ਮੈਡੀਕਲ ਖੇਤਰ ਦਾ ਸ਼ਰਮਨਾਕ ਫਰਜ਼ੀਵਾੜਾ: ਨਕਲੀ ਟੀਕਿਆਂ 'ਚ ਦਵਾਈ ਦੀ ਥਾਂ ਭਰਿਆ ਸੀ ਪਾਣੀ, 5 ਗਰਭਵਤੀ ਔਰਤਾਂ ਦੀ ਹੋਈ ਮੌਤ
ਸਿਹਤ ਮੰਤਰੀ ਨੇ ਦੱਸਿਆ ਕਿ ਡਾਕਟਰਾਂ ਨੂੰ ਹੱਕ ਹੁੰਦਾ ਹੈ ਕਿ ਹੰਗਾਮੀ ਸਥਿਤੀ ਵਿਚ ਖੂਨ ਰੋਕਣ ਲਈ ਸਥਾਨਕ ਪੱਧਰ ’ਤੇ ਇੰਜੈਕਸ਼ਨ ਮੰਗਵਾ ਸਕਦੇ ਹਨ। ਕੋਟਾ ਵਿਚ ਡਾਕਟਰਾਂ ਨੇ ਬਾਜ਼ਾਰ ਤੋਂ ਟੀਕੇ ਮੰਗਵਾਏ ਸਨ, ਜਿਨ੍ਹਾਂ ਵਿਚ ਦਵਾਈ ਦੀ ਥਾਂ ਪਾਣੀ ਭਰਿਆ ਹੋਇਆ ਸੀ
Publish Date: Fri, 12 Jun 2026 12:44 PM (IST)
Updated Date: Fri, 12 Jun 2026 12:46 PM (IST)
ਜਾਗਰਣ ਸੰਵਾਦਦਾਤਾ, ਜੈਪੁਰ: ਕੋਟਾ ਦੇ ਸਰਕਾਰੀ ਨਿਊ ਮੈਡੀਕਲ ਕਾਲਜ ਹਸਪਤਾਲ ਵਿਚ ਪਿਛਲੇ ਮਹੀਨੇ ਸੀਜ਼ੇਰੀਅਨ ਆਪ੍ਰੇਸ਼ਨਾਂ ਤੋਂ ਬਾਅਦ ਜਿਨ੍ਹਾਂ ਪੰਜ ਗਰਭਵਤੀ ਔਰਤਾਂ ਦੀ ਮੌਤ ਹੋਈ ਸੀ, ਉਨ੍ਹਾਂ ਨੂੰ ਨਕਲੀ ਇੰਜੈਕਸ਼ਨ ਲਗਾਇਆ ਗਿਆ ਸੀ। ਸੂਬੇ ਦੇ ਸਿਹਤ ਮੰਤਰੀ ਗਜੇਂਦਰ ਸਿੰਘ ਖੀਂਵਸਰ ਨੇ ਖ਼ੁਦ ਇਸ ਫਰਜ਼ੀਵਾੜੇ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਗਰਭਵਤੀਆਂ ਨੂੰ ਲਗਾਇਆ ਗਿਆ ਆਕਸੀਟਾਸਿਨ ਦਾ ਟੀਕਾ ਨਕਲੀ ਸੀ। ਉਸ ਟੀਕੇ ਵਿਚ ਦਵਾਈ ਦੀ ਥਾਂ ’ਤੇ ਦਵਾਈ ਬਾਜ਼ਾਰ ਦੇ ਲੋਕਾਂ ਨੇ ਪਾਣੀ ਭਰਿਆ ਹੋਇਆ ਸੀ। ਇਸੇ ਕਾਰਨ ਜਣੇਪੇ ਤੋਂ ਬਾਅਦ ਹੋਣ ਵਾਲਾ ਖੂਨ ਦਾ ਰਿਸਾਅ ਕੰਟਰੋਲ ਨਹੀਂ ਹੋ ਸਕਿਆ ਅਤੇ ਗੁਰਦੇ ਖ਼ਰਾਬ ਹੋਣ ਨਾਲ ਔਰਤਾਂ ਦੀ ਮੌਤ ਹੋ ਗਈ ਸੀ।
ਸਿਹਤ ਮੰਤਰੀ ਨੇ ਦੱਸਿਆ ਕਿ ਡਾਕਟਰਾਂ ਨੂੰ ਹੱਕ ਹੁੰਦਾ ਹੈ ਕਿ ਹੰਗਾਮੀ ਸਥਿਤੀ ਵਿਚ ਖੂਨ ਰੋਕਣ ਲਈ ਸਥਾਨਕ ਪੱਧਰ ’ਤੇ ਇੰਜੈਕਸ਼ਨ ਮੰਗਵਾ ਸਕਦੇ ਹਨ। ਕੋਟਾ ਵਿਚ ਡਾਕਟਰਾਂ ਨੇ ਬਾਜ਼ਾਰ ਤੋਂ ਟੀਕੇ ਮੰਗਵਾਏ ਸਨ, ਜਿਨ੍ਹਾਂ ਵਿਚ ਦਵਾਈ ਦੀ ਥਾਂ ਪਾਣੀ ਭਰਿਆ ਹੋਇਆ ਸੀ। ਜਾਣਕਾਰੀ ਮੁਤਾਬਕ ਕੋਟਾ ਦੇ ਦੋ ਸਰਕਾਰੀ ਹਸਪਤਾਲਾਂ ਵਿਚ ਪਿਛਲੇ ਮਹੀਨੇ ਪੰਜ ਗਰਭਵਤੀ ਇਸਤਰੀਆਂ ਦੀ ਮੌਤ ਹੋਣ ਦੇ ਨਾਲ-ਨਾਲ ਅੱਧਾ ਦਰਜਨ ਗਰਭਵਤੀਆਂ ਦੇ ਗੁਰਦੇ ਵੀ ਖਰਾਬ ਹੋ ਗਏ ਸਨ, ਜਿਨ੍ਹਾਂ ਵਿਚ ਕਈ ਔਰਤਾਂ ਦਾ ਇਲਾਜ ਹਾਲੇ ਵੀ ਜਾਰੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਰਿਪੋਰਟ ਮਿਲ ਗਈ ਹੈ। ਹੁਣ ਜ਼ਿੰਮੇਵਾਰ ਅਫ਼ਸਰਾਂ ’ਤੇ ਕਾਰਵਾਈ ਕੀਤੀ ਜਾਵੇਗੀ। ਦੋ ਦਿਨ ਪਹਿਲਾਂ ਬੀਕਾਨੇਰ ਵਿਚ ਵੀ ਟੀਕੇ ਲਗਾਉਣ ਤੋਂ ਬਾਅਦ ਪੰਜ ਗਰਭਵਤੀਆਂ ਦੇ ਗੁਰਦੇ ਖ਼ਰਾਬ ਹੋਣ ਦੀ ਗੱਲ ਸਾਹਮਣੇ ਆਈ ਸੀ। ਸਮਾਜ ਸੇਵਕਾਂ ਨੇ ਦਵਾਈਆਂ ਬਣਾਉਣ ਤੇ ਵੇਚਣ ਵਾਲੇ ਅਜਿਹੇ ਲੋਕ-ਦੋਖੀ ਵਪਾਰੀਆਂ ’ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।