ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਪਹਿਲੇ ਦਿਨ ਜਿਥੇ ਵੱਖ ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰਨ ਵਾਲੀਆਂ ਅਹਿਮ ਸਖਸ਼ੀਅਤਾਂ ਸ. ਸੁਰਿੰਦਰਪਾਲ ਸਿੰਘ ਉਬਰਾਏ (ਪ੍ਰਸਿੱਧ ਸਮਾਜ-ਸੇਵੀ), ਸ. ਚਰਨਜੀਤ ਸਿੰਘ ਬਾਠ (ਪ੍ਰਸਿੱਧ ਕਾਰੋਬਾਰੀ ਅਤੇ ਸਮਾਜ-ਸੇਵੀ), ਸ. ਰਣਜੀਤ ਸਿੰਘ (ਪ੍ਰਸਿੱਧ ਕਾਰੋਬਾਰੀ ਅਤੇ ਸਮਾਜ-ਸੇਵੀ) ਅਤੇ ਸ.ਸਵਿੰਦਰਪਾਲ ਸਿੰਘ (ਗੁਰੂ ਘਰ ਦੇ ਟਹਿਲੀਏ) ਨੂੰ ਸਨਮਾਨਿਤ ਕੀਤਾ ਗਿਆ...
ਅੰਮ੍ਰਿਤਸਰ : ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਪਹਿਲੇ ਦਿਨ ਜਿਥੇ ਵੱਖ ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰਨ ਵਾਲੀਆਂ ਅਹਿਮ ਸਖਸ਼ੀਅਤਾਂ ਸ. ਸੁਰਿੰਦਰਪਾਲ ਸਿੰਘ ਉਬਰਾਏ (ਪ੍ਰਸਿੱਧ ਸਮਾਜ-ਸੇਵੀ), ਸ. ਚਰਨਜੀਤ ਸਿੰਘ ਬਾਠ (ਪ੍ਰਸਿੱਧ ਕਾਰੋਬਾਰੀ ਅਤੇ ਸਮਾਜ-ਸੇਵੀ), ਸ. ਰਣਜੀਤ ਸਿੰਘ (ਪ੍ਰਸਿੱਧ ਕਾਰੋਬਾਰੀ ਅਤੇ ਸਮਾਜ-ਸੇਵੀ) ਅਤੇ ਸ.ਸਵਿੰਦਰਪਾਲ ਸਿੰਘ (ਗੁਰੂ ਘਰ ਦੇ ਟਹਿਲੀਏ) ਨੂੰ ਸਨਮਾਨਿਤ ਕੀਤਾ ਗਿਆ, ਉਥੇ “ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਖੇਤਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ ਨੂੰ ਪਛਾਣਦਿਆਂ ਬੁਲਾਰਿਆਂ ਨੇ ਜਿਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮੇਂ ਦੇ ਹਾਣੀ ਬਣਨ ਦਾ ਹੋਕਾ ਦਿੱਤਾ ਉਥੇ ਹੀ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਪੂਰੀ ਮਨੁੱਖਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨਾਲ ਆਪਣੇ ਸਵੈ ਦੀ ਪਛਾਣ ਕਰੇ। ਮਾਹਿਰਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਭਾਵੇਂ ਕਿ ਮਨੁੱਖੀ ਬੁੱਧੀ ਵਿਚੋਂ ਉਪਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਸ਼ਵ ਨੂੰ ਨਵੀਂ ਦਿਸ਼ਾ ਦੇ ਰਹੀ ਹੈ ਪਰ ਪ੍ਰਮਾਤਮਾ ਵੱਲੋਂ ਬਖਸ਼ੀ ਮਨੁੱਖੀ ਬੁੱਧੀ (ਹਿਊਮਨ ਇੰਟੈਲੀਜੈਂਸ) ਦੀਆਂ ਸੰਭਾਵਨਾਵਾਂ ਅਸੀਮ ਹਨ। ਇਸ ਮੌਕੇ ਮੈਂਬਰ ਪਾਰਲੀਮੈਂਟ ਸ. ਵਿਕਰਮਜੀਤ ਸਿੰਘ ਸਾਹਨੀ ਨੇ ਯੂਨੀਵਰਸਿਟੀ ਵਿਚ ਸਥਾਪਤ ਹੋਣ ਵਾਲੇ ਏ.ਆਈ. ਸੈਂਟਰ ਦੇ ਲਈ ਜਿਥੇ ਇਕ ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਉਥੇ ਸਾਬਕਾ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਇਸ ਕਾਰਜ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ।
ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਵਿਸ਼ਵ ਭਰ ਤੋਂ ਆਏ ਵਿਦਵਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਯੂਨੀਵਰਸਿਟੀ ਦੀ ਇਹ ਪਹਿਲੀ ਵਿਸ਼ਵ ਕਾਨਫਰੰਸ ਆਉਣ ਵਾਲੇ ਸਮੇਂ ਦੀ ਅਗਵਾਈ ਦੇ ਤੌਰ ‘ਤੇ ਜਾਣੀ ਜਾਵੇਗੀ। ਮੌਜੂਦਾ ਸਮੇਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਗਿਆਨ ਦੇ ਖੇਤਰ ਵਿਚ ਸਭ ਤੋਂ ਮਹੱਤਵਪੂਰਨ ਵਿਸ਼ਾ ਦਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਮਸ਼ੀਨੀ ਬੁੱਧੀ ਨੂੰ ਇੱਕ ਸੰਦ ਵਜੋਂ ਵਰਤਦੇ ਹੋਏ ਆਪਣੀ ਨੈਤਿਕ ਚੇਤਨਾ ਨੂੰ ਜਗਾ ਕੇ ਰੱਖਾਂਗੇ ਤਾਂ ਇਹ ਤਕਨਾਲੋਜੀ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਦੇ ਗਿਆਨ-ਪ੍ਰਵਾਹ ਨੂੰ ਵਿਸ਼ਵ-ਵਿਆਪੀ ਪੱਧਰ 'ਤੇ ਹੋਰ ਮਜ਼ਬੂਤ ਕਰੇਗੀ। ਮਨੁੱਖ ਅਤੇ ਮਸ਼ੀਨ ਦੇ ਇਸ ਰਿਸ਼ਤੇ ਵਿੱਚ ਸਭ ਤੋਂ ਵੱਡੀ ਜਿੱਤ ਉਦੋਂ ਹੋਵੇਗੀ, ਜਦੋਂ ਤਕਨਾਲੋਜੀ ਮਾਨਵੀ ਸੰਵੇਦਨਾ ਦਾ ਬਦਲ ਬਣਨ ਦੀ ਬਜਾਏ, ਉਸਦੀ ਸੇਵਾਦਾਰ ਬਣ ਕੇ ਵਿਚਰੇਗੀ। ਉਹਨਾਂ ਆਸ ਪ੍ਰਗਟ ਕੀਤੀ ਕਿ ਸੂਚਨਾ ਅਤੇ ਤਕਨਾਲੋਜੀ ਦੇ ਯੁੱਗ ਵਿਚ ਪੰਜਾਬੀ ਲਾਜ਼ਮੀ ਤੌਰ ਉੱਤੇ ਭਵਿੱਖ ਨਾਲ ਗੱਲਾਂ ਕਰਨ ਵਾਲੀ ਭਾਸ਼ਾ ਬਣੇਗੀ। ਵਾਈਸ ਚਾਂਸਲਰ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਪੰਜਾਬੀ ਭਾਸ਼ਾ ਲਈ ਕੋਈ ਖਤਰਾ ਨਹੀਂ, ਸਗੋਂ ਇੱਕ ਇਤਿਹਾਸਿਕ ਮੌਕਾ ਹੈ। ਉਨ੍ਹਾਂ ਕਿਹਾ ਕਿ ਏਆਈ ਜਾਣਕਾਰੀ ਦੇ ਸਕਦੀ ਹੈ, ਡਾਟਾ ਪ੍ਰਦਾਨ ਕਰ ਸਕਦੀ ਹੈ, ਗਿਣਤੀ ਕਰ ਸਕਦੀ ਹੈ, ਪਰ ਸਮਝ, ਦਿਸ਼ਾ ਅਤੇ ਕਦਰਾਂ-ਕੀਮਤਾਂ ਮਨੁੱਖ ਹੀ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀਅਤ ਇੱਕ ਜੀਵਨ ਦਰਸ਼ਨ ਹੈ ਜਿਸ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਹੈ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ, “ਤੁਸੀਂ ਡਾਟਾ ਨਹੀਂ, ਤੁਸੀਂ ਐਲਗੋਰਿਥਮ ਨਹੀਂ, ਤੁਸੀਂ ਸੰਭਾਵਨਾ ਹੋ। ਤੁਹਾਡੀ ਕਲਪਨਾ ਏਆਈ ਤੋਂ ਵੱਡੀ ਹੈ, ਤੁਹਾਡੀ ਰਚਨਾਤਮਕਤਾ ਦੀ ਨਕਲ ਕੋਈ ਮਸ਼ੀਨ ਨਹੀਂ ਕਰ ਸਕਦੀ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਸ਼ਾਵਾਂ ਉਹੀ ਜੀਵੰਤ ਰਹਿੰਦੀਆਂ ਹਨ ਜੋ ਭਵਿੱਖ ਨਾਲ ਗੱਲ ਕਰਦੀਆਂ ਹਨ। ਜੇ ਪੰਜਾਬੀ ਨੂੰ ਵਿਸ਼ਵ ਪੱਧਰ ‘ਤੇ ਮਜ਼ਬੂਤ ਕਰਨਾ ਹੈ ਤਾਂ ਇਸਨੂੰ ਮਸ਼ੀਨ-ਰੀਡੇਬਲ ਫਾਰਮੈਟ ਵਿੱਚ ਲਿਆਉਣਾ ਲਾਜ਼ਮੀ ਹੈ।
ਉਦਘਾਟਨੀ ਸਮਾਰੋਹ ਦੇ ਅਹਿਮ ਹਿਸੇ ਵਜੋਂ ਇਸ ਮੌਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਵਿਸ਼ਵ ਪੱਧਰ ‘ਤੇ ਨਾਮ ਰੌਸ਼ਨ ਕਰਨ ਵਾਲੀਆਂ ਮਹਾਨ ਸ਼ਖ਼ਸੀਅਤਾਂ ਸ. ਸੁਰਿੰਦਰਪਾਲ ਸਿੰਘ ਉਬਰਾਏ (ਪ੍ਰਸਿੱਧ ਸਮਾਜ-ਸੇਵੀ), ਸ. ਚਰਨਜੀਤ ਸਿੰਘ ਬਾਠ (ਪ੍ਰਸਿੱਧ ਕਾਰੋਬਾਰੀ ਅਤੇ ਸਮਾਜ-ਸੇਵੀ), ਸ. ਰਣਜੀਤ ਸਿੰਘ (ਪ੍ਰਸਿੱਧ ਕਾਰੋਬਾਰੀ ਅਤੇ ਸਮਾਜ-ਸੇਵੀ) ਅਤੇ ਸ.ਸਵਿੰਦਰਪਾਲ ਸਿੰਘ (ਗੁਰੂ ਘਰ ਦੇ ਟਹਿਲੀਏ) ਨੂੰ ਸਨਮਾਨਿਤ ਕਰਨ ਵਾਲਿਆਂ ਵਿਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਡੀਨ ਅਕਾਦਮਿਕ ਮਾਮਲੇ, ਪ੍ਰੋ. ਐਚ.ਐਸ. ਸੈਣੀ, ਰਜਿਸਟਰਾਰ, ਪ੍ਰੋ. ਕੇ.ਐਸ. ਚਾਹਲ ਅਤੇ ਹੋਰ ਸ਼ਖਸੀਅਤਾਂ ਸ਼ਾਮਿਲ ਸਨ। ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਇਹਨਾਂ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸ. ਸੁਰਿੰਦਰ ਪਾਲ ਸਿੰਘ ਓਬਰਾਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਮ ਅੰਤਰ-ਰਾਸ਼ਟਰੀ ਪੱਧਰ ਉੱਤੇ ਰੌਸ਼ਨ ਕਰਨ ਵਾਲੀ ਨਾਮਵਰ ਸ਼ਖ਼ਸੀਅਤ ਹਨ। ਆਪ ਜੀ ਨੂੰ ਸੰਸਾਰ ਭਰ ਵਿਚ “ਸੇਵੀਅਰ ਸਿੰਘ” ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਚਰਨਜੀਤ ਸਿੰਘ ਬਾਠ ਸੰਸਾਰ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ-ਸੇਵੀ, ਬਾਠ ਫਾਰਮਜ਼ (ਯੂ.ਐਸ.ਏ.) ਦੇ ਸੰਸਥਾਪਕ ਹਨ। ਉਹ ਦੁਨੀਆ ਦੇ ਸਭ ਤੋਂ ਵੱਡੇ ਕਿਸ਼ਮਿਸ਼ ਉਤਪਾਦਕਾਂ ਵਿੱਚੋਂ ਇੱਕ ਹਨ ਅਤੇ “ਕਿੰਗ ਆਫ਼ ਰੇਜ਼ਿਨਜ਼” ਵਜੋਂ ਜਾਣੇ ਜਾਂਦੇ ਹਨ। ਰਣਜੀਤ ਸਿੰਘ ਟੁਟ ਗਲੋਬਲ ਉਦਯੋਗਪਤੀ ਅਤੇ ਪੰਜਾਬੀ ਖੇਡ ਜਗਤ ਦੇ ਸਭ ਤੋਂ ਵੱਡੇ ਸਰਪ੍ਰਸਤਾਂ ਵਿੱਚੋਂ ਇੱਕ ਹਨ। ਸ੍ਰੀ ਹਰਿਮੰਦਰ ਸਾਹਿਬ ਵਿੱਚ ਆਧੁਨਿਕ ਪਾਣੀ ਟ੍ਰੀਟਮੈਂਟ ਪਲਾਂਟ ਦੀ ਇਤਿਹਾਸਕ ਕਾਰ-ਸੇਵਾ, ਲੰਗਰ ਲਈ ਨਿਰੰਤਰ ਸਹਾਇਤਾ ਅਤੇ ਸਿੱਖ ਵਿਰਾਸਤ ਦੀ ਸੰਭਾਲ ਉਨ੍ਹਾਂ ਦੀ ਨਿਸ਼ਕਾਮ ਸੇਵਾ ਦੇ ਪ੍ਰਮੁੱਖ ਉਦਾਹਰਨ ਹਨ। ਹਾਕੀ ਅਤੇ ਕਬੱਡੀ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਮੋੜਨ ਵਿੱਚ ਵੀ ਉਨ੍ਹਾਂ ਦਾ ਅਮੁੱਲ ਯੋਗਦਾਨ ਹੈ।ਸ. ਸਵਿੰਦਰਪਾਲ ਸਿੰਘ “ਗੁਰੂ ਘਰ ਦੇ ਟਹਿਲੀਏ” ਵਜੋਂ ਜਾਣੇ ਜਾਂਦੇ ਹਨ ਅਤੇ ਪਿਛਲੇ ਤਿੰਨ ਦਹਾਕਿਆਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਿਸ਼ਕਾਮ ਸੇਵਾ ਨਿਭਾ ਰਹੇ ਹਨ। ਪਾਲਕੀ ਸਾਹਿਬ ਦੀ ਸਜਾਵਟ, ਰੁਮਾਲਾ ਸਾਹਿਬ ਦੀ ਸੇਵਾ, ਗੁਰਪੁਰਬਾਂ ਦੀ ਸਜਾਵਟ ਅਤੇ ਗੁਰੂ ਘਰ ਦੀ ਸੁੰਦਰੀਕਰਨ ਸੇਵਾ ਵਿੱਚ ਉਨ੍ਹਾਂ ਦੀ ਭੂਮਿਕਾ ਸਿੱਖ ਸੇਵਾ ਪਰੰਪਰਾ ਦੀ ਜੀਵੰਤ ਮਿਸਾਲ ਹੈ।
ਇਸ ਕਾਨਫਰੰਸ ਦੇ ਕੁੰਜੀਵਤ ਭਾਸ਼ਣ ਦੌਰਾਨ ਸ. ਕੇ.ਬੀ.ਐੱਸ ਸਿੱਧੂ (ਸਾਬਕਾ ਮੁੱਖ ਸਕੱਤਰ,ਪੰਜਾਬ) ਨੇ ਕਿਹਾ ਕਿ ਇਸ ਕਾਨਫਰੰਸ ਦੇ ਵਿਚਾਰ-ਵਟਾਂਦਰੇ ਤੋਂ ਇੱਕ ਰੋਡ ਮੈਪ ਤਿਆਰ ਕੀਤਾ ਜਾ ਸਕਦਾ ਹੈ ਜੋ ਕਿ ਪੰਜਾਬੀ ਭਾਸ਼ਾ ਨੂੰ ਗਲੋਬਲ ਤਕਨੀਕ ਨਾਲ ਜੋੜੇਗਾ।ਇਸ ਕਾਨਫਰੰਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਏ.ਆਈ ਨੂੰ ਸਿਰਫ਼ ਤਕਨੀਕੀ ਖੇਤਰ ਤੱਕ ਸੀਮਤ ਨਹੀਂ ਰੱਖਣਾ ਚਾਹੁੰਦੀ ਬਲਕਿ ਇਸਨੂੰ ਭਾਸ਼ਾ, ਸਾਹਿਤ ਅਤੇ ਸੰਸਕ੍ਰਿਤੀ ਨਾਲ ਵੀ ਜੋੜਨਾ ਚਾਹੁੰਦੀ ਹੈ।
ਇਸ ਕਾਨਫ਼ਰੰਸ ਦੇ ਮੁੱਖ ਮਹਿਮਾਨ ਸ. ਤਰਲੋਚਨ ਸਿੰਘ (ਸਾਬਕਾ ਮੈਂਬਰ ਪਾਰਲੀਮੈਂਟ) ਸਨ। ਉਹਨਾਂ ਕਿਹਾ ਕਿ ਪੰਜਾਬੀ ਸਾਹਿਤ, ਲੋਕਧਾਰਾ ਅਤੇ ਇਤਿਹਾਸਕ ਵਿਰਾਸਤ ਨੂੰ ਏ.ਆਈ ਨਾਲ ਜੋੜ ਕੇ ਸੰਭਾਲਿਆ ਅਤੇ ਵਿਕਸਿਤ ਕੀਤਾ ਜਾ ਸਕੇਗਾ।ਅੱਜ ਦੇ ਯੁੱਗ ਵਿੱਚ ਏ.ਆਈ ਸਿਰਫ਼ ਰੋਬੋਟ ਜਾਂ ਐਪ ਨਹੀਂ ਰਿਹਾ। ਇਹ ਸਿੱਖਿਆ, ਸਿਹਤ, ਖੇਤੀਬਾੜੀ, ਅਨੁਵਾਦ ਅਤੇ ਡਾਟਾ ਵਿਸ਼ਲੇਸ਼ਣ ਵਿੱਚ ਇੱਕ ਅਜਿਹਾ ਸਾਧਨ ਬਣ ਚੁੱਕਾ ਹੈ ਜੋ ਭਾਸ਼ਾਵਾਂ ਵਿਚ ਨਵੀਨ ਸ਼ਕਤੀ ਦਾ ਸੰਚਾਰ ਕਰ ਸਕਦਾ ਹੈ।
ਇਸਦੇ ਨਾਲ ਹੀ ਸ. ਵਿਕਰਮਜੀਤ ਸਿੰਘ ਸਾਹਨੀ (ਮੈਂਬਰ ਰਾਜ ਸਭਾ) ਅਤੇ ਡਾ. ਦੀਪਕ ਮਨਮੋਹਨ ਸਿੰਘ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਸ. ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਪੰਜਾਬੀਅਤ ਇਕ ਅਜਿਹੀ ਤਰਜ਼-ਏ-ਜ਼ਿੰਦਗੀ ਹੈ ਜੋ ਸਦੀਆਂ ਦੇ ਸੰਘਰਸ਼ ਵਿਚੋਂ ਉਪਜੀ ਹੈ।ਪੰਜਾਬੀ ਭਾਸ਼ਾ, ਜੋ ਹਜ਼ਾਰਾਂ ਸਾਲਾਂ ਦਾ ਅਮੀਰ ਇਤਿਹਾਸ ਆਪਣੇ ਕਲਾਵੇ ਵਿੱਚ ਸਮੇਟੀ ਬੈਠੀ ਹੈ, ਅੱਜ ਇੱਕ ਅਜਿਹੀ ਮੋੜ ’ਤੇ ਖੜ੍ਹੀ ਹੈ ਜਿੱਥੇ ਰਵਾਇਤ ਅਤੇ ਆਧੁਨਿਕ ਤਕਨੀਕ ਦਾ ਮਿਲਾਪ ਲਾਜ਼ਮੀ ਹੋ ਗਿਆ ਹੈ। ਉਹਨਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬਣਨ ਵਾਲੇ ਏ.ਆਈ ਸੈਂਟਰ ਲਈ ਇਕ ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ।
ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਪੰਜਾਬੀ ਦੇ ਰਾਹ ਵਿੱਚ ਆਉਂਦੀਆਂ ਰੁਕਾਵਟਾਂ ਜਿਵੇਂ ਨੌਜਵਾਨਾਂ ਵਿੱਚ ਅੰਗਰੇਜ਼ੀ ਦਾ ਝੁਕਾਅ ਅਤੇ ਡਿਜੀਟਲ ਮੀਡੀਆ ਵਿੱਚ ਭਾਸ਼ਾ ਦੀ ਘਾਟ ਨੂੰ ਏ.ਆਈ ਰਾਹੀਂ ਦੂਰ ਕੀਤਾ ਜਾ ਸਕਦਾ ਹੈ। ਡਾ. ਸਤਬੀਰ ਸਿੰਘ ਗੋਸਲ (ਉਪ ਕੁਲਪਤੀ,ਪੰਜਾਬ ਖੇਤਬਾੜੀ ਯੂਨੀਵਰਸਿਟੀ, ਲੁਧਿਆਣਾ) ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ 15 ਕਰੋੜ ਬੁਲਾਰੇ ਹੋਣ ਕਾਰਨ ਇਹ ਏ.ਆਈ ਯੁੱਗ ਵਿਚ ਵੱਡੇ ਦਾਅਵੇ ਦੀ ਧਾਰਨੀ ਹੈ ।ਮਸ਼ੀਨੀ ਬੁੱਧੀਮਾਨਤਾ ਉਸੇ ਡਾਟਾ ਤੋਂ ਸਿੱਖਦੀ ਹੈ ਜੋ ਮਨੁੱਖਾਂ ਦੁਆਰਾ ਤਿਆਰ ਕੀਤਾ ਗਿਆ ਹੁੰਦਾ ਹੈ। ਜੇਕਰ ਉਪਲਬਧ ਡਾਟਾ ਵਿੱਚ ਕਿਸੇ ਖਾਸ ਖਿੱਤੇ, ਜਾਤ ਜਾਂ ਲੰਿਗ ਪ੍ਰਤੀ ਪੱਖਪਾਤ ਮੌਜੂਦ ਹੈ, ਤਾਂ ਮਸ਼ੀਨ ਉਸੇ ਪੱਖਪਾਤ ਨੂੰ ਕਈ ਗੁਣਾ ਵਧਾ ਕੇ ਪੇਸ਼ ਕਰੇਗੀ।
ਸ. ਕੁਲਦੀਪ ਸਿੰਘ ਧਾਲੀਵਾਲ, ਐੱਮ.ਐੱਲ.ਏ,ਪੰਜਾਬ ਸਰਕਾਰ ਨੇ ਕਿਹਾ ਅੱਜ ਜਦੋਂ ਵਿਸ਼ਵ ਚੌਥੀ ਉਦਯੋਗਿਕ ਕ੍ਰਾਂਤੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਤਾਂ ਭਾਸ਼ਾ ਅਤੇ ਸਭਿਆਚਾਰ ਦੇ ਸਰੋਕਾਰ ਵੀ ਬਦਲ ਰਹੇ ਹਨ।ਪੰਜਾਬੀਅਤ ਦੇ ਸੰਦਰਭ ਵਿੱਚ, ਇਹ ਡਰ ਬਣਿਆ ਰਹਿੰਦਾ ਹੈ ਕਿ ਵਿਸ਼ਵ-ਪੱਧਰੀ ਏ.ਆਈ. ਮਾਡਲ ਕਿਤੇ ਸਾਡੇ ਸਥਾਨਕ ਮੁਹਾਵਰੇ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਪੱਛਮੀ ਗਿਆਨ-ਸ਼ਾਸਤਰ ਦੇ ਹੇਠਾਂ ਨਾ ਦਬਾ ਦੇਣ।
ਇਸ ਤੋਂ ਪਹਿਲਾਂ ਡਾ. ਮਨਜਿੰਦਰ ਸਿੰਘ, ਮੁਖੀ,ਪੰਜਾਬੀ ਅਧਿਐਨ ਸਕੂਲ ਨੇ ਕਾਨਫਰੰਸ ਦੇ ਸੁਆਗਤੀ ਸ਼ਬਦਾਂ ਦੌਰਾਨ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਵਿਧੀਵਤ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁੱਖ ਉਦੇਸ਼ਾਂ ਵਿਚ ਸ਼ਾਮਲ ਹੈ,ਇਸ ਲਈ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.ਕਰਮਜੀਤ ਸਿੰਘ ਦੀ ਅਗਵਾਈ ਹੇਠ ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਵਿਦਵਾਨ, ਤਕਨੀਕੀ ਮਾਹਿਰ ਅਤੇ ਸਾਹਿਤਕਾਰ ਸ਼ਾਮਲ ਹੋ ਰਹੇ ਹਨ। ਉਹਨਾਂ ਆਸ ਪ੍ਰਗਟ ਕੀਤੀ ਕਿ 'ਵਿਸ਼ਵ ਪੰਜਾਬੀ ਕਾਨਫਰੰਸ' ਪੰਜਾਬੀਅਤ ਦੇ ਡਿਜੀਟਲ ਸਫ਼ਰ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ। ਇਸ ਮੌਕੇ ਉੱਤੇ ਧੰਨਵਾਦ ਦਾ ਪ੍ਰਸਤਾਵ ਡਾ. ਹਰਵਿੰਦਰ ਸਿੰਘ ਸੈਣੀ (ਡੀਨ ਅਕਾਦਮਿਕ ਮਾਮਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ) ਪ੍ਰਸਤੁਤ ਕੀਤਾ।
ਇਸ ਕਾਨਫ਼ਰੰਸ ਦੌਰਾਨ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਨਾਟਕ “1675” ਖੇਡਿਆ ਗਿਆ। ਇਸ ਨਾਟਕ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿਚ ਗੁਰੂ ਸਾਹਿਬ ਦੀ ਸ਼ਹਾਦਤ ਦੇ ਮਹੱਤਵ ਅਤੇ ਸਾਰਥਿਕਤਾ ਨੂੰ ਵਿਸ਼ੇਸ਼ ਰੂਪ ਵਿਚ ਉਜਾਗਰ ਕੀਤਾ ਗਿਆ ਹੈ। ਸ. ਅਮਰਜੀਤ ਸਿੰਘ ਗਰੇਵਾਲ ਦੁਆਰਾ ਰਚਿਤ ਇਹ ਨਾਟਕ ਸ਼੍ਰੀ ਕੇਵਲ ਧਾਲੀਵਾਲ ਦੇ ਨਿਰਦੇਸ਼ਨ ਹੇਠ ਖੇਡਿਆ ਗਿਆ। ਇਸ ਵਿਸ਼ਵ ਪੰਜਾਬੀ ਕਾਨਫਰੰਸ ਦੇ ਦੂਸਰੇ ਅਤੇ ਤੀਸਰੇ ਦਿਨ ਵੀ ਵਿਿਭੰਨ ਅਕਾਦਮਿਕ ਗਤਵਿਧੀਆਂ ਤੋਂ ਇਲਾਵਾ ਇਕ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ। ਇਸ ਮੌਕੇ ਡਾ. ਸਰਬਜਿੰਦਰ ਸਿੰਘ (ਉਪ ਕੁਲਪਤੀ, ਸੰਨੀ ਓਬਰਾਏ ਵਿਵੇਕ ਸਦਨ ਫਿਊਚਰਿਸਟਿਕ ਯੂਨੀਵਰਸਿਟੀ),ਡਾ. ਕਰਮਜੀਤ ਸਿੰਘ ਚਾਹਲ (ਰਜਿਸਟਰਾਰ), ਸ੍ਰੀ ਪ੍ਰਵੀਨ ਪੁਰੀ (ਡਾਇਰੈਕਟਰ, ਲੋਕ ਸੰਪਰਕ ਵਿਭਾਗ),ਡਾ. ਸ਼ਾਲਿਨੀ ਬਹਿਲ (ਕੰਟਰੋਲਰ, ਪਰੀਖਿਆਵਾਂ), ਡਾ. ਵੰਦਨਾ ਭੱਲਾ ( ਡਾਇਰੈਕਟਰ, ਖੋਜ), ਡਾ. ਸਤਨਾਮ ਸਿੰਘ ਦਿਉਲ (ਡੀਨ, ਵਿਿਦਆਰਥੀ ਭਲਾਈ), ਡਾ. ਬਲਵਿੰਦਰ ਸਿੰਘ ( ਕੋਆਰਡੀਨੇਟਰ), ਡਾ. ਬਲਜਿੰਦਰ ਸਿੰਘ ਬੱਲ ( ਮੁਖੀ, ਸਰੀਰਕ ਸਿੱਖਿਆ ਵਿਭਾਗ),ਡਾ. ਰਵਿੰਦਰ ਕੁਮਾਰ ( ਡਾਇਰੈਕਟਰ, ਹੋਸਪੀਟੈਲੀਟੀ), ਡਾ. ਸੁਨੀਲ ਕੁਮਾਰ ( ਡੀਨ, ਭਾਸ਼ਾਵਾਂ), ਡਾ. ਮੇਘਾ ਸਲਵਾਨ,ਡਾ. ਹਰਿੰਦਰ ਸੋਹਲ, ਡਾ. ਡਾ. ਰਾਜਵਿੰਦਰ ਕੌਰ, ਡਾ. ਸਿਮਰਨਜੀਤ ਸਿੰਘ, ਡਾ. ਹਸਨ ਰੇਹਾਨ, ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ ਤੁੜ, ਡਾ. ਅਸ਼ੋਕ ਭਗਤ, ਡਾ. ਚੰਦਨਪ੍ਰੀਤ ਸਿੰਘ ਅਤੇ ਡਾ. ਅੰਜੂ ਬਾਲਾ ਤੋਂ ਇਲਾਵਾ ਕਈ ਵਿਦਵਾਨ ਅਤੇ ਮਾਹਿਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ । ਮੰਚ ਸੰਚਾਲਕ ਦੀ ਭੂਮਿਕਾ ਡਾ. ਸੁਖਦੇਵ ਸਿੰਘ, ਅਸਿਸਟੈਂਟ ਪ੍ਰੋਫ਼ੈਸਰ, ਧਰਮ ਅਧਿਐਨ ਵਿਭਾਗ ਅਤੇ ਡਾ. ਬਲਜੀਤ ਕੌਰ ਰਿਆੜ,ਅਸਿਸਟੈਂਟ ਪ੍ਰੋਫ਼ੈਸਰ ਪੰਜਾਬੀ ਅਧਿਐਨ ਸਕੂਲ ਨੇ ਬਾਖ਼ੂਬੀ ਨਿਭਾਈ।