ਇਸ ਸਬੰਧੀ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਅੱਤਵਾਦ ਦੇ ਕਾਲ਼ੇ ਦੌਰ ਦੌਰਾਨ ਕੇਂਦਰ ਸਰਕਾਰ ਵੱਲੋਂ ਇਜ਼ਰਾਇਲ ਵਿੱਚ ਲਾਈ ਗਈ ਕੰਡਿਆਲੀ ਤਾਰ ਨੂੰ ਮੁੱਖ ਰੱਖਦਿਆਂ ਕੇਂਦਰ ਸਰਕਾਰ ਵੱਲੋਂ 1987 ਵਿੱਚ ਪੰਜਾਬ ਦੀ ਸਰਹੱਦ ਤੇ ਕੰਡਿਆਲੀ ਤਾਰ ਲਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਅਤੇ ਸਾਲ 1989-90 ਵਿੱਚ ਕੰਡਿਆਲੀ ਤਾਰ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ: ਕਰੀਬ ਸਾਢੇ ਤਿੰਨ ਦਹਾਕੇ ਪਹਿਲਾਂ ਪਾਕਿਸਤਾਨ ਤੋਂ ਹਥਿਆਰਾਂ ਦੀ ਟ੍ਰੇਨਿੰਗ ਲੈ ਕੇ ਭਾਰਤੀ ਹੱਦ ਪਾਰ ਕਰ ਕੇ ਪੰਜਾਬ ਵਿਚ ਦਾਖਲ ਹੋਣ ਵਾਲੇ ਦੇਸ਼ ਵਿਰੋਧੀ ਅਨਸਰਾਂ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਦੇ ਮਨੋਰਥ ਨਾਲ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ’ਤੇ ਲਾਈ ਗਈ ਕੰਡਿਆਲੀ ਤਾਰ ਦਾ ਨਵੀਨੀਕਰਨ ਕਰਦਿਆਂ ਐਂਟੀ ਕੱਟ, ਐਂਟੀ ਰੈਸਟ ਕੰਡਿਆਲੀ ਤਾਰ ਨੂੰ ਤੇਜ਼ੀ ਨਾਲ ਲਾਇਆ ਜਾ ਰਿਹਾ ਹੈ।
ਇਸ ਸਬੰਧੀ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਅੱਤਵਾਦ ਦੇ ਕਾਲ਼ੇ ਦੌਰ ਦੌਰਾਨ ਕੇਂਦਰ ਸਰਕਾਰ ਵੱਲੋਂ ਇਜ਼ਰਾਇਲ ਵਿੱਚ ਲਾਈ ਗਈ ਕੰਡਿਆਲੀ ਤਾਰ ਨੂੰ ਮੁੱਖ ਰੱਖਦਿਆਂ ਕੇਂਦਰ ਸਰਕਾਰ ਵੱਲੋਂ 1987 ਵਿੱਚ ਪੰਜਾਬ ਦੀ ਸਰਹੱਦ ਤੇ ਕੰਡਿਆਲੀ ਤਾਰ ਲਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਅਤੇ ਸਾਲ 1989-90 ਵਿੱਚ ਕੰਡਿਆਲੀ ਤਾਰ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਕਿਸਾਨਾਂ ਨੇ ਦੱਸਿਆ ਕਿ ਉਸ ਸਮੇਂ ਭਾਰਤ ਸਰਕਾਰ ਵੱਲੋਂ ਸਰਹੱਦੀ ਕਿਸਾਨਾਂ ਦੀ 44 ਫੁੱਟ ਜ਼ਮੀਨ ਅਕਵਾਇਰ ਕਰ ਕੇ 22 ਫੁੱਟ ਦਾ ਪਹਿਲਾ ਟਰੈਕ, 14 ਫੁੱਟ ਦਾ ਕੈਟਲ ਟਰੈਕ ਅਤੇ ਅੱਠ ਫੁੱਟ ਵਿੱਚ ਟਰੈਕ, 8 ਫੁੱਟ ਚੌੜੀ ਅਤੇ 10 ਫੁੱਟ ਉੱਚੀ ਕੰਡਿਆਲੀ ਤਾਰ ਲਾਈ ਗਈ ਸੀ। ਉਸ ਸਮੇਂ ਇਸ ਤਾਰ ਵਿੱਚ ਕੋਬਰਾ ਵਾਇਰ, ਬਾਰਵਡ ਵਾਇਰ ਅਤੇ ਇਸ ਕੰਡਿਆਲੀ ਤਾਰ ਵਿੱਚ ਕਰੰਟ ਵੀ ਛੱਡਿਆ ਜਾਂਦਾ ਸੀ। ਇਸ ਤੋਂ ਇਲਾਵਾ ਇਸ ਕੰਡਿਆਲੀ ਤਾਰ ਨੂੰ ਚਾਰ-ਚਾਰ ਇੰਚ ਵਿੱਚ ਲਾਉਣ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਕੋਬਰਾ ਵਾਇਰ ਵੀ ਲਾਈ ਗਈ ਸੀ ਪਰੰਤੂ ਦੇਸ਼ ਵਿਰੋਧੀ ਅਨਸਰਾਂ ਵੱਲੋਂ ਇਸ ਕੰਡਿਆਲੀ ਤਾਰ ਰਾਹੀਂ ਪਲਾਸਟਿਕ ਦੇ ਪਾਈਪਾਂ ਰਾਹੀਂ ਹੈਰੋਇਨ ਦੀ ਪੈਕਟਾਂ ਨੂੰ ਭਾਰਤੀ ਖੇਤਰ ਵਿੱਚ ਭੇਜਿਆ ਜਾਂਦਾ ਰਿਹਾ ਜਿਸ ਨੂੰ ਸਮੇਂ-ਸਮੇਂ ਤੇ ਬੀਐੱਸਐੱਫ ਵੱਲੋਂ ਫੜਨ ਵਿੱਚ ਵੀ ਸਫਲਤਾ ਕੀਤੀ ਅਤੇ ਇਸ ਕੰਡਿਆਲੀ ਤਾਰ ਲੱਗਣ ਤੋਂ ਬਾਅਦ ਪਾਕਿਸਤਾਨ ਤੋਂ ਆਉਣ ਵਾਲੇ ਤਸਕਰਾਂ ਅਤੇ ਅੱਤਵਾਦੀਆਂ ਨੂੰ ਠੱਲ੍ਹ ਪੈਣ ਤੇ ਪੰਜਾਬ ਦਾ ਮਾਹੌਲ ਸ਼ਾਂਤ ਹੋਇਆ ਸੀ।
ਜਾਣਕਾਰੀ ਅਨੁਸਾਰ ਇਸ ਵੇਲੇ ਪੰਜਾਬ ਭਰ ਦੇ ਵੱਖ-ਵੱਖ ਬੀਐੱਸਐੱਫ ਦੇ ਸੈਕਟਰਾਂ ਤੋਂ ਇਲਾਵਾ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ 116 ਕਿਲੋਮੀਟਰ ਕਰੀਬ ਕੌਮਾਂਤਰੀ ਸਰਹੱਦ ’ਤੇ ਜਿਥੇ ਕਈ ਥਾਵਾਂ ਤੇ ਵਹਿੰਦੇ ਰਾਵੀ ਦਰਿਆ ਨਾਲ ਸਬੰਧਤ ਭਾਰਤ ਪਾਕਿਸਤਾਨ ਦੀ ਆਈਬੀ ਨੇੜੇ ਕੇਂਦਰ ਸਰਕਾਰ ਨੇ ਕੰਡਿਆਲੀ ਤਾਰ ਲਾਈ ਗਈ ਸੀ ਜਦਕਿ ਇਸ ਸਮੇਂ ਸੈਕਟਰ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ ਦਾ ਦਾਇਰਾ 138 ਕਿਲੋਮੀਟਰ ਹੋ ਚੁੱਕਾ ਹੈ ਤੇ ਕੰਡਿਆਲੀ ਤਾਰ ਲਾਈ ਗਈ ਸੀ ਕਿਉਂਕਿ ਅੱਤਵਾਦ ਦੌਰਾਨ ਪਾਕਿਸਤਾਨ ਤੋਂ ਅੱਤਵਾਦੀਆਂ ਵੱਲੋਂ ਲਿਆਦੇ ਜਾਣ ਵਾਲੇ ਹਥਿਆਰਾਂ ਦੀ ਸਪਲਾਈ ਨੂੰ ਠੱਲ੍ਹ ਪਈ ਸੀ। ਭਾਰਤ ਸਰਕਾਰ ਨੇ ਕਿਸਾਨਾਂ ਦੀ ਮੰਗ ਤੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੇ ਬਟਾਲੀਅਨ ਦੀਆਂ ਵੱਖ-ਵੱਖ ਬਟਾਲੀਅਨ ਦੇ ਖੇਤਰ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ 2014 ਵਿੱਚ ਆਈਬੀ ਤੇ ਆਧੁਨਿਕ ਢੰਗ ਨਾਲ ਕੰਢਿਆਲੀ ਤਾਰ ਲਾਉਣ ਦਾ ਨਿਰਮਾਣ ਬੀਐੱਸਐੱਫ ਦੀ ਨਿਗਰਾਨੀ ਹੇਠ ਜੰਗੀ ਪੱਧਰ ਤੇ ਕਰਵਇਆ ਸੀ। ਇਹ ਕੰਡਿਆਲੀ ਲਾਉਣ ਉਪਰੰਤ ਸਮੇਂ ਸਮੇਂ ਤੇ ਰਾਵੀ ਦਰਿਆ ਦੇ ਪਾਣੀ ਕਾਰਨ ਆਏ ਹੜ੍ਹਾ ਤੋਂ ਇਲਾਵਾ ਇਸ ਕੰਡਿਆਲੀ ਤਾਰ ਨੂੰ ਜੰਗ ਲੱਗਣ ਕਾਰਨ ਇਸ ਦੀ ਸਮੇਂ ਸਮੇਂ ਤੇ ਰਿਪੇਅਰ ਕਰਨ ਤੋਂ ਇਲਾਵਾ ਇਸ ਦੇ ਟਰੈਕ ਵਿੱਚੋਂ ਸਰਕੰਡਾ ਤੇ ਹੋਰ ਜੰਗਲੀ ਬੂਟੀ ਵੀ ਹੱਥਾਂ ਨਾਲ ਸਫਾਈ ਕਰਨ ਜਾਂ ਦਵਾਈਆਂ ਦਾ ਛਿੜਕਾਅ ਕਰਨਾ ਪੈਂਦਾ ਸੀ।
ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੀਲ ਕਰਨ ਦੇ ਮਨੋਰਥ ਨਾਲ ਪਿਛਲੇ ਸਮੇਂ ਤੋਂ ਪੰਜਾਬ ਦੀ ਕੌਮਾਂਤਰੀ ਸਰਹੱਦ ਤੇ ਸਮਾਰਟ ਫੈਂਸੀ ਕੰਡਿਆਲੀ ਤਾਰ ਜਿਸ ਨੂੰ ਐਂਟੀ ਕੱਟ ਐਂਟੀ ਰੈਸਟ ਫੈਂਸਿੰਗ ਵੀ ਕਿਹਾ ਜਾਂਦਾ ਹੈ ਲਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਾਈ ਜਾ ਰਹੀ ਸਮਾਰਟ ਫੈਂਸਿੰਗ ਕੰਡਿਆਲੀ ਤਾਰ ਜਿਸ ਨੂੰ ਕੱਟਣਾ ਮੁਸ਼ਕਿਲ ਹੈ ਉਥੇ ਇਸ ਨੂੰ ਜੰਗਾਲ ਵੀ ਨਹੀਂ ਲੱਗਦਾ। ਇਸ ਫੈਂਸਿੰਗ ਤਾਰ ਦੀ ਉਚਾਈ ਜੋ ਪਹਿਲਾਂ 10 ਫੁੱਟ ਸੀ ਨੂੰ 12 ਫੁੱਟ ਕਰ ਦਿੱਤਾ ਗਿਆ ਹੈ। ਇਹ ਸਿੰਗਲ ਫੈਂਸਿੰਗ ਜਿਸ ਨੂੰ ਗਲਵਾ ਨਾਈਜ ਵਾਇਰ ਸਟੀਲੀ ਜਾਲੀ ਵਾਲੀ ਤਾਰ ਵੀ ਕਿਹਾ ਜਾਂਦਾ ਲਾਈ ਜਾ ਰਹੀ ਹੈ। ਇਸ ਉੱਪਰ ਕਨਸਟਰ ਟੀਨਾ, ਕੋਵੈਲ ਦਾ ਰੋਲ ਵੀ ਲਗਾਇਆ ਜਾ ਰਿਹਾ ਹੈ। ਇੱਥੇ ਦੱਸਣ ਯੋਗ ਹੈ ਕਿ ਇਸ ਜਾਲੀਦਾਰ ਸਮਾਰਟ ਫੈਂਸਿੰਗ ਵਿੱਚੋਂ ਦੋ ਉਗਲਾਂ ਤੋਂ ਵੱਧ ਮੋਟੀ ਚੀਜ਼ ਕਰਾਸ ਨਹੀਂ ਕਰ ਸਕਦੀ ਇਹ ਤਾਰ ਲੱਗਣ ਨਾਲ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬੇ ਫੇਲ ਹੋ ਕੇ ਰਹਿ ਜਾਣਗੇ। ਬੀਐੱਸਐੱਫ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਮਾਰਟ ਫੈਂਸਿੰਗ ਤੇ ਪੀਟੀਜ਼ੈੱਡ ਕੈਮਰੇ, ਸੀਸੀਟੀਵੀ ਕੈਮਰੇ, ਗਰਾਊਂਡ ਸੈਂਸਿੰਗ ਸਿਸਟਮ ਵੀ ਲਗਾਏ ਜਾਣਗੇ।
ਕੰਡਿਆਲੀ ਤਾਰ ਆਈਬੀ ਨੇੜੇ ਜਾਣ ਨਾਲ ਕਿਸਾਨਾਂ ਨੂੰ ਮਿਲੀ ਵੱਡੀ ਰਾਹਤ
ਸਰਹੱਦੀ ਪਿੰਡ ਰੋਸੇ, ਚੰਦੂ ਵਡਾਲਾ ਦੇ ਨੰਬਰਦਾਰ ਜਗੀਰ ਸਿੰਘ, ਕੁਲਬੀਰ ਸਿੰਘ, ਗੁਰਬਖਸ਼ ਸਿੰਘ ਬਲਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਕੰਡਿਆਲੀ ਤਾਰ ਆਈਬੀ ਦੇ ਕਰੀਬ 150 ਗਜ਼ ਨੇੜੇ ਜਾਣ ਕਾਰਨ ਉਨ੍ਹਾਂ ਦੀ ਸੈਕੜੇ ਏਕੜ ਜ਼ਮੀਨ ਕੰਡਿਆਲੀ ਤਾਰ ਤੋਂ ਬਾਹਰ ਆ ਗਈ ਹੈ। ਇਸ ਕਾਰਨ ਉਨ੍ਹਾਂ ਨੂੰ ਆਪਣੇ ਖੇਤਾਂ ਵਿਚ ਕੰਮ ਕਰਨ ਸਮੇਂ ਉਨ੍ਹਾਂ ਦੇ ਸਮੇਂ ਦੀ ਬੱਚਤ ਹੋ ਰਹੀ ਹੈ। ਇਸ ਤੋਂ ਇਲਾਵਾਂ ਫਸਲਾਂ ਦੀ ਕਟਾਈ ਲਈ ਸਮੇਂ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਮਜ਼ਦੂਰਾਂ ਦੇ ਗੇਟ ਪਾਸ ਬਣਾਉਣੇ ਪੈਂਦੇ ਸਨ। ਹੁਣ ਕੰਡਿਆਲੀ ਤਾਰ ਤੋਂ ਪਾਰ ਜ਼ਮੀਨੀ ਰਕਬਾ ਘੱਟ ਜਾਣ ਕਾਰਨ ਮਜ਼ਦੂਰ ਵੀ ਘੱਟ ਲੈ ਜਾਣੇ ਪੈਂਦੇ ਹਨ। ਇਸ ਤੋਂ ਇਲਾਵਾ ਪਾਕਿਸਤਾਨ ਦੀ ਬੰਜਰ ਜ਼ਮੀਨ ਅਤੇ ਰਾਵੀ ਦਰਿਆਂ ਕਾਰਨ ਪਹਿਲਾਂ ਜੋ ਜੰਗਲੀ ਜਾਨਵਰ ਉਨ੍ਹਾਂ ਦੀਆਂ ਫਸਲਾਂ ਨੂੰ ਤਬਾਹ ਕਰਦੇ ਸਨ ਉਸ ਤੋਂ ਵੀ ਰਾਹਤ ਮਿਲੀ ਹੈ। ਕਿਸਾਨਾਂ ਨੇ ਕਿਹਾ ਕਿ ਬੀਐੱਸਐੱਫ ਦੇ ਸਹਿਯੋਗ ਨਾਲ ਹੀ ਕੇਂਦਰ ਸਰਕਾਰ ਵੱਲੋਂ ਕੰਡਿਆਲੀ ਤਾਰ ਆਈਬੀ ਦੇ ਨੇੜੇ ਜਾਣ ਕਾਰਨ ਸਰਹੱਦੀ ਕਿਸਾਨਾਂ ਖੁਸ਼ੀ 'ਚ ਬਾਗੋਬਾਗ ਹਨ।
ਇੱਕ ਵੀ ਪੈਸਾ ਮੁਆਵਜ਼ੇ ਵੱਜੋਂ ਪ੍ਰਾਪਤ ਨਹੀਂ ਹੋਇਆ : ਰੋਸੇ
ਇਸ ਮੌਕੇ ਸਰਹੱਦੀ ਖੇਤਰ ਦੇ ਅਗਾਂਹਵਧੂ ਕਿਸਾਨ ਸਰਪੰਚ ਪ੍ਰਭਸ਼ਰਨ ਸਿੰਘ ਰੋਸੇ ਨੇ ਦੱਸਿਆ ਕਿ ਉਹਨਾਂ ਦੀਆਂ ਜ਼ਮੀਨਾਂ ਵਿੱਚ ਦੋ ਵਾਰ ਕੰਡਿਆਲੀ ਤਾਰ ਲਈ 44- 44 ਫੁੱਟ ਤੇ ਆਈਬੀ ਲਈ 12 ਫੁੱਟ ਜ਼ਮੀਨ ਅਕਵਾਇਰ ਕੀਤੀ ਸੀ ਪਰੰਤੂ ਉਹਨਾਂ ਦੀਆਂ ਜ਼ਮੀਨਾਂ ਦਾ ਇੱਕ ਵੀ ਪੈਸਾ ਮੁਆਵਜ਼ੇ ਵੱਜੋਂ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸਾਨਾਂ ਵੱਲੋਂ ਮਾਨਯੋਗ ਅਦਾਲਤ ਵਿਚ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਈਬੀ ਲਈ ਐਕਵਾਇਰ ਕੀਤੀ ਜ਼ਮੀਨ ਦੇ ਪੈਸੇ ਪੰਜਾਬ ਸਰਕਾਰ ਨੂੰ ਜਾਰੀ ਕੀਤੇ ਗਏ ਸਨ ਪਰੰਤੂ ਕਿਸਾਨਾਂ ਨੂੰ ਅਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਦਾ ਮੁਆਵਜ਼ਾ ਨਹੀਂ ਮਿਲਿਆ। ਉਨਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।