ਪੰਜਾਬ ਭਰ ਦੇ ਅਧਿਆਪਕ 19 ਨੂੰ ਸਾਬਿਤ ਕਰਨਗੇ ਆਪਣੀ ਯੋਗਤਾ, ਅਧਿਆਪਕ ਜਥੇਬੰਦੀਆਂ ਤੇ ਸੂਬਾ ਸਰਕਾਰ ਵਿਚਾਲੇ ਗੱਲਬਾਤ ਨਹੀਂ ਲੱਗੀ ਸਿਰੇ
ਅਧਿਆਪਕਾਂ ਦੀ ਯੋਗਤਾ ਸਾਬਤ ਕਰਨ ਲਈ ਸੂਬਾ ਸਰਕਾਰ ਵੱਲੋਂ ਚੰਡੀਗੜ੍ਹ ’ਚ ਰੱਖੇ ਟੈਸਟ ਕਾਰਨ ਅਧਿਆਪਕਾਂ ਵਿੱਚ ਬੇਚੈਨੀ ਅਤੇ ਗੁੱਸਾ ਸਾਫ ਵੇਖਣ ਨੂੰ ਮਿਲ ਰਿਹਾ ਹੈ । ਅਧਿਆਪਕਾਂ ਦਾ ਕਹਿਣਾ ਹੈ ਕਿ ਜੇ ਕਰ ਸਰਕਾਰ ਅਧਿਆਪਕਾਂ ਦਾ ਟੈਸਟ ਲੈਣ ਲਈ ਬਜ਼ਿੱਦ ਹੀ ਸੀ ਤਾਂ ਉਨ੍ਹਾਂ ਦੇ ਇਹ ਟੈਸਟ ਉਨ੍ਹਾਂ ਦੇ ਆਪਣੇ ਜ਼ਿਲ੍ਹਿਆਂ ਜਾਂ ਗੁਆਂਢੀ ਜ਼ਿਲ੍ਹਿਆਂ ਵਿੱਚ ਵੀ ਲਏ ਜਾ ਸੱਕਦੇ ਸੀ।
Publish Date: Fri, 17 Apr 2026 08:28 AM (IST)
Updated Date: Fri, 17 Apr 2026 08:30 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ‘ਅਧਿਆਪਕ ਯੋਗਤਾ ਟੈਸਟ’ (ਟੈਟ) ਨੂੰ ਲੈ ਕੇ ਅਧਿਆਪਕ ਜਥੇਬੰਦੀਆਂ ਅਤੇ ਸਰਕਾਰ ਵਿਚਾਲੇ ਗੱਲਬਾਤ ਕਿਸੇ ਸਿਰੇ ਨਾ ਲੱਗਣ ਤੋਂ ਬਾਅਦ ਹੁਣ ਐਤਵਾਰ 19 ਅਪ੍ਰੈਲ ਨੂੰ ਪੰਜਾਬ ਭਰ ਦੇ ਅਧਿਆਪਕ ਆਪਣੀ ਯੋਗਤਾ ਸਾਬਿਤ ਕਰਨਗੇ। ਅਧਿਆਪਕਾਂ ਦੀ ਯੋਗਤਾ ਸਾਬਤ ਕਰਨ ਲਈ ਸੂਬਾ ਸਰਕਾਰ ਵੱਲੋਂ ਚੰਡੀਗੜ੍ਹ ’ਚ ਰੱਖੇ ਟੈਸਟ ਕਾਰਨ ਅਧਿਆਪਕਾਂ ਵਿੱਚ ਬੇਚੈਨੀ ਅਤੇ ਗੁੱਸਾ ਸਾਫ ਵੇਖਣ ਨੂੰ ਮਿਲ ਰਿਹਾ ਹੈ । ਅਧਿਆਪਕਾਂ ਦਾ ਕਹਿਣਾ ਹੈ ਕਿ ਜੇ ਕਰ ਸਰਕਾਰ ਅਧਿਆਪਕਾਂ ਦਾ ਟੈਸਟ ਲੈਣ ਲਈ ਬਜ਼ਿੱਦ ਹੀ ਸੀ ਤਾਂ ਉਨ੍ਹਾਂ ਦੇ ਇਹ ਟੈਸਟ ਉਨ੍ਹਾਂ ਦੇ ਆਪਣੇ ਜ਼ਿਲ੍ਹਿਆਂ ਜਾਂ ਗੁਆਂਢੀ ਜ਼ਿਲ੍ਹਿਆਂ ਵਿੱਚ ਵੀ ਲਏ ਜਾ ਸੱਕਦੇ ਸੀ। ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਪਠਾਨਕੋਟ ਜਿਹੇ ਸਰਹੱਦੀ ਜ਼ਿਲ੍ਹਿਆਂ ਤੋਂ ਚੰਡੀਗੜ੍ਹ ਦੀ ਦੂਰੀ 250 ਤੋਂ 300 ਕਿੱਲੋਮੀਟਰ ਦੇ ਕਰੀਬ ਬਣਦੀ ਹੈ। ਅਜਿਹੇ ਵਿੱਚ ਟੈਟ ਦੇ ਦੋਵੇਂ ਪੇਪਰ ਦੇਣ ਜਾਣ ਵਾਲਿਆਂ ਨੂੰ ਇੱਕ ਦਿਨ ਪਹਿਲੋਂ ਹੀ ਚੰਡੀਗੜ੍ਹ ਜਾਣਾ ਪਵੇਗਾ। ਪੰਜਾਬ ਭਰ ਦੇ ਅਧਿਆਪਕਾਂ ਦੀਆਂ ਗੱਡੀਆਂ ਚੰਡੀਗੜ੍ਹ ਦੇ ਰੂਟ ’ਤੇ ਹੋਣ ਕਾਰਨ ਐਤਵਾਰ ਨੂੰ ਚੰਡੀਗੜ੍ਹ ਪਹੁੰਚਨ ਵਿਚ ਜਿਥੇ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਸੱਕਦਾ ਹੈ ,ਉਥੇ ਆਮ ਦਿਨਾਂ ਨਾਲੋਂ ਜ਼ਿਆਦਾ ਗੱਡੀਆਂ ਹੋਣ ਕਾਰਣ ਸਮਾਂ ਵੀ ਜ਼ਿਆਦਾ ਲੱਗ ਸੱਕਦਾ ਹੈ। ਅੰਦਾਜਨ ਇਕ-ਇਕ ਅਧਿਆਪਕ ਦਾ ਪੰਜ ਤੋਂ ਸੱਤ ਹਜ਼ਾਰ ਰੁਪਏ ਖਰਚਾ ਆਉਣ ਦੀ ਸੰਭਾਵਨਾ ਹੈ।
ਅਧਿਆਪਕ ਜਥੇਬੰਦੀਆਂ ਅਤੇ ਸੂਬਾ ਸਰਕਾਰ ਵਿਚਾਲੇ ਗੱਲਬਾਤ ਪੂਰੀ ਤਰ੍ਹਾਂ ਫੇਲ੍ਹ ਹੋਣ ਤੋਂ ਖ਼ਫਾ ਅਧਿਆਪਕ ਆਗੂ ਮਲਕੀਤ ਸਿੰਘ ਜੋਸਨ ਅਤੇ ਸਰਬਜੀਤ ਸਿੰਘ ਭਾਵੜਾ ਨੇ ਸਖ਼ਤ ਲਹਿਜ਼ੇ ਵਿੱਚ ਦੋਸ਼ ਲਾਇਆ ਕਿ ਸਰਕਾਰ ਜਾਣ-ਬੁੱਝ ਕੇ ਅਧਿਆਪਕਾਂ ਨੂੰ ਖੱਜਲ-ਖੁਆਰ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਇਸ ਤੋਂ ਇਲਾਵਾ, ਟੈਟ ਲਈ ਅਧਿਆਪਕਾਂ ਤੋਂ ਲਈ ਜਾ ਰਹੀ ਫੀਸ ਨੇ ਵੀ ਅਧਿਆਪਕਾਂ ਵਿੱਚ ਰੋਸ ਵਧਾਇਆ ਹੈ।
ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਸਿੱਖਿਆ ਦੇ ਅਧਿਕਾਰ ਕਾਨੂੰਨ ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਦੀ ਯੋਗਤਾ ’ਤੇ ਹੁਣ ਸਵਾਲ ਖੜ੍ਹੇ ਕਰਨਾ ਨਿਰਾਧਾਰ ਤੇ ਅਨਿਆਂਪੂਰਨ ਹੈ।