ਨਸ਼ਿਆਂ ’ਤੇ ਨਿਰਭਰ ਵਿਅਕਤੀਆਂ ਨਾਲ ਕੀਤਾ ਜਾਵੇਗਾ ਸਿੱਧਾ ਸੰਪਰਕ : ਬਲਤੇਜ ਪਨੂੰ
ਨਸ਼ਾ ਮੁਕਤੀ ਮੋਰਚਾ ਵੱਲੋਂ ਨਸ਼ਿਆਂ ’ਤੇ ਨਿਰਭਰ ਵਿਅਕਤੀਆਂ ਨਾਲ ਸਾਧਿਆ ਜਾਵੇਗਾ ਸਿੱਧਾ ਸੰਪਰਕ : ਬਲਤੇਜ ਪਨੂੰ
Publish Date: Wed, 23 Apr 2025 08:20 PM (IST)
Updated Date: Thu, 24 Apr 2025 04:10 AM (IST)

- ਨਸ਼ਾਮੁਕਤੀ ਮੋਰਚੇ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਜਨਤਕ ਲਹਿਰ ਬਣਾਉਣ ਦਾ ਸੱਦਾ - ‘ਆਪ’ ਆਗੂ ਨੇ ਜੰਮੂ-ਕਸ਼ਮੀਰ ’ਚ ਹੋਏ ਅੱਤਵਾਦੀ ਹਮਲੇ ਦੀ ਜ਼ੋਰਦਾਰ ਸ਼ਬਦਾਂ ’ਚ ਕੀਤੀ ਨਿੰਦਾ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਨੇ ਪੰਜਾਬ ਵਾਸੀਆਂ ਖਾਸ ਕਰ ਕੇ ਨਸ਼ਿਆਂ ’ਤੇ ਨਿਰਭਰ ਵਿਅਕਤੀਆਂ ਤੱਕ ਸਿੱਧੀ ਪਹੁੰਚ ਲਈ ਮਈ ਮਹੀਨੇ ਦੌਰਾਨ ਸੂਬੇ ਭਰ ’ਚੋਂ ਨਸ਼ਿਆਂ ਦੀ ਲਾਹਨਤ ਨੂੰ ਖ਼ਤਮ ਕਰਨ ਲਈ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਇੱਥੇ ਸਰਕਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਸ਼ਾ ਮੁਕਤੀ ਮੋਰਚਾ ਦੇ ਮੁੱਖ ਬੁਲਾਰੇ ਬਲਤੇਜ ਸਿੰਘ ਪਨੂੰ ਨੇ ਦੱਸਿਆ ਕਿ ਮਈ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕੀਤੀ ਜਾ ਰਹੀ ਇਸ ਵਿਆਪਕ ਮੁਹਿੰਮ ਤਹਿਤ ਮੋਰਚੇ ਦੇ ਮੈਂਬਰਾਂ ਵੱਲੋਂ ਪਹਿਲੇ ਪੜਾਅ ਦੌਰਾਨ ਪਿੰਡਾਂ ’ਚ ਹਰ ਘਰ ਤੱਕ ਪਹੁੰਚ ਕੀਤੀ ਜਾਵੇਗੀ ਤੇ ਇਸ ਉਪਰੰਤ ਕਸਬਿਆਂ ਤੇ ਸ਼ਹਿਰਾਂ ’ਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੇ ਇਸ ਦੇ ਖ਼ਤਰਿਆਂ ਬਾਰੇ ਜਾਣੂੰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਿੱਧੇ ਸੰਪਰਕ ਦੌਰਾਨ ਨਸ਼ਿਆਂ ਤੋਂ ਪ੍ਰਭਾਵਿਤ ਲੋਕਾਂ ਨੂੰ ਉਨ੍ਹਾਂ ਦੇ ਇਲਾਜ ਤੇ ਮੁੜ ਵਸੇਬੇ ’ਚ ਸਹਾਇਤਾ ਕੀਤੀ ਜਾਵੇਗੀ ਤਾਂ ਜੋ ਉਹ ਨਸ਼ਿਆਂ ਦੀ ਦਲਦਲ ’ਚੋਂ ਬਾਹਰ ਆ ਸਕਣ। ਪਨੂੰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਾ ਛੁਡਾਉਣ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਇਸ ਲਈ ਨਸ਼ਿਆਂ ਤੇ ਨਿਰਭਰ ਵਿਅਕਤੀ ਇਲਾਜ ਕਰਵਾ ਕੇ ਸਮਾਜ ਦੀ ਮੁੱਖ ਧਾਰਾ ’ਚ ਮੁੜ ਤੋਂ ਸ਼ਾਮਲ ਹੋਣ ਦਾ ਮੌਕਾ ਪ੍ਰਾਪਤ ਕਰ ਸਕਦੇ ਹਨ। ਪਨੂੰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਪਿੰਡਾਂ ਦੀਆਂ ਸਾਂਝੀਆਂ ਥਾਵਾਂ ’ਤੇ ਨੁੱਕੜ ਨਾਟਕਾਂ ਰਾਹੀਂ ਨਸ਼ਿਆਂ ਦੇ ਗੰਭੀਰ ਮੁੱਦੇ ’ਤੇ ਚਾਨਣਾ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀਆਂ ਨੂੰ ਇਲਾਜ ਦੀ ਲੋੜ ਹੋਵੇਗੀ, ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ’ਚ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ, ਪਿੰਡਾਂ ਦੀਆਂ ਅਤਿ ਆਧੁਨਿਕ ਲਾਈਬ੍ਰੇਰੀਆਂ, ਖੇਡ ਮੈਦਾਨਾਂ ਤੇ ਜਿੰਮਾਂ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਕਿਸੇ ਵੀ ਪਾਰਟੀ ਜਾਂ ਸਰਕਾਰ ਨਾਲ ਸਬੰਧਤ ਨਾ ਹੋ ਕੇ ਹਰੇਕ ਪੰਜਾਬੀ ਦੀ ਮੁਹਿੰਮ ਹੋਵੇਗੀ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ’ਚ ਵੱਡੀ ਗਿਣਤੀ ’ਚ ਸਰਕਾਰ ਨਾਲ ਮੋਢੇ ਨਾਲ ਮੋਢਾ ਮਿਲਾਉਂਦਿਆਂ ਇਸ ਨੂੰ ਜਨਤਕ ਮੁਹਿੰਮ ’ਚ ਬਦਲਿਆ ਜਾਵੇ। ਇਸ ਤੋਂ ਪਹਿਲਾਂ ਪਨੂੰ ਵੱਲੋਂ ਜੰਮੂ ਤੇ ਕਸ਼ਮੀਰ ਦੇ ਪਹਿਲਗਾਮ ਵਿਖੇ ਯਾਤਰੀਆਂ ’ਤੇ ਹੋਏ ਵਹਿਸ਼ੀਆਨਾ ਹਮਲੇ ਦੀ ਜ਼ੋਰਦਾਰ ਸ਼ਬਦਾਂ ’ਚ ਨਿਖੇਧੀ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸੁਰੱਖਿਅਤ ਹੱਥਾਂ ’ਚ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਅਮਨ-ਅਮਾਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਮੁੱਢਲੀ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸੂਬੇ ’ਚ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਖ਼ਰਾਬ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਜਲੰਧਰ ਇੰਚਾਰਜ ਅਤੁੱਲ ਅਗਨੀਹੋਤਰੀ, ਹੁਸ਼ਿਆਰਪੁਰ ਇੰਚਾਰਜ ਸਤਵੰਤ ਸਿੰਘ, ਕਪੂਰਥਲਾ ਇੰਚਾਰਜ ਪ੍ਰਦੀਪ ਥਿੰਦ, ਇੰਚਾਰਜ ਸ਼ਹੀਦ ਭਗਤ ਸਿੰਘ ਨਗਰ ਸੇਠੀ ਉਦੋਵਾਲ ਤੋਂ ਸਖਸ਼ੀਅਤਾਂ ਵੀ ਹਾਜ਼ਰ ਸਨ।