ਡੀਜੀਪੀ ਵਿਜੀਲੈਂਸ ਦੇ ਰੀਡਰ ਓਪੀ ਰਾਣਾ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ, ਸੀਬੀਆਈ ਅਦਾਲਤ ਦਾ ਵੱਡਾ ਫ਼ੈਸਲਾ, 20 ਲੱਖ ਰੁਪਏ ਰਿਸ਼ਵਤ ਮਾਮਲੇ ’ਚ ਅਹਿਮ ਭੂਮਿਕਾ ਦੇ ਦੋਸ਼
ਛਾਪੇਮਾਰੀ ਵਾਲੇ ਦਿਨ ਓਪੀ ਰਾਣਾ ਸੀਬੀਆਈ ਟੀਮ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ। ਇਸੇ ਮਾਮਲੇ ਵਿੱਚ ਮਲੋਟ ਨਿਵਾਸੀ ਵਿਕਾਸ ਗੋਇਲ ਉਰਫ਼ ਵਿਕੀ ਨੂੰ ਵੀ ਅਦਾਲਤ ਤੋਂ ਅੰਤਰਿਮ ਜ਼ਮਾਨਤ ਨਹੀਂ ਮਿਲੀ। ਵਿਕਾਸ ਗੋਇਲ ਨੇ ਆਪਣੀ ਅਰਜ਼ੀ ਵਿੱਚ ਦਿਲ, ਲੀਵਰ ਅਤੇ ਰੀੜ੍ਹ ਦੀ ਹੱਡੀ ਨਾਲ ਸਬੰਧਤ ਗੰਭੀਰ ਬਿਮਾਰੀਆਂ ਦਾ ਹਵਾਲਾ ਦਿੱਤਾ ਸੀ। ਉਸ ਦੇ ਵਕੀਲ ਕੇਪੀ ਸਿੰਘ ਨੇ ਦਲੀਲ ਦਿੱਤੀ ਕਿ ਗੋਇਲ ਨੂੰ ਲਗਾਤਾਰ ਮਾਹਰ ਡਾਕਟਰਾਂ ਦੀ ਦੇਖਭਾਲ ਦੀ ਲੋੜ ਹੈ।
Publish Date: Thu, 21 May 2026 10:02 PM (IST)
Updated Date: Thu, 21 May 2026 10:03 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਦੇ ਚਰਚਿਤ ਰਿਸ਼ਵਤ ਕਾਂਡ ਮਾਮਲੇ ਵਿੱਚ ਡੀਜੀਪੀ ਵਿਜੀਲੈਂਸ ਦੇ ਰੀਡਰ ਓਪੀ ਰਾਣਾ ਨੂੰ ਵੱਡਾ ਝਟਕਾ ਲੱਗਿਆ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਓਪੀ ਰਾਣਾ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਮਾਮਲੇ ਵਿੱਚ ਉਸ ਦੀ ਗ੍ਰਿਫ਼ਤਾਰੀ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਸੀਬੀਆਈ ਪਹਿਲਾਂ ਹੀ ਅਦਾਲਤ ਵਿੱਚ ਦਾਅਵਾ ਕਰ ਚੁੱਕੀ ਹੈ ਕਿ 20 ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿੱਚ ਓਪੀ ਰਾਣਾ ਨੇ ਕਿਹਾ ਸੀ ਕਿ “13 ਲੱਖ ਸਾਹਿਬ ਨੂੰ ਜਾਣੇ ਹਨ।”
ਜਾਣਕਾਰੀ ਅਨੁਸਾਰ ਛਾਪੇਮਾਰੀ ਵਾਲੇ ਦਿਨ ਓਪੀ ਰਾਣਾ ਸੀਬੀਆਈ ਟੀਮ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ। ਇਸੇ ਮਾਮਲੇ ਵਿੱਚ ਮਲੋਟ ਨਿਵਾਸੀ ਵਿਕਾਸ ਗੋਇਲ ਉਰਫ਼ ਵਿਕੀ ਨੂੰ ਵੀ ਅਦਾਲਤ ਤੋਂ ਅੰਤਰਿਮ ਜ਼ਮਾਨਤ ਨਹੀਂ ਮਿਲੀ। ਵਿਕਾਸ ਗੋਇਲ ਨੇ ਆਪਣੀ ਅਰਜ਼ੀ ਵਿੱਚ ਦਿਲ, ਲੀਵਰ ਅਤੇ ਰੀੜ੍ਹ ਦੀ ਹੱਡੀ ਨਾਲ ਸਬੰਧਤ ਗੰਭੀਰ ਬਿਮਾਰੀਆਂ ਦਾ ਹਵਾਲਾ ਦਿੱਤਾ ਸੀ। ਉਸ ਦੇ ਵਕੀਲ ਕੇਪੀ ਸਿੰਘ ਨੇ ਦਲੀਲ ਦਿੱਤੀ ਕਿ ਗੋਇਲ ਨੂੰ ਲਗਾਤਾਰ ਮਾਹਰ ਡਾਕਟਰਾਂ ਦੀ ਦੇਖਭਾਲ ਦੀ ਲੋੜ ਹੈ।
ਇਹ ਮਾਮਲਾ 11 ਮਈ ਨੂੰ ਸਾਹਮਣੇ ਆਇਆ ਸੀ, ਜਦੋਂ ਸੀਬੀਆਈ ਨੇ ਪੰਜਾਬ ਵਿਜੀਲੈਂਸ ਵਿੱਚ ਚੱਲ ਰਹੇ ਰਿਸ਼ਵਤ ਦੇ ਵੱਡੇ ਖੇਡ ਦਾ ਪਰਦਾਫਾਸ਼ ਕੀਤਾ ਸੀ। ਮਲੋਟ ਵਿੱਚ ਤੈਨਾਤ ਸਟੇਟ ਟੈਕਸ ਅਧਿਕਾਰੀ ਅਮਿਤ ਕੁਮਾਰ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 20 ਲੱਖ ਰੁਪਏ ਅਤੇ 1.86 ਲੱਖ ਰੁਪਏ ਦਾ ਮੋਬਾਈਲ ਮੰਗਿਆ ਜਾ ਰਿਹਾ ਸੀ।
ਅਮਿਤ ਕੁਮਾਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸੀਬੀਆਈ ਨੇ ਟ੍ਰੈਪ ਲਗਾ ਕੇ ਵਿਕਾਸ ਗੋਇਲ, ਉਸ ਦੇ ਪੁੱਤਰ ਰਾਘਵ ਗੋਇਲ ਅਤੇ ਡਰਾਈਵਰ ਅੰਕਿਤ ਵਾਧਵਾ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਓਪੀ ਰਾਣਾ ਦੀ ਭੂਮਿਕਾ ਵੀ ਸਾਹਮਣੇ ਆਈ ਸੀ।