'ਘਬਰਾਹਟ 'ਚ ਆ ਕੇ ਨਾ ਕਰੋ LPG ਬੁਕਿੰਗ', ਸਰਕਾਰ ਦੀ ਲੋਕਾਂ ਨੂੰ ਅਪੀਲ; 30% ਵਧਿਆ ਉਤਪਾਦਨ
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਅਸੀਂ ਸੂਬਾ ਸਰਕਾਰਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਉਹ ਤਰਜੀਹ ਦੇ ਮਾਪਦੰਡ ਨਿਰਧਾਰਤ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਇਹ ਕਮਰਸ਼ੀਅਲ ਸਿਲੰਡਰ ਪ੍ਰਭਾਵਸ਼ਾਲੀ ਢੰਗ ਨਾਲ ਉਨ੍ਹਾਂ ਖਪਤਕਾਰਾਂ ਤਕ ਪਹੁੰਚਣ ਜਿਨ੍ਹਾਂ ਲਈ ਇਹ ਹਨ।
Publish Date: Fri, 13 Mar 2026 05:09 PM (IST)
Updated Date: Fri, 13 Mar 2026 05:16 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਦੇਸ਼ 'ਚ ਗੈਸ ਸੰਕਟ ਦੌਰਾਨ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਜਿੱਥੋਂ ਤਕ ਕੱਚੇ ਤੇਲ ਦੀ ਗੱਲ ਹੈ, ਸਾਡੇ ਕੋਲ 258 ਮਿਲੀਅਨ ਮੀਟ੍ਰਿਕ ਟਨ ਦੀ ਰਿਫਾਈਨਿੰਗ ਸਮਰੱਥਾ ਹੈ। ਅਸੀਂ ਪੈਟਰੋਲ ਤੇ ਡੀਜ਼ਲ ਦੇ ਉਤਪਾਦਨ 'ਚ ਆਤਮ-ਨਿਰਭਰ ਹਾਂ, ਇਸ ਲਈ ਭਾਰਤ ਵਿੱਚ ਇਨ੍ਹਾਂ ਈਧਣ ਨੂੰ ਦਰਾਮਦ ਕਰਨ ਦੀ ਕੋਈ ਲੋੜ ਨਹੀਂ ਹੈ। ਸਾਡੀਆਂ ਸਾਰੀਆਂ ਰਿਫਾਇਨਰੀਆਂ ਇਸ ਸਮੇਂ 100% ਸਮਰੱਥਾ ਜਾਂ ਉਸ ਤੋਂ ਵੀ ਵੱਧ ਸਮਰੱਥਾ 'ਤੇ ਕੰਮ ਕਰ ਰਹੀਆਂ ਹਨ।
ਰਿਫਾਇਨਰੀਆਂ 30% ਵੱਧ LPG ਦਾ ਉਤਪਾਦਨ ਕਰ ਰਹੀਆਂ ਹਨ : ਸਰਕਾਰ
ਉਨ੍ਹਾਂ ਕਿਹਾ ਕਿ ਘਰੇਲੂ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਯਕੀਨੀ ਬਣਾਈ ਗਈ ਹੈ। ਇਸੇ ਤਰ੍ਹਾਂ ਹਸਪਤਾਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਵੀ LPG ਦੀ ਸਪਲਾਈ ਕੀਤੀ ਜਾ ਰਹੀ ਹੈ। ਅੱਜ ਦੀ ਤਾਰੀਖ ਤਕ, LPG ਦੇ ਘਰੇਲੂ ਉਤਪਾਦਨ 'ਚ 30% ਦਾ ਵਾਧਾ ਹੋਇਆ ਹੈ। 5 ਮਾਰਚ ਦੀ ਤੁਲਨਾ ਵਿੱਚ, ਸਾਡੀਆਂ ਰਿਫਾਇਨਰੀਆਂ ਇਸ ਸਮੇਂ 30% ਵੱਧ LPG ਦਾ ਉਤਪਾਦਨ ਕਰ ਰਹੀਆਂ ਹਨ। ਜਿੱਥੋਂ ਤੱਕ ਕਮਰਸ਼ੀਅਲ ਸਿਲੰਡਰਾਂ ਦੀ ਗੱਲ ਹੈ, ਤਾਂ ਤਰਜੀਹ ਦੇ ਅਧਾਰ 'ਤੇ ਵੰਡ ਨੂੰ ਸੁਖਾਲਾ ਬਣਾਉਣ ਲਈ ਇਨ੍ਹਾਂ ਨੂੰ ਸੂਬਾ ਸਰਕਾਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਅਸੀਂ ਸੂਬਾ ਸਰਕਾਰਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਉਹ ਤਰਜੀਹ ਦੇ ਮਾਪਦੰਡ ਨਿਰਧਾਰਤ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਇਹ ਕਮਰਸ਼ੀਅਲ ਸਿਲੰਡਰ ਪ੍ਰਭਾਵਸ਼ਾਲੀ ਢੰਗ ਨਾਲ ਉਨ੍ਹਾਂ ਖਪਤਕਾਰਾਂ ਤਕ ਪਹੁੰਚਣ ਜਿਨ੍ਹਾਂ ਲਈ ਇਹ ਹਨ।
ਰਿਫਾਇਨਰੀਆਂ ਕੋਲ ਕੱਚੇ ਤੇਲ ਦਾ ਲੋੜੀਂਦਾ ਭੰਡਾਰ : ਸਰਕਾਰ
ਉਨ੍ਹਾਂ ਕਿਹਾ ਕਿ ਰਿਫਾਇਨਰੀਆਂ ਕੋਲ ਕੱਚੇ ਤੇਲ ਦਾ ਲੋੜੀਂਦਾ ਭੰਡਾਰ ਹੈ, ਅਤੇ ਇਸ ਤੋਂ ਇਲਾਵਾ ਇਸ ਦੀ ਸਪਲਾਈ ਵੀ ਲਗਾਤਾਰ ਬਣੀ ਹੋਈ ਹੈ। ਘਰੇਲੂ ਖਪਤਕਾਰਾਂ ਨੂੰ PNG ਅਤੇ CNG ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਜਾਂ ਕਟੌਤੀ ਦੇ ਯਕੀਨੀ ਬਣਾਈ ਜਾ ਰਹੀ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ।