਚ ਸਿਹਤ ਵਿਭਾਗ ਕੋਲ ਆਰਟੀਪੀਸੀਆਰ ਸੈਂਪਲਿੰਗ ਦੀਆਂ ਕਿੱਟਾਂ ਦੀ ਭਾਰੀ ਕਮੀ, ਸ਼ਹਿਰ ਵਾਸੀਆਂ 'ਚ ਆਕਸੀਜਨ ਸਿਲੰਡਰ ਖਰੀਦਣ ਦੀ ਲੱਗੀ ਹੋੜ
ਅੱਜ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 10 ਕੋਰੋਨਾ ਪੀਡ਼ਤ ਮਰੀਜ਼ਾਂ ਦੀ ਮੌਤ ਹੋਈ ਹੈ ਇਸ ਤੋਂ ਇਲਾਵਾ 2 ਮੌਤਾਂ ਜ਼ਿਲ੍ਹਾ ਜਲੰਧਰ, 1 ਮੌਤ ਜ਼ਿਲ੍ਹਾ ਸੰਗਰੂਰ, 1 ਮੌਤ ਉੱਤਰ ਪ੍ਰਦੇਸ ਅਤੇ 1 ਮੌਤ ਰਾਜ ਤਾਮਿਲਨਾਡੂ ਨਾਲ ਸਬੰਧਤ ਹੈ। ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 48214, ਬਾਹਰਲੇ ਜ਼ਿਲ੍ਹੇ ਨਾਲ ਸਬੰਧਤ ਪੀਡ਼ਤ ਮਰੀਜ਼ਾਂ ਦਾ ਅੰਕੜਾ 7227 ਹੋ ਗਿਆ ਹੈ।
Publish Date: Sat, 24 Apr 2021 07:39 PM (IST)
Updated Date: Sun, 25 Apr 2021 07:26 AM (IST)

ਬਸੰਤ ਸਿੰਘ ਰੋੜੀਆਂ, ਲੁਧਿਆਣਾ : ਕੋਰੋਨਾ ਵਾਇਰਸ ਦੇ ਕਾਰਨ ਜ਼ਿਲ੍ਹਾ ਲੁਧਿਆਣਾ ਵਿੱਚ ਹਾਹਾਕਾਰ ਮੱਚ ਗਈ ਹੈ । ਲੋਕਾਂ ਵੱਲੋਂ ਵਰਤੀ ਜਾਂਦੀ ਘੋਰ ਲਾਪ੍ਰਵਾਹੀ ਦੇ ਕਾਰਨ ਕੋਰੋਨਾ ਵਾਇਰਸ ਦਾ ਕਹਿਰ ਚਰਮਸੀਮਾ ਤੇ ਪਹੁੰਚ ਚੁੱਕਾ ਹੈ। ਅੱਜ ਕੋਰੋਨਾ ਦੇ 960 ਨਵੇਂ ਮਾਮਲੇ ਸਾਹਮਣੇ ਆਏ ਅਤੇ 15 ਮੌਤਾਂ ਲਈ ਸਿਹਤ ਵਿਭਾਗ ਵੱਲੋਂ ਪੁਸ਼ਟੀ ਕੀਤੀ ਗਈ ਹੈ।
ਸਿਵਲ ਸਰਜਨ ਲੁਧਿਆਣਾ ਡਾ. ਸੁਖਜੀਵਨ ਕੱਕੜ ਨੇ ਕੋਰੋਨਾ ਵਾਇਰਸ ਦੇ ਅੰਕਡ਼ਿਆਂ ਦੀ ਸਥਿਤੀ ਸਪਸ਼ਟ ਕਰਦਿਆਂ ਕਿਹਾ ਕਿ ਅੱਜ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਅੱਜ 15 ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ ਅਤੇ 960 ਨਵੇਂ ਮਾਮਲੇ ਸਾਹਮਣੇ ਆਏ ਹਨ ਇਨ੍ਹਾਂ ਮਾਮਲਿਆਂ ਵਿੱਚੋਂ 861 ਮਾਮਲੇ ਜ਼ਿਲ੍ਹਾ ਲੁਧਿਆਣਾ ਅਤੇ 99 ਮਾਮਲੇ ਬਾਹਰਲੇ ਜ਼ਿਲ੍ਹਿਆਂ ਅਤੇ ਰਾਜਾਂ ਨਾਲ ਸਬੰਧਿਤ ਹਨ। ਅੱਜ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 10 ਕੋਰੋਨਾ ਪੀਡ਼ਤ ਮਰੀਜ਼ਾਂ ਦੀ ਮੌਤ ਹੋਈ ਹੈ ਇਸ ਤੋਂ ਇਲਾਵਾ 2 ਮੌਤਾਂ ਜ਼ਿਲ੍ਹਾ ਜਲੰਧਰ, 1 ਮੌਤ ਜ਼ਿਲ੍ਹਾ ਸੰਗਰੂਰ, 1 ਮੌਤ ਉੱਤਰ ਪ੍ਰਦੇਸ ਅਤੇ 1 ਮੌਤ ਰਾਜ ਤਾਮਿਲਨਾਡੂ ਨਾਲ ਸਬੰਧਤ ਹੈ। ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 48214, ਬਾਹਰਲੇ ਜ਼ਿਲ੍ਹੇ ਨਾਲ ਸਬੰਧਤ ਪੀਡ਼ਤ ਮਰੀਜ਼ਾਂ ਦਾ ਅੰਕੜਾ 7227 ਹੋ ਗਿਆ ਹੈ।
ਅੱਜ ਤਕ 40304 ਕੋਰੋਨਾ ਪੀੜਤ ਮਰੀਜ਼ਾਂ ਨੇ ਕੋਰੋਨਾ ਵਾਇਰਸ ਤੇ ਜਿੱਤ ਪ੍ਰਾਪਤ ਕੀਤੀ ਹੈ। ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਕੋਰੋਨਾ ਮੌਤਾਂ ਦੀ ਗਿਣਤੀ 1290 ਬਾਹਰਲੇ ਜ਼ਿਲ੍ਹੇ ਨਾਲ ਸਬੰਧਤ ਕੋਰੋਨਾ ਪੀਡ਼ਤ ਮੌਤਾ ਦਾ ਅੰਕੜਾ 664 ਤਕ ਪਹੁੰਚ ਗਿਆ ਹੈ। ਸਿਹਤ ਵਿਭਾਗ ਵੱਲੋਂ ਅੱਜ 4821 ਸੈਂਪਲ ਜਾਂਚ ਲਈ ਭੇਜੇ ਗਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ 820 ਲੋਕਾਂ ਨੂੰ ਹੋਮ ਆਈਸੋਲੇਟ ਕੀਤਾ ਹੈ ਅਤੇ 720 ਕੋਰੋਨਾ ਪੀਡ਼ਤ ਮਰੀਜ਼ਾਂ ਨੂੰ ਹੋਮ ਕੁਆਰਨਟਾਈਨ ਕੀਤਾ ਹੈ ।
ਆਰਟੀ ਪੀਸੀਆਰ ਸੈਂਪਲ ਕਰਨ ਵਾਲੀਆਂ ਸਿਹਤ ਵਿਭਾਗ ਕੋਲ ਵਾਇਲਾਂ ਦੀ ਭਾਰੀ ਕਮੀ
ਕੋਰੋਨਾ ਦਾ ਪ੍ਰਕੋਪ ਜ਼ਿਲ੍ਹਾ ਲੁਧਿਆਣਾ ਵਿੱਚ ਇੰਨਾ ਵਧ ਗਿਆ ਹੈ ਕਿ ਸਿਹਤ ਵਿਭਾਗ ਕੋਲ ਕੋਰੋਨਾ ਦਾ ਟੈਸਟ ਕਰਨ ਵਾਲੀਆਂ ਵਇਲਾਂ ਵਿੱਚ ਭਾਰੀ ਕਮੀ ਆ ਗਈ ਹੈ ਜਿਸ ਕਾਰਨ ਸਿਹਤ ਵਿਭਾਗ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੈਪਿਡ ਟੈਸਟ ਕਰਕੇ ਹੀ ਡੰਗ ਟਪਾਇਆ ਜਾ ਰਿਹਾ ਹੈ । ਜਦ ਟੈਸਟ ਕਰਨ ਵਾਲੀਆਂ ਵਾਇਲਾਂ ਬਾਰੇ ਜ਼ਿਲ੍ਹਾ ਸਰਕਾਰੀ ਹਸਪਤਾਲ ਵਿਚ ਸੈਂਪਲਿੰਗ ਟੀਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਟੈਸਟ ਕਰਨ ਵਾਲੀਆਂ ਕਿੱਟਾਂ ਦੀ ਕਮੀ ਹੋਣ ਕਾਰਨ ਆਰਟੀਪੀਸੀਆਰ ਸੈਂਪਲ ਸੋਮਵਾਰ ਨੂੰ ਲੈ ਜਾਣਗੇ ਅੱਜ ਸਿਰਫ਼ ਰੈਪਿਡ ਟੈਸਟ ਹੀ ਕਰ ਰਹੇ ਹਾਂ।
ਸ਼ਹਿਰ ਵਾਸੀਆਂ ਵਿੱਚ ਆਕਸੀਜਨ ਸਿਲੰਡਰ ਖਰੀਦਣ ਦੀ ਲੱਗੀ ਭਾਰੀ ਹੋੜ
ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਨੂੰ ਮਰੀਜ਼ਾਂ ਦਾ ਆਕਸੀਜਨ ਲੈਵਲ ਕਾਫ਼ੀ ਘਟ ਜਾਂਦਾ ਹੈ ਜਿਸ ਕਾਰਨ ਮਰੀਜ਼ਾਂ ਨੂੰ ਹਰ ਸਮੇਂ ਆਕਸੀਜਨ ਸਿਲੰਡਰ ਦੀ ਜ਼ਰੂਰਤ ਹੁੰਦੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਂ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਕਿਸੇ ਨੂੰ ਵੀ ਨਿਜੀ ਸਿਲੰਡਰ ਦੀ ਜ਼ਰੂਰਤ ਨਹੀਂ ਹੈ ਅਤੇ ਏਜੰਸੀਆਂ ਨੂੰ ਵੀ ਕਿਹਾ ਗਿਆ ਹੈ ਕਿ ਕਿਸੇ ਨੂੰ ਸਿਲੰਡਰ ਨਾ ਦਿੱਤਾ ਜਾਵੇ ਪਰ ਸ਼ਹਿਰ ਵਾਸੀਆਂ ਵਿੱਚ ਨਿੱਜੀ ਗੈਸ ਸਲੰਡਰ ਖ਼ਰੀਦਣ ਦੀ ਭਾਰੀ ਹੋੜ ਲੱਗ ਚੁੱਕੀ ਹੈ ਜਿਸ ਕਾਰਨ ਏਜੰਸੀਆਂ ਨੇ ਗੈਸ ਸਿਲੰਡਰ ਦੇ ਰੇਟ ਦੁੱਗਣੇ ਕਰ ਦਿੱਤੇ ਹਨ ਦੁੱਗਣੀ ਕੀਮਤ ਦੇਣ ਤੇ ਵੀ ਸਿਲੰਡਰ ਮੁਹੱਈਆ ਨਹੀਂ ਹੋ ਰਿਹਾ। ਜਦ ਇਸ ਬਾਰ੍ਹੇ ਲੁਧਿਆਣਾ ਬਲੱਡ ਸੇਵਾ ਦੇ ਪ੍ਰਧਾਨ ਸਿਮਰ ਸਿੰਘ ਚੰਡੋਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਬੀਤੇ ਕਈ ਦਿਨਾਂ ਤੋਂ ਨਿੱਜੀ ਸਿਲੰਡਰ ਖਰੀਦਣ ਲਈ ਇੱਧਰ ਉੱਧਰ ਭੱਜ ਰਹੇ ਹਾਂ ਪਰ ਮੈਨੂੰ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਸਿਲੰਡਰ ਨਹੀਂ ਮਿਲ ਰਿਹਾ ਉਸ ਨੇ ਦੱਸਿਆ ਕਿ ਪਹਿਲਾਂ ਆਕਸੀਜਨ ਦਾ ਸਿਲੰਡਰ ਚਾਰ ਹਜ਼ਾਰ ਰੁਪਏ ਤੱਕ ਮਿਲ ਜਾਂਦਾ ਸੀ ਪਰ ਹੁਣ ਅੱਠ ਹਜ਼ਾਰ ਦਾ ਵੀ ਸਿਲੰਡਰ ਮਿਲ ਨਹੀਂ ਰਿਹਾ।
ਜ਼ਿਲ੍ਹੇ ਦੇ ਕਿਹੜੇ ਇਲਾਕੇ ਨਾਲ ਸਬੰਧਤ ਹੋਈਆਂ ਕੋਰੋਨਾ ਕਾਰਨ ਮੌਤਾ
ਸਿਵਲ ਸਰਜਨ ਲੁਧਿਆਣਾ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਅੱਜ 10 ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਰੌਣੀ ਦੀ ਰਹਿਣ ਵਾਲੀ 48 ਸਾਲਾ ਔਰਤ ਦੀ ਮੌਤ ਗੁਰੂ ਨਾਨਕ ਹਸਪਤਾਲ ਰਾੜਾ ਸਾਹਿਬ, ਰਾਜਗੁਰੂ ਨਗਰ ਦੇ ਰਹਿਣ ਵਾਲੇ 55 ਸਾਲਾ ਵਿਅਕਤੀ ਦੀ ਮੌਤ ਪੰਚਮ ਹਸਪਤਾਲ, ਸਰਾਭਾ ਨਗਰ ਦੇ ਰਹਿਣ ਵਾਲੇ 71 ਸਾਲਾ ਵਿਅਕਤੀ ਦੀ ਮੌਤ ਐਸਪੀਐਸ ਹਸਪਤਾਲ, ਕਿਦਵਈ ਨਗਰ ਦੇ ਰਹਿਣ ਵਾਲੇ 62 ਸਾਲਾ ਵਿਅਕਤੀ ਦੀ ਮੌਤ ਸੀਐਮਸੀ ਹਸਪਤਾਲ, ਗੁਰੂਦੇਵ ਨਗਰ ਦੀ ਰਹਿਣ ਵਾਲੀ 58 ਸਾਲਾ ਔਰਤ ਦੀ ਮੌਤ ਸੀਐਮਸੀ ਹਸਪਤਾਲ, ਬਾੜੇਵਾਲ ਦੀ ਰਹਿਣ ਵਾਲੀ 72 ਸਾਲਾ ਔਰਤ ਦੀ ਮੌਤ ਗਲੋਬਲ ਹਾਰਟ, ਸੈਕਟਰ 32 ਐੱਲਆਈਸੀ ਦੇ ਰਹਿਣ ਵਾਲੇ 78 ਸਾਲਾ ਵਿਅਕਤੀ ਦੀ ਮੌਤ ਮੋਹਨ ਦੇਈ ਕੈਂਸਰ ਹਸਪਤਾਲ, ਪ੍ਰੀਤ ਨਗਰ ਦੀ ਰਹਿਣ ਵਾਲੀ 58 ਸਾਲਾ ਔਰਤ ਦੀ ਮੌਤ ਕੈਂਸਰ ਹਸਪਤਾਲ, ਰਾਮ ਨਗਰ ਦੇ ਰਹਿਣ ਵਾਲੇ 55 ਸਾਲਾ ਵਿਅਕਤੀ ਦੀ ਮੌਤ ਸਿਵਲ ਹਸਪਤਾਲ, ਬੀਆਰਐਸ ਨਗਰ ਦੀ ਰਹਿਣ ਵਾਲੀ 65 ਸਾਲਾ ਔਰਤ ਦੀ ਮੌਤ ਸਿਵਲ ਹਸਪਤਾਲ ਲੁਧਿਆਣਾ ਵਿੱਚ ਹੋਈ ਹੈ।