ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ’ਚ ਸੰਗਤ ਦੀ ਸ਼ਮੂਲੀਅਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਪ੍ਰਬੰਧਕਾਂ ਵੱਲੋਂ ਵੱਖ-ਵੱਖ ਸੰਸਥਾਵਾਂ ਨੂੰ ਸੱਦਾ ਪੱਤਰ ਵੀ ਦਿੱਤੇ ਗਏ ਹਨ। ਜਾਣਕਾਰੀ ਦਿੰਦਿਆਂ ਐੱਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ 6 ਤੇ 7 ਅਕਤੂਬਰ ਨੂੰ ਸ਼ਾਮ 7 ਤੋਂ ਰਾਤ 1 ਵਜੇ ਤੱਕ ਰਾਗ ਦਰਬਾਰ, ਪੜਤਾਲ ਸ਼ਬਦ ਗਾਇਨ ਤੇ ਕੀਰਤਨ ਦਰਬਾਰ ਹੋਵੇਗਾ। 7 ਅਕਤੂਬਰ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ’ਚ ਸੰਗਤ ਦੀ ਸ਼ਮੂਲੀਅਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਪ੍ਰਬੰਧਕਾਂ ਵੱਲੋਂ ਵੱਖ-ਵੱਖ ਸੰਸਥਾਵਾਂ ਨੂੰ ਸੱਦਾ ਪੱਤਰ ਵੀ ਦਿੱਤੇ ਗਏ ਹਨ। ਜਾਣਕਾਰੀ ਦਿੰਦਿਆਂ ਐੱਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ 6 ਤੇ 7 ਅਕਤੂਬਰ ਨੂੰ ਸ਼ਾਮ 7 ਤੋਂ ਰਾਤ 1 ਵਜੇ ਤੱਕ ਰਾਗ ਦਰਬਾਰ, ਪੜਤਾਲ ਸ਼ਬਦ ਗਾਇਨ ਤੇ ਕੀਰਤਨ ਦਰਬਾਰ ਹੋਵੇਗਾ। 7 ਅਕਤੂਬਰ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। 8 ਅਕਤੂਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸੁੰਦਰ ਜਲੌਅ ਸਜਾਏ ਜਾਣਗੇ। ਦੇਰ ਸ਼ਾਮ ਦੀਪਮਾਲਾ ਕੀਤੀ ਜਾਵੇਗੀ। ਵਿਸ਼ੇਸ਼ ਤੌਰ ’ਤੇ ਫੁੱਲਾਂ ਦੀ ਸਜਾਵਟ ਕੀਤੀ ਜਾਵੇਗੀ ਜੋ ਅਲੌਕਿਕ ਨਜ਼ਾਰਾ ਪੇਸ਼ ਕਰੇਗੀ। ਇਸ ਤੋਂ ਇਲਾਵਾ ਸੁੰਦਰ ਲਾਈਟਿੰਗ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੂਰੇ ਕੰਪਲੈਕਸ ਵਿਚ ਕੀਤੀ ਗਈ ਹੈ।
ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਰ ਸਾਲ ਵਾਂਗ ਕੀਤੇ ਜਾਣ ਵਾਲੇ ਰਾਗ ਦਰਬਾਰ, ਪੜਤਾਲ ਸ਼ਬਦ ਗਾਇਨ, ਕੀਰਤਨ ਦਰਬਾਰ ਤੇ ਨਗਰ ਕੀਰਤਨ ਦਾ ਨਜ਼ਾਰਾ ਅਲੌਕਿਕ ਹੋਵੇਗਾ। 6 ਅਕਤੂਬਰ ਨੂੰ ਵੱਡੀ ਗਿਣਤੀ ’ਚ ਰਾਗੀ ਜਥੇ ਹਾਜ਼ਰੀ ਭਰਨਗੇ। 7 ਅਕਤੂਬਰ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਜੋ ਪੁਰਾਤਨ ਸ਼ਹਿਰ ਦੇ ਬਾਹਰਵਾਰ ਹੁੰਦਾ ਹੈ ਮੁੜ ਘਿਓ ਮੰਡੀ ਗੇਟ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਪਤ ਹੋਵੇਗਾ। 8 ਅਕਤੂਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਾਤ 7 ਤੋਂ 9 ਵਜੇ ਤੱਕ ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲੇ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਗੁਰਮਤ ਵਿਚਾਰਾਂ ਦੀ ਸਾਂਝ ਪਾਉਂਣਗੇ। ਉਪਰੰਤ ਕਵੀ ਸਮਾਗਮ ਹੋਵੇਗਾ ਜਿਸ ਵਿਚ ਪੰਥ ਪ੍ਰਸਿੱਧ ਕਵੀ ਹਾਜਰੀ ਭਰਨਗੇ। ਇਸ ਤੋਂ ਇਲਾਵਾ ਸਾਰਾ ਦਿਨ ਸਵੇਰੇ ਕਥਾ ਉਪਰੰਤ ਦੀਵਾਨ ਸੱਜਣਗੇ। ਜਿਸ ’ਚ ਰਾਗੀ, ਢਾਡੀ, ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ।
ਵੱਖ-ਵੱਖ ਹੋਣਗੇ ਸਮਾਗਮ, ਧਾਰਮਿਕ ਤੇ ਸਰਕਾਰੀ ਇਮਾਰਤਾਂ ’ਤੇ ਕੀਤੀ ਜਾਵੇਗੀ ਦੀਪਮਾਲਾ
ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਗੁਰਪੁਰਬ ਸਬੰਧੀ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ, ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਰੋਜ਼ ਇਕ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਜਿੱਥੇ ਗੁਰਦੁਆਰਾ ਸਾਹਿਬਾਨ ਤੇ ਹੋਰ ਸੰਸਥਾਵਾਂ ਵੱਲੋਂ ਦੀਪਮਾਲਾ ਕੀਤੀ ਜਾ ਰਹੀ ਹੈ, ਉਥੇ ਹੀ ਸਰਕਾਰੀ ਇਮਾਰਤਾਂ ਬੱਸ ਅੱਡਾ, ਰੇਲਵੇ ਸਟੇਸ਼ਨ, ਹਵਾਈ ਅੱਡਾ, ਨਿਗਮ ਦਫਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਆਦਿ ’ਚ ਵੀ ਦੀਪਮਾਲਾ ਕੀਤੀ ਜਾਵੇਗੀ।
ਆਲੌਕਿਕ ਹਵੇਗੀ ਦੀਪਮਾਲਾ ਤੇ ਆਤਿਸ਼ਬਾਜੀ
ਹਰ ਸਾਲ ਦੀ ਤਰ੍ਹਾਂ ਪ੍ਰਕਾਸ਼ ਗੁਰਪੁਰਬ ਮੌਕੇ ਦੇਰ ਸ਼ਾਮ ਆਲੌਕਿਕ ਦੀਪਮਾਲਾ ਕੀਤੀ ਜਾਵੇਗੀ। ਜਿਸ ਵਿਚ ਸ੍ਰੀ ਦਰਬਾਰ ਸਾਹਿਬ ਵਲੋਂ ਦੇਸੀ ਘਿਓ ਦੇ ਦੀਵੇ ਤੇ ਕੰਪਲੈਕਸ ’ਚ ਰੰਗ-ਬਿਰੰਗੀਆਂ ਲਾਈਟਾਂ ਨਾਲ ਦੀਪਮਾਲਾ ਹੋਵੇਗੀ। ਇਸ ਤੋਂ ਇਲਾਵਾ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਅਲੌਕਿਕ ਆਤਿਸ਼ਬਾਜੀ ਵੀ ਕੀਤੀ ਜਾਵੇਗੀ।
ਵਿਸ਼ੇਸ਼ ਹੋਵੇਗਾ ਅਮ੍ਰਿਤ ਸੰਚਾਰ
ਸ੍ਰੀ ਅਕਾਲ ਤਖਤ ਸਾਹਿਬ ਵਿਖੇ 8 ਅਕਤੂਬਰ ਨੂੰ ਪ੍ਰਕਾਸ਼ ਗੁਰਪੁਰਬ ਵਾਲੇ ਦਿਨ ਦੁਪਹਿਰ 12 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਅੰਮ੍ਰਿਤ ਅਭਿਲਾਖੀਆਂ ਨੂੰ ਬੇਨਤੀ ਕੀਤੀ ਕਿ ਕੇਸੀ ਇਸ਼ਨਾਨ ਕਰ ਕੇ ਕਕਾਰਾਂ ਸਹਿਤ ਤਿਆਰ ਹੋ ਕੇ ਸਮੇਂ ਸਿਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਗੁਰੂ ਵਾਲੇ ਬਣੋ।