ਸੰਸਦ 'ਚ ਗੂੰਜਿਆ ਮੋਬਾਈਲ ਰਿਚਾਰਜ ਦਾ ਮੁੱਦਾ: ਰਾਘਵ ਚੱਢਾ ਨੇ ਘੇਰੀਆਂ ਟੈਲੀਕਾਮ ਕੰਪਨੀਆਂ, ਰੱਖੀਆਂ ਇਹ 3 ਮੰਗਾਂ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਦੇ ਉਪਰਲੇ ਸਦਨ ਵਿੱਚ ਮੋਬਾਈਲ ਫ਼ੋਨ ਉਪਭੋਗਤਾਵਾਂ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ TRAI ਦਾ ਡੇਟਾ ਦੱਸਦਾ ਹੈ ਕਿ ਦੇਸ਼ ਵਿੱਚ 125 ਕਰੋੜ ਮੋਬਾਈਲ ਉਪਭੋਗਤਾ ਹਨ, ਜਿਨ੍ਹਾਂ ਵਿੱਚੋਂ 90 ਫੀਸਦੀ ਪ੍ਰੀ-ਪੇਡ ਯੂਜ਼ਰਸ ਹਨ। ਉਨ੍ਹਾਂ ਕਿਹਾ, "ਮੈਂ ਪ੍ਰੀ-ਪੇਡ ਮੋਬਾਈਲ ਯੂਜ਼ਰਸ ਵੱਲੋਂ ਦੋ ਵੱਡੀਆਂ ਸਮੱਸਿਆਵਾਂ ਉਠਾਉਣਾ ਚਾਹੁੰਦਾ ਹਾਂ। ਪਹਿਲੀ ਸਮੱਸਿਆ ਰਿਚਾਰਜ ਖ਼ਤਮ ਹੋਣ 'ਤੇ ਆਊਟਗੋਇੰਗ ਦੇ ਨਾਲ-ਨਾਲ ਇਨਕਮਿੰਗ ਕਾਲ ਦਾ ਵੀ ਬੰਦ ਹੋਣਾ ਹੈ।"
Publish Date: Wed, 11 Mar 2026 03:54 PM (IST)
Updated Date: Wed, 11 Mar 2026 03:55 PM (IST)

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਦੇ ਉਪਰਲੇ ਸਦਨ ਵਿੱਚ ਮੋਬਾਈਲ ਫ਼ੋਨ ਉਪਭੋਗਤਾਵਾਂ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ TRAI ਦਾ ਡੇਟਾ ਦੱਸਦਾ ਹੈ ਕਿ ਦੇਸ਼ ਵਿੱਚ 125 ਕਰੋੜ ਮੋਬਾਈਲ ਉਪਭੋਗਤਾ ਹਨ, ਜਿਨ੍ਹਾਂ ਵਿੱਚੋਂ 90 ਫੀਸਦੀ ਪ੍ਰੀ-ਪੇਡ ਯੂਜ਼ਰਸ ਹਨ। ਉਨ੍ਹਾਂ ਕਿਹਾ, "ਮੈਂ ਪ੍ਰੀ-ਪੇਡ ਮੋਬਾਈਲ ਯੂਜ਼ਰਸ ਵੱਲੋਂ ਦੋ ਵੱਡੀਆਂ ਸਮੱਸਿਆਵਾਂ ਉਠਾਉਣਾ ਚਾਹੁੰਦਾ ਹਾਂ। ਪਹਿਲੀ ਸਮੱਸਿਆ ਰਿਚਾਰਜ ਖ਼ਤਮ ਹੋਣ 'ਤੇ ਆਊਟਗੋਇੰਗ ਦੇ ਨਾਲ-ਨਾਲ ਇਨਕਮਿੰਗ ਕਾਲ ਦਾ ਵੀ ਬੰਦ ਹੋਣਾ ਹੈ।"
ਆਊਟਗੋਇੰਗ ਬੰਦ ਹੋਣਾ ਸਮਝ ਆਉਂਦਾ ਹੈ ਪਰ...
ਰਾਘਵ ਚੱਢਾ ਨੇ ਰਾਜ ਸਭਾ ਵਿੱਚ ਇਸ ਮੁੱਦੇ ਨੂੰ ਉਠਾਉਂਦੇ ਹੋਏ ਕਿਹਾ ਕਿ ਜਦੋਂ ਪ੍ਰੀ-ਪੇਡ ਪਲਾਨ ਖ਼ਤਮ ਹੁੰਦਾ ਹੈ ਤਾਂ ਤੁਹਾਡੀ 'ਆਵਾਜ਼' ਬੰਦ ਕਰ ਦਿੱਤੀ ਜਾਂਦੀ ਹੈ। ਫ਼ੋਨ ਮੇਰਾ, ਸਿਮ ਕਾਰਡ ਮੇਰਾ ਅਤੇ ਨੰਬਰ ਵੀ ਮੇਰਾ, ਅਜਿਹੇ ਵਿੱਚ ਰਿਚਾਰਜ ਖ਼ਤਮ ਹੋਣ 'ਤੇ ਆਊਟਗੋਇੰਗ ਬੰਦ ਹੋਣਾ ਤਾਂ ਸਮਝ ਆਉਂਦਾ ਹੈ, ਪਰ ਇਨਮਕਿੰਗ ਕਾਲ ਬੰਦ ਕਰਨਾ ਸਰਾਸਰ ਮਨਮਾਨੀ ਹੈ।
'ਮੋਬਾਈਲ ਨੰਬਰ ਸਾਡੀ ਡਿਜੀਟਲ ਪਛਾਣ'
'ਆਪ' ਸਾਂਸਦ ਨੇ ਕਿਹਾ ਕਿ ਸਾਡਾ ਮੋਬਾਈਲ ਨੰਬਰ ਅੱਜ ਦੇ ਸਮੇਂ ਵਿੱਚ ਸਾਡੀ ਡਿਜੀਟਲ ਪਛਾਣ ਬਣ ਚੁੱਕਾ ਹੈ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਬੈਂਕਿੰਗ, UPI ਪੇਮੈਂਟ, ਟ੍ਰੇਨ ਟਿਕਟ ਦਾ OTP, ਪੈਨ-ਆਧਾਰ ਵੈਰੀਫਿਕੇਸ਼ਨ, ਇੰਟਰਵਿਊ ਕਾਲ, ਹਸਪਤਾਲ ਦੀ ਕਾਲ ਅਤੇ ਮਾਪਿਆਂ ਦੀ ਕਾਲ—ਇਹ ਸਭ ਇਨਕਮਿੰਗ ਕਾਲਾਂ ਅਤੇ SMS ਰਾਹੀਂ ਹੀ ਸੰਭਵ ਹੁੰਦਾ ਹੈ। ਪਰ ਇਹ ਸਭ ਸਿਰਫ਼ ਇਸ ਲਈ ਬੰਦ ਹੋ ਜਾਂਦਾ ਹੈ ਕਿਉਂਕਿ ਕੋਈ ਵਿਅਕਤੀ ਰਿਚਾਰਜ ਕਰਵਾਉਣਾ ਭੁੱਲ ਗਿਆ।
'ਇਨਕਮਿੰਗ ਬੰਦ ਕਰਨਾ, ਸੰਚਾਰ ਦੇ ਅਧਿਕਾਰ ਨੂੰ ਰੋਕਣਾ ਹੈ'
ਉਨ੍ਹਾਂ ਕਿਹਾ ਕਿ ਇਨਕਮਿੰਗ ਬੰਦ ਕਰਨਾ ਕੇਵਲ ਸੇਵਾ ਨੂੰ ਰੋਕਣਾ ਨਹੀਂ, ਸਗੋਂ ਸਾਡੇ 'ਰਾਈਟ ਟੂ ਕਮਿਊਨੀਕੇਸ਼ਨ' (ਸੰਚਾਰ ਦੇ ਅਧਿਕਾਰ) ਨੂੰ ਰੋਕਣਾ ਹੈ। ਜਿਵੇਂ ਆਧਾਰ ਕਾਰਡ ਇਸ ਲਈ ਐਕਸਪਾਇਰ ਨਹੀਂ ਹੁੰਦਾ ਕਿਉਂਕਿ ਤੁਸੀਂ ਡਿਟੇਲ ਨਹੀਂ ਭਰੀ, ਜਾਂ ਬੈਂਕ ਖਾਤਾ ਮਹੀਨਾਵਾਰ ਪੈਸੇ ਨਾ ਜਮ੍ਹਾ ਕਰਵਾਉਣ 'ਤੇ ਬੰਦ ਨਹੀਂ ਹੁੰਦਾ, ਉਸੇ ਤਰ੍ਹਾਂ ਮੋਬਾਈਲ ਨੰਬਰ ਵੀ ਡਿਐਕਟੀਵੇਟ ਨਹੀਂ ਹੋਣਾ ਚਾਹੀਦਾ।
ਰਾਘਵ ਚੱਢਾ ਨੇ ਸਪੱਸ਼ਟ ਕੀਤਾ ਕਿ ਉਹ ਮੁਫ਼ਤ ਆਊਟਗੋਇੰਗ ਜਾਂ ਮੁਫ਼ਤ ਡੇਟਾ ਦੀ ਮੰਗ ਨਹੀਂ ਕਰ ਰਹੇ, ਪਰ ਇਨਕਮਿੰਗ ਦੀ ਗਾਰੰਟੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸਦਨ ਵਿੱਚ ਇਹ ਤਿੰਨ ਅਹਿਮ ਮੰਗਾਂ ਰੱਖੀਆਂ:
ਇੱਕ ਸਾਲ ਦੀ ਵੈਧਤਾ: ਪ੍ਰੀ-ਪੇਡ ਕੁਨੈਕਸ਼ਨ ਵਿੱਚ ਇਨਕਮਿੰਗ ਕਾਲ ਅਤੇ SMS ਦੀ ਸਹੂਲਤ ਆਖਰੀ ਰਿਚਾਰਜ ਤੋਂ ਬਾਅਦ ਘੱਟੋ-ਘੱਟ ਇੱਕ ਸਾਲ ਤੱਕ ਚੱਲਦੀ ਰਹਿਣੀ ਚਾਹੀਦੀ ਹੈ।
ਤਿੰਨ ਸਾਲ ਦਾ ਗ੍ਰੇਸ ਪੀਰੀਅਡ: ਕੋਈ ਵੀ ਮੋਬਾਈਲ ਨੰਬਰ ਘੱਟੋ-ਘੱਟ 3 ਸਾਲ ਬਾਅਦ ਹੀ ਡਿਐਕਟੀਵੇਟ ਹੋਣਾ ਚਾਹੀਦਾ ਹੈ। ਅਜਿਹਾ ਨਾ ਹੋਵੇ ਕਿ ਤੁਹਾਡਾ ਨੰਬਰ ਤੁਰੰਤ ਕਿਸੇ ਹੋਰ ਨੂੰ ਅਲਾਟ ਕਰ ਦਿੱਤਾ ਜਾਵੇ।
ਸਸਤੇ ਰਿਚਾਰਜ ਪਲਾਨ: ਮੋਬਾਈਲ ਕੰਪਨੀਆਂ ਵੱਲੋਂ ਸਿਰਫ਼ ਇਨਕਮਿੰਗ ਸੇਵਾਵਾਂ ਚਾਲੂ ਰੱਖਣ ਲਈ ਘੱਟ ਕੀਮਤ ਵਾਲੇ ਰਿਚਾਰਜ ਵਿਕਲਪ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ।