ਸਾਈਂ ਜੀ 5 ਦਸੰਬਰ 2005 ਈਸਵੀ ਨੂੰ ਅਕਾਲ ਚਲਾਣਾ ਕਰ ਗਏ। ਉਪਰੰਤ ਗੁਲਾਮ ਬਾਕੀ ਬਾਬਾ ਬਿੱਲੇ ਸ਼ਾਹ ਕਾਦਰੀ ਪੰਜਵੇਂ ਗੱਦੀਨਸ਼ੀਨ ਬਣੇ ਅਤੇ 22 ਮਈ 2009 ਈਸਵੀ ਨੂੰ ਪਰਲੋਕ ਗਮਨ ਹੋ ਗਏ...

ਲੇਖ ਰਾਜ ਕੁਲਥਮ, ਬਹਿਰਾਮ : ਦੋਆਬਾ ਦਾ ਅਮੀਰ ਧਾਰਮਿਕ ਵਿਰਤੀ ਵਾਲਾ ਪਿੰਡ ਮੰਢਾਲੀ ਹੈ ਜਿੱਥੇ ਰੋਜ਼ਾ ਸ਼ਰੀਫ ਸੁਸ਼ੋਭਿਤ ਹੈ। ਇਥੇ ਇਕ ਸਾਲ ਵਿਚ ਦੋ ਵੱਡੇ ਮੇਲੇ ਲਗਦੇ ਹਨ। ਇਕ ਸਯਦ ਉਲ ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਦੀ ਯਾਦ ਵਿਚ 29 ਜੂਨ ਤੋਂ 3 ਜੁਲਾਈ ਤੱਕ ਤੇ ਦੂਜਾ ਸਾਬਰ ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਦੀ ਯਾਦ ਵਿਚ 12 ਦਸੰਬਰ ਤੋਂ 14 ਦਸੰਬਰ ਤੱਕ ਮੇਲੇ ਮਨਾਏ ਜਾਂਦੇ ਹਨ। ਮੇਲਿਆਂ ਕਰ ਕੇ ਹੀ ਪਿੰਡ ਮੰਢਾਲੀ ਦੇਸ਼ ਤੇ ਵਿਦੇਸ਼ ਵਿਚ ਮਸ਼ਹੂਰ ਹੈ।
ਰੋਜ਼ਾ ਸ਼ਰੀਫ ਦੇ ਇਤਿਹਾਸ ਅਨੁਸਾਰ ਸਯਦ ਉਲ ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਯਾਤਰਾ ਕਰਦੇ ਹੋਏ ਤਾਰਾਗੜ੍ਹ ਤੇ ਫਿਲੌਰ ਤੋਂ ਹੁੰਦੇ ਹੋਏ ਪਿੰਡ ਮੰਢਾਲੀ ਪਹੁੰਚੇ ਜਿੱਥੇ ਉਨ੍ਹਾਂ ਇਕ ਕੁਟੀਆ ਬਣਾ ਕੇ ਡੇਰਾ ਲਾ ਲਿਆ। ਬਾਬਾ ਜੀ ਦਾ ਜਨਮ 1795 ਈਸਵੀ ਨੂੰ ਬਗਦਾਦ ਵਿਖੇ ਹੋਇਆ। ਸੰਗਤ ਵਧਦੀ ਗਈ ਤੇ ਬਾਬਾ ਜੀ ਨੇ ਹੌਲੀ-ਹੌਲੀ ਰੋਜ਼ਾ ਬਣਾ ਲਿਆ। ਬਾਬਾ ਜੀ ਸੰਗਤ ਨੂੰ ਪਰਮਾਤਮਾ ਨਾਲ ਜੋੜਦੇ ਰਹੇ। ਅੰਤ ਸਮੇਂ ਬਾਬਾ ਜੀ 1919 ਈਸਵੀ ਨੂੰ ਪਰਲੋਕ ਸਿਧਾਰ ਗਏ। ਰੋਜ਼ਾ ਸ਼ਰੀਫ ਮੰਢਾਲੀ ਦੂਜੇ ਗੱਦੀਨਸ਼ੀਨ ਬਣੇ ਜੋ ਕਿ 1947 ਵਿਚ ਵੰਡ ਵੇਲੇ ਪਾਕਿਸਤਾਨ ਚਲੇ ਗਏ।
ਇਸ ਮੌਕੇ ਸਾਬਤ ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਨੂੰ ਤੀਸਰੇ ਗੱਦੀਨਸ਼ੀਨ ਥਾਪਿਆ ਗਿਆ ਜਿਨ੍ਹਾਂ ਦਾ ਜਨਮ 1 ਜਨਵਰੀ 1900 ਈਸਵੀ ਨੂੰ ਹੋਇਆ। ਦਾਤਾ ਜੀ ਦੇ ਸਬੰਧ ਵਿਚ ਦੱਸਿਆ ਜਾਂਦਾ ਹੈ ਕਿ ਇਕ ਬੇਔਲਾਦ ਮੁਰੀਦ ਨੇ ਰੋਜ਼ਾ ਸਰੀਫ ਮੰਢਾਲੀ ਆ ਕੇ ਔਲਾਦ ਲਈ ਦੁਆ ਕੀਤੀ। ਕੁਝ ਸਮਾਂ ਪਾ ਕੇ ਮੁਰੀਦ ਦੀ ਦੁਆ ਕਬੂਲ ਹੋ ਗਈ। ਉਸ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ। ਇਕ ਪੁੱਤਰ ਨੂੰ ਬਾਬਾ ਅਬਦੁੱਲਾ ਸ਼ਾਹ ਕਾਦਰੀ ਕੋਲ ਸੇਵਾ ਲਈ ਛੱਡ ਦਿੱਤਾ। ਉਸ ਤੋਂ ਬਾਅਦ ਸਾਬਰ ਦਾਤਾ ਅਲੀ ਅਹਿਮਦ ਕਾਦਰੀ ਅਖਵਾਏ। ਦਾਤਾ ਜੀ 1950 ਈਸਵੀ ਵਿਚ ਹਜ਼ਰਤ ਬਾਬਾ ਗੁਲਾਮ ਮੁਹੰਮਦ ਸ਼ਾਹ ਕਾਦਰੀ ਬੰਗਿਆਂ ਵਾਲੀ ਸਰਕਾਰ ਦੀ ਸੇਵਾ ਵਿਚ ਆਏ। ਉਨ੍ਹਾਂ ਨੇ ਦਾਤਾ ਜੀ ਦੀਆਂ ਬਹੁਤ ਪ੍ਰੀਖਿਆਵਾਂ ਲਈਆਂ। ਦਾਤਾ ਜੀ ਨੇ ਆਪਣੇ ਰਹਿਬਰ ਦਾ ਹੁਕਮ ਏਕਮ ਭਾਣਾ ਮੰਨ ਕੇ ਹਰ ਕਾਰਜ ਕੀਤਾ। ਦਾਤਾ ਜੀ ਨੇ 1976 ਈਸਵੀ ਵਿਚ ਆਪਣੇ ਭਾਣਜੇ ਭਜਨ ਸ਼ਾਹ ਨੂੰ ਨੌਕਰੀ ਤੋਂ ਹਟਾ ਕੇ ਰੋਜ਼ਾ ਸ਼ਰੀਫ ਦੀ ਸੇਵਾ-ਸੰਭਾਲ ਲਈ ਬੁਲਾ ਲਿਆ। ਦਾਤਾ ਜੀ ਨੇ ਆਪਣੇ ਸਮੇਂ ਦੌਰਾਨ ਰੋਜ਼ਾ ਸ਼ਰੀਫ ਨੂੰ ਬਹੁਤ ਖ਼ੂਬਸੂਰਤ ਬਣਾਇਆ ਤੇ ਨਾਂ ਰੌਸ਼ਨ ਕੀਤਾ। ਦਾਤਾ ਜੀ 1985 ਵਿਚ ਰੋਜ਼ਾ ਸ਼ਰੀਫ ਦੇ ਚੌਥੇ ਗੱਦੀਨਸ਼ੀਨ ਸਾਈਂ ਭਜਨ ਕਾਦਰੀ ਨੂੰ ਥਾਪ ਕੇ ਖ਼ੁਦ ਵਫਾਤ ਪਾ ਗਏ। ਸਾੲੀਂ ਨੇ ਵੀ ਡੇਰੇ ਦੀ ਤਨ, ਮਨ ਨਾਲ ਸੇਵਾ ਕੀਤੀ।
ਸਾਈਂ ਜੀ 5 ਦਸੰਬਰ 2005 ਈਸਵੀ ਨੂੰ ਅਕਾਲ ਚਲਾਣਾ ਕਰ ਗਏ। ਉਪਰੰਤ ਗੁਲਾਮ ਬਾਕੀ ਬਾਬਾ ਬਿੱਲੇ ਸ਼ਾਹ ਕਾਦਰੀ ਪੰਜਵੇਂ ਗੱਦੀਨਸ਼ੀਨ ਬਣੇ ਅਤੇ 22 ਮਈ 2009 ਈਸਵੀ ਨੂੰ ਪਰਲੋਕ ਗਮਨ ਹੋ ਗਏ। ਇਸ ਉਪਰੰਤ ਵੱਖ ਵੱਖ ਡੇਰਿਆਂ ਦੇ ਮਹਾਪੁਰਸ਼ਾਂ ਪਿੰਡ ਮੰਢਾਲੀ ਦੀ ਗਰਾਮ ਪੰਚਾਇਤ ਅਤੇ ਇਲਾਕੇ ਦੀਆਂ ਸੰਗਤਾਂ ਦੀ ਹਾਜ਼ਰੀ ਵਿਚ 8 ਜੁਲਾਈ 2009 ਨੂੰ ਕਮਲਜੀਤ ਕੌਰ ਬੈਂਸ ਨੇ ਸਾਈਂ ਉਮਰੇ ਸ਼ਾਹ ਕਾਦਰੀ ਦੀ ਦਸਤਾਰਬੰਦੀ ਕਰ ਕੇ ਰੋਜ਼ਾ ਸ਼ਰੀਫ ਦੇ ਛੇਵੇਂ ਗੱਦੀਨਸ਼ੀਨ ਥਾਪ ਕੇ ਸੇਵਾ ਸੌਂਪੀ ਜਿਨ੍ਹਾਂ ਦੀ ਰਹਿਨੁਮਾਈ ਹੇਠ ਸਾਬਰ ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਦਾ ਸਾਲਾਨਾ 38ਵਾਂ ਜੋੜ ਮੇਲਾ 12 ਤੋਂ 14 ਦਸੰਬਰ ਤੱਕ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਦੌਰਾਨ ਦੇਸ਼-ਵਿਦੇਸ਼ ਤੋਂ ਸੰਗਤਾਂ ਸਿਜਦਾ ਕਰਨ ਆਉਣਗੀਆਂ। 12 ਦਸੰਬਰ ਨੂੰ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਜਾਵੇਗੀ ਤੇ ਰਾਤ ਨੂੰ ਕੱਵਾਲ ਪ੍ਰੋਗਰਾਮ ਪੇਸ਼ ਕਰਨਗੇ। 13 ਦਸੰਬਰ ਨੂੰ ਪੰਜਾਬ ਦੇ ਮਸ਼ਹੂਰ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ ਅਤੇ 14 ਦਸੰਬਰ ਨੂੰ ਦਾਤਾ ਦੀ ਮਜ਼ਾਰ ਉੱਤੇ ਚਾਦਰ ਦੀ ਰਸਮ ਕੀਤੀ ਜਾਵੇਗੀ। ਸਾੲੀਂ ਉਮਰੇ ਸ਼ਾਹ ਦੀ ਕਾਦਰੀ ਸੰਗਤਾਂ ਦੇ ਨਾਲ ਅੱਲ੍ਹਾ ਅੱਗੇ ਦੁਆ ਕਰ ਕੇ ਸਰਬੱਤ ਦਾ ਭਲਾ ਮੰਗਣ ਉਪਰੰਤ ਮੇਲਾ ਸਮਾਪਤ ਹੋ ਜਾਵੇਗਾ। ਸਾਰੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।