ਅੰਮ੍ਰਿਤਸਰ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦਾ ਪਿੰਡ ਕਠਾਣੀਆਂ 1984 ਸੰਨ ’ਚ ਹੋਂਦ ਵਿਚ ਆਇਆ ਸੀ। ਪਰ ਪਿੰਡ ਦਾ ਮੁੱਢ ਬੱਝਣ ਤੋਂ ਲੈ ਕੇ ਹੁਣ ਤੱਕ ਇਸ ਪਿੰਡ ਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਪਿੰਡ ਵਿਚ ਕੋਈ ਸਰਕਾਰੀ ਡਿਸਪੈਂਸਰੀ ਨਹੀਂ ਹੈ ਨਾ ਹੀ ਕੋਈ ਪਸ਼ੂ ਹਸਪਤਾਲ ਹੈ
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ: ਪਿੰਡ, ਸ਼ਹਿਰ ਜਾਂ ਕਸਬੇ ਉਹੋ ਹੀ ਖੁਸ਼ਹਾਲ ਹੁੰਦੇ ਹਨ ਜੋ ਬੁਨਿਆਦੀ ਸਹੂਲਤਾਂ ਤੋਂ ਰਤਾ ਵੀ ਸੱਖਣੇ ਨਾ ਹੋਣ, ਪਰ ਪੰਜਾਬ ਦਾ ਇਕ ਪਿੰਡ ਅਜਿਹਾ ਵੀ ਹੈ ਜੋ ਪਿਛਲੇ 42 ਵਰ੍ਹਿਆਂ ਤੋਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਿਹਾ ਹੈ ਤੇ ਸਰਕਾਰ ਦੀ ਨਜ਼ਰ ਇਸ ਪਿੰਡ ’ਤੇ ਦਸਵੇਂ ਦਹਾਕੇ ਵੀ ਸਵੱਲੀ ਹੁੰਦੀ ਨਜ਼ਰ ਨਹੀਂ ਆ ਰਹੀ। ਅੰਮ੍ਰਿਤਸਰ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦਾ ਪਿੰਡ ਕਠਾਣੀਆਂ 1984 ਸੰਨ ’ਚ ਹੋਂਦ ਵਿਚ ਆਇਆ ਸੀ। ਪਰ ਪਿੰਡ ਦਾ ਮੁੱਢ ਬੱਝਣ ਤੋਂ ਲੈ ਕੇ ਹੁਣ ਤੱਕ ਇਸ ਪਿੰਡ ਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਪਿੰਡ ਵਿਚ ਕੋਈ ਸਰਕਾਰੀ ਡਿਸਪੈਂਸਰੀ ਨਹੀਂ ਹੈ ਨਾ ਹੀ ਕੋਈ ਪਸ਼ੂ ਹਸਪਤਾਲ ਹੈ। ਇਥੋਂ ਤੱਕ ਕਿ ਪਿੰਡ ਵਿਚ ਕੋਈ ਸ਼ਮਸ਼ਾਨਘਾਟ ਵੀ ਨਹੀਂ ਹੈ ਜਦ ਵੀ ਇਸ ਪਿੰਡ ਵਿਚ ਕੋਈ ਅਣਹੋਣੀ ਵਾਪਰਦੀ ਹੈ ਤਾਂ ਪਿੰਡ ਵਾਸੀ ਮੁਰਦੇ ਦਾ ਸਸਕਾਰ ਬੇਗਾਨੇ ਪਿੰਡ ਦੇ ਸ਼ਮਸ਼ਾਨਘਾਟ ਵਿਚ ਕਰ ਕੇ ਆਉਂਦੇ ਹਨ। ਪੀਣ ਵਾਲੇ ਸਾਫ ਪਾਣੀ ਦੀ ਟੈਂਕੀ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਪਿੰਡ ਵਿਚ ਕੋਈ ਪੰਚਾਇਤ ਘਰ ਹੈ। ਛੱਪੜ ਅਤੇ ਫਿਰਨੀ ਆਦਿ ਹੋਰ ਬੁਨਿਆਦੀ ਸਹੂਲਤਾਂ ਤੋਂ ਬਿਲਕੁਲ ਸੱਖਣੇ ਇਸ ਪਿੰਡ ਵਿਚ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਅੱਜ ਤੱਕ ਕੋਈ ਸਾਰ ਨਹੀਂ ਲਈ। ਅੰਮ੍ਰਿਤਸਰ ਤੋਂ ਵਾਹਘਾ ਬਾਰਡਰ ਨੂੰ ਜਾਂਦੀ ਅੰਤਰਰਾਸ਼ਟਰੀ ਸੜਕ ਦੇ ਕੰਢੇ ’ਤੇ ਵੱਸੇ ਪਿੰਡ ਕਠਾਣੀਆਂ ਦੇ ਮੌਜੂਦਾ ਸਰਪੰਚ ਗੁਰਮੀਤ ਕੌਰ ਹਨ। ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀ ਧਰਮ ਸਿੰਘ ਸ਼ਾਹ, ਅੰਗਰੇਜ ਸਿੰਘ, ਰੇਸ਼ਮ ਸਿੰਘ, ਨਿਰਮਲ ਸਿੰਘ, ਗੁਰਮੇਜ ਸਿੰਘ, ਰੋਸ਼ਨ ਸਿੰਘ, ਮੇਜਰ ਸਿੰਘ, ਸਾਹਿਬ ਸਿੰਘ ਅਤੇ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਪੁਰਖਿਆਂ ਦਾ ਪਿੰਡ ਕਠਾਣੀਆਂ ਜੋ ਕਿ 1400 ਏਕੜ ਜਮੀਨ ’ਚ ਵੱਸਿਆ ਹੋਇਆ ਸੀ ਆਰਮੀ ਵਿਚ ਆਉਣ ਕਰਕੇ ਉੱਜੜ ਗਿਆ ਸੀ ਅਤੇ 1984 ਸੰਨ ਵਿਚ ਅੰਤਰਰਾਸ਼ਟਰੀ ਸੜਕ ਦੇ ਪਾਰਲੇ ਪਾਸੇ ਇਸੇ ਪਿੰਡ ਦੀ ਲੱਗਭਗ 75 ਏਕੜ ਜਮੀਨ ਵਿਚ ਇਸ ਕਠਾਣੀਆਂ ਪਿੰਡ ਦਾ ਮੁੜ ਮੁੱਢ ਬੱਝਾ ਸੀ ਅਤੇ ਮਰਹੂਮ ਪ੍ਰਸਿੱਧ ਨੇਤਾ ਕਾਮਰੇਡ ਸੱਤਪਾਲ ਡਾਂਗ ਦੀ ਛਤਰ-ਛਾਇਆ ਹੇਠ 1992 ਸੰਨ ’ਚ ਪਹਿਲੀ ਵਾਰ ਪੰਚਾਇਤ ਬਣੀ ਸੀ। ਕਠਾਣੀਆਂ ਪਿੰਡ ਦੀ ਗ੍ਰਾਮ ਪੰਚਾਇਤ ਤਾਂ ਬਣਾ ਦਿੱਤੀ ਗਈ ਪਰ ਪੰਚਾਇਤੀ ਵਿਭਾਗ ਦੀ ਅਣਗਹਿਲੀ ਕਾਰਨ ਇਸ ਗ੍ਰਾਮ ਪੰਚਾਇਤ ਨੂੰ ਬੁਨਿਆਦੀ ਸਹੂਲਤਾਂ ਤੋਂ ਬਿਲਕੁਲ ਫਾਡੀ ਰੱਖਿਆ ਗਿਆ। ਇਸ ਪਿੰਡ ਦੇ 274 ਵੋਟਰ ਸਰਕਾਰਾਂ ਬਣਾਉਣ ’ਚ ਹਰ ਵਾਰ ਅਹਿਮ ਯੋਗਦਾਨ ਪਾਉਂਦੇ ਹਨ, ਪਰ ਸਮੇਂ-ਸਮੇਂ ’ਤੇ ਬਣਦੀਆਂ ਸਰਕਾਰਾਂ ਇਸ ਪਿੰਡ ਦੇ ਨਰਕ ਭੋਗ ਰਹੇ ਲੋਕਾਂ ਤੋਂ ਬੇਮੁੱਖ ਹੋਈਆਂ ਬੈਠੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਲਗਾਤਾਰ 20 ਸਾਲ ਇਸ ਪਿੰਡ ’ਚ ਕਾਂਗਰਸ ਦੀ ਪੰਚਾਇਤ ਰਹੀ ਹੈ ਅਤੇ ਇਸ ਵਾਰ ਹੋਈਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਬੀਬੀ ਗੁਰਮੀਤ ਕੌਰ ਸਰਪੰਚ ਬਣੇ ਹਨ।
ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਰਕੇ ਲੋਕ ਹੋ ਰਹੇ ਬਿਮਾਰ
42 ਵਰ੍ਹਿਆਂ ਵਿਚ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਇਸ ਪਿੰਡ ਦੇ ਗੰਦੇ ਪਾਣੀ ਨੇ ਅੰਤਰਰਾਸ਼ਟਰੀ ਸੜਕ ਦੇ ਕੰਢੇ ਵਰ੍ਹਿਆਂ ਬੱਧੀ ਤੋਂ ਛੱਪੜ ਦਾ ਰੂਪ ਧਾਰਿਆ ਹੋਇਆ ਹੈ। ਸਰਕਾਰ ਦੇ ਮੰਤਰੀ-ਸੰਤਰੀ ਤੋਂ ਲੈ ਕੇ ਕਈ ਹੋਰ ਵੀਆਈਪੀਜ ਦਾ ਇਹ ਨਿੱਤ ਦਾ ਲਾਂਘਾ ਹੈ ਪਰ ਫਿਰ ਵੀ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀ ਹੋ ਰਿਹਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਥੋਂ ਦੇ ਲੋਕ ਇਸ ਗੰਦਗੀ ਦੇ ਨਰਕ ਕਾਰਨ ਕਾਲੇ ਪੀਲੀਏ, ਟੀਬੀ ਅਤੇ ਹੋਰ ਛਾਤੀ ਦੇ ਰੋਗਾਂ ਦਾ ਸ਼ਿਕਾਰ ਹੋਣੇ ਸ਼ੁਰੂ ਹੋ ਚੁੱਕੇ ਹਨ ਜਦ ਕਿ ਸਰਕਾਰ ਤੇ ਸਬੰਧਿਤ ਵਿਭਾਗ ਕੁੰਭਕਰਨੀ ਨੀਂਦ ਤਿਆਗਣ ਦਾ ਨਾਂ ਨਹੀ ਲੈ ਰਿਹਾ। ਲੋਕਾਂ ਨੇ ਦੱਸਿਆ ਕਿ ਹੁਣ ਵਾਲੀ ਪੰਚਾਇਤ ਆਪਣੇ ਪੱਧਰ ਤੇ ਠੇਕੇ ‘ਤੇ ਜਮੀਨ ਲੈ ਕੇ ਨਿਕਾਸੀ ਦਾ ਪ੍ਰਬੰਧ ਕਰਨ ਜਾ ਰਹੀ ਹੈ ਪਰ ਇਹ ਪਾਣੀ ਦੀ ਨਿਕਾਸੀ ਦਾ ਕੋਈ ਠੋਸ ਹੱਲ ਨਹੀ ਹੈ। ਇਸ ਪਿੰਡ ਤੋਂ ਇਲਾਵਾ ਖਾਸਾ ਬਜਾਰ ਤੇ ਖਾਸਾ ਪਿੰਡ ਦੀ ਪਾਣੀ ਦੀ ਨਿਕਾਸੀ ਤਾਂ ਸਹੀ ਹੋ ਸਕਦੀ ਹੈ ਜੇਕਰ ਇਹ ਸਾਰਾ ਪਾਣੀ ਲਾਹੌਰੀ ਮੱਲ ਵਾਲੀ ਡ੍ਰੇਨ ’ਚ ਪਾਇਆ ਜਾਵੇ ਅਤੇ ਲੋਕਾਂ ਦੀ ਮੰਗ ਹੈ ਕਿ ਸਰਕਾਰ ਇਸ ਪ੍ਰਾਜੈਕਟ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹੇ।
ਨਹਿਰੀ ਖਾਲ ’ਤੇ ਕੀਤੇ ਲੋਕਾਂ ਨੇ ਕਬਜ਼ੇ
ਪਿੰਡ ਦੇ ਲੋਕਾਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੌਣਾ ਕਿੱਲਾ ਜਮੀਨ ਜੋ ਕਿ ਨਹਿਰੀ ਖਾਲ ਦੀ ਬਣਦੀ ਹੈ ਉੱਤੇ ਵੀ ਕਈ ਲੋਕਾਂ ਨੇ ਕਬਜਾ ਕੀਤਾ ਹੋਇਆ ਹੈ, ਜੇਕਰ ਸਬੰਧਿਤ ਵਿਭਾਗ ਇਸ ਨਹਿਰੀ ਖਾਲ ਨੂੰ ਲੋਕਾਂ ਦੇ ਕਬਜੇ ਹੇਠੋਂ ਕਢਵਾਉਂਦਾ ਹੈ ਤਾਂ ਇਸ ਖਾਲ ਨਾਲ ਵੀ ਪਾਣੀ ਦੀ ਨਿਕਾਸੀ ਦਾ ਵੱਡੇ ਪੱਧਰ ’ਤੇ ਮਸਲਾ ਹੱਲ ਹੋ ਜਾਂਦਾ ਹੈ। ਲੋਕਾਂ ਜਾਣਕਾਰੀ ਦਿੱਤੀ ਕਿ ਇਹ ਨਹਿਰੀ ਖਾਲ 6200 ਨੰਬਰ ਮੋਗੇ ਤੋਂ ਅੱਗੇ ਨੂੰ ਚੱਲਦਾ ਹੈ, ਪਰ ਕਬਜੇ ਹੋਣ ਕਰਕੇ ਇਹ ਕਈ ਵਰ੍ਹਿਆਂ ਤੋਂ ਬੰਦ ਪਿਆ ਹੈ।
ਬੇਗਾਨੇ ਪਿੰਡ ਜਾ ਕੇ ਹੁੰਦੇ ਨੇ ਮੁਰਦਿਆਂ ਦੇ ਸਸਕਾਰ
ਵੱਡੇ ਸਿਤਮ ਦੀ ਗੱਲ ਇਹ ਹੈ ਕਿ ਜਦ ਵੀ ਪਿੰਡ ਵਿਚ ਕੋਈ ਵੀ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਪਿੰਡ ਵਾਸੀ ਲਾਗਲੇ ਪਿੰਡ ਰਾਮਪੁਰਾ ਦੇ ਸਮਸਾਨਘਾਟਾਂ ਵਿਚ ਜਾ ਕੇ ਮੁਰਦਿਆਂ ਦਾ ਸਸਕਾਰ ਕਰਦੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਇਹੋ ਜਿਹੇ ਮੌਕੇ ਉਨ੍ਹਾਂ ਨੂੰ ਰਿਸਤੇਦਾਰੀਆਂ ਤੇ ਲਾਗਲੇ ਪਿੰਡਾਂ ਵਿਚ ਵੀ ਵੱਡੀ ਨਾਮੌਸ਼ੀ ਝੱਲਣੀ ਪੈਂਦੀ ਹੈ ਕਿ ਇਹ ਕਿਸ ਤਰ੍ਹਾਂ ਦਾ ਪਿੰਡ ਹੈ ਜਿਸ ਵਿਚ ਆਪਣਾ ਕੋਈ ਸ਼ਮਸ਼ਾਨਘਾਟ ਤੱਕ ਵੀ ਨਹੀਂ ਹੈ।
ਇਨਸਾਨ ਤੇ ਪਸ਼ੂ ਸਿਹਤ ਸਹੂਲਤਾਂ ਨੂੰ ਤਰਸੇ
ਕਠਾਣੀਆਂ ਪਿੰਡ ਵਿਚ ਇਨਸਾਨਾਂ ਦੇ ਇਲਾਜ ਲਈ ਕੋਈ ਡਿਸਪੈਂਸਰੀ ਨਹੀਂ ਹੈ ਅਤੇ ਨਾ ਹੀ ਕੋਈ ਪਸ਼ੂ ਹਸਪਤਾਲ ਤੇ ਨਾ ਹੀ ਛੱਪੜ ਹੈ। ਪੀਣ ਵਾਲੇ ਸਾਫ ਪਾਣੀ ਦੀ ਟੈਂਕੀ ਏਥੋਂ ਦੇ ਲੋਕਾਂ ਲਈ ਵੱਡੇ ਸੁਪਨੇ ਵਾਂਗ ਹੈ।ਪੰਚਾਇਤ ਕੋਲ ਆਪਣਾ ਕੋਈ ਪੰਚਾਇਤ ਘਰ ਵੀ ਨਹੀਂ ਹੈ। ਇਥੋਂ ਦੇ ਲੋਕਾਂ ਨੇ ਪਿੰਡ ਦੇ ਸਾਂਝੇ ਖੂਹ ਵਾਲੀ ਸਾਂਝੀ ਜਮੀਨ ਬੱਚਿਆਂ ਦੀ ਸਿੱਖਿਆ ਵਾਸਤੇ ਛੱਡ ਦਿੱਤੀ ਸੀ ਜਿੱਥੇ ਕਿ ਇਸ ਸਾਂਝੇ ਖੂਹ ਨੂੰ ਪੂਰ ਕੇ ਉਸ ਉੱਤੇ ਮਿਡਲ ਸਕੂਲ ਦੀ ਉਸਾਰੀ ਕਰਵਾਈ ਹੋਈ ਹੈ ਪਰ ਸਕੂਲ ਵਿਚ ਇਕੱਲੀ ਬਿਲਡਿੰਗ ਹੀ ਹੈ ਜਦ ਕਿ ਬੱਚਿਆਂ ਦੇ ਖੇਡਣ ਲਈ ਕੋਈ ਖੇਡ ਗਰਾਊਂਡ ਵੀ ਨਹੀਂ ਹੈ।
ਹਲਕਾ ਵਿਧਾਇਕ ਫੜ੍ਹੇ ਪਿੰਡ ਵਾਸੀਆਂ ਦੀ ਬਾਂਹ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੁਨਿਆਦੀ ਸਹੂਲਤਾਂ ਨੂੰ ਤਰਸੇ ਪਿੰਡ ਕਠਾਣੀਆਂ ਦੀ ਬਾਂਹ ਆਪ ਸਰਕਾਰ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੂੰ ਜਰੂਰ ਫੜ੍ਹਨੀ ਚਾਹੀਦੀ ਹੈ ਕਿਉਂ ਕਿ ਇਹ ਪਿੰਡ ਉਨ੍ਹਾ ਦੇ ਹਲਕੇ ‘ਚ ਆਉਂਦਾ ਹੈ ਅਤੇ ਵੱਡੀ ਆਸ ਵੀ ਹੈ ਕਿ ਪੰਜਾਬ ਸਰਕਾਰ ਰਾਹੀਂ ਉਹ ਇਸ ਬਦ ਤੋਂ ਬਦਤਰ ਹੋਏ ਪਿੰਡ ਦੀ ਦਸ਼ਾ ਸੁਧਾਰਨ ਵਿਚ ਅਹਿਮ ਯੋਗਦਾਨ ਜਰੂਰ ਪਾਉਣਗੇ। ਪਿੰਡ ਦੇ ਸਰਪੰਚ ਗੁਰਮੀਤ ਕੌਰ ਤੋਂ ਇਲਾਵਾ ਹੋਰ ਪਿੰਡ ਵਾਸੀਆਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਉਹ ਪਿੰਡ ਨੂੰ ਹਰ ਬੁਨਿਆਦੀ ਸਹੂਲਤ ਨਾਲ ਲੈਸ ਕਰਵਾਉਣ ਲਈ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਦਿਲੋਂ ਸਹਿਮਤੀ ਨਾਲ ਹਰ ਤਰ੍ਹਾਂ ਦਾ ਸਾਥ ਦੇਣ ਲਈ ਤਿਆਰ ਹਨ।
ਕੈਪਸ਼ਨ--ਕਠਾਣੀਆਂ ਪਿੰਡ ਦੇ ਵਾਸੀ ਧਰਮ ਸਿੰਘ ਸ਼ਾਹ, ਰੇਸ਼ਮ ਸਿੰਘ ਰੋਸ਼ਨ ਸਿੰਘ, ਮੇਜਰ ਸਿੰਘ, ਅੰਗਰੇਜ ਸਿੰਘ ਤੇ ਸਾਥੀ।
ਕੈਪਸ਼ਨ-- ਅੰਤਰਰਾਸ਼ਟਰੀ ਸੜਕ ‘ਤੇ ਛੱਪੜ ਬਣਿਆ ਗੰਦਾ ਪਾਣੀ।