ਸਲੀਮ ਡੋਲਾ ਖਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰ ਲਿਆ ਹੈ। ਅਕਤੂਬਰ 2025 'ਚ ED ਦੇ ਮੁੰਬਈ ਜ਼ੋਨਲ ਦਫ਼ਤਰ ਨੇ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA), 2002 ਦੇ ਤਹਿਤ ਮੁੰਬਈ ਵਿੱਚ ਅੱਠ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।

ਜਾਗਰਣ ਪੱਤਰਕਾਰ, ਨਵੀਂ ਦਿੱਲੀ : ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਵੱਡਾ ਤਸਕਰ ਤੇ ਦਾਊਦ ਇਬਰਾਹਿਮ ਦਾ ਕਰੀਬੀ ਮੰਨੇ ਜਾਣ ਵਾਲੇ ਸਲੀਮ ਡੋਲਾ ਨੂੰ ਤੁਰਕੀਏ ਦੀਆਂ ਸੁਰੱਖਿਆ ਏਜੰਸੀਆਂ ਨੇ ਇੰਸਤਾਂਬੁਲ 'ਚ ਗ੍ਰਿਫ਼ਤਾਰ ਕਰ ਲਿਆ ਹੈ। ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸੋਮਵਾਰ ਨੂੰ ਸਲੀਮ ਡੋਲਾ ਨੂੰ ਭਾਰਤ ਲਿਆਂਦਾ ਗਿਆ।
ਤੁਰਕੀਏ ਦੀ ਰਾਸ਼ਟਰੀ ਖੁਫੀਆ ਏਜੰਸੀ (MIT) ਅਤੇ ਇੰਸਤਾਂਬੁਲ ਪੁਲਿਸ ਦੀ ਸਾਂਝੀ ਕਾਰਵਾਈ ਵਿੱਚ ਸਲੀਮ ਡੋਲਾ ਨੂੰ ਬੇਇਲਿਕਦੁਜੂ ਇਲਾਕੇ ਤੋਂ ਦਬੋਚਿਆ ਗਿਆ। ਉਹ ਲੰਬੇ ਸਮੇਂ ਤੋਂ ਫਰਾਰ ਸੀ ਅਤੇ ਦੁਬਈ ਤੋਂ ਆਪਣੇ ਵਿਸ਼ਾਲ ਡਰੱਗ ਸਿੰਡੀਕੇਟ ਨੂੰ ਚਲਾ ਰਿਹਾ ਸੀ।
ਸਲੀਮ ਡੋਲਾ ਖਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰ ਲਿਆ ਹੈ। ਅਕਤੂਬਰ 2025 ਵਿੱਚ ED ਦੇ ਮੁੰਬਈ ਜ਼ੋਨਲ ਦਫ਼ਤਰ ਨੇ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA), 2002 ਦੇ ਤਹਿਤ ਮੁੰਬਈ ਵਿੱਚ ਅੱਠ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।
ਇਹ ਕਾਰਵਾਈ ਫੈਸਲ ਜਾਵੇਦ ਸ਼ੇਖ ਅਤੇ ਉਸਦੀ ਪਤਨੀ ਅਲਫੀਆ ਫੈਸਲ ਸ਼ੇਖ ਦੁਆਰਾ ਚਲਾਏ ਜਾ ਰਹੇ ਡਰੱਗ ਵੇਚਣ ਦੇ ਨਾਜਾਇਜ਼ ਪੈਸੇ ਦਾ ਪਤਾ ਲਗਾਉਣ ਲਈ ਕੀਤੀ ਗਈ ਸੀ। ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਫੈਸਲ ਸ਼ੇਖ, ਸਲੀਮ ਡੋਲਾ ਦੇ ਜ਼ਰੀਏ ਐਮਡੀ ਡਰੱਗ (ਮੇਫੇਡ੍ਰੋਨ) ਖਰੀਦਦਾ ਸੀ।
ਸਲੀਮ ਡੋਲਾ ਨੂੰ ਨਾਰਕੋਟਿਕਸ ਤਸਕਰੀ ਅਤੇ ਨਾਜਾਇਜ਼ ਡਰੱਗ ਨੈੱਟਵਰਕ ਨੂੰ ਫੰਡਿੰਗ ਕਰਨ ਦੇ ਦੋਸ਼ ਵਿੱਚ ਕਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਪਹਿਲਾਂ ਹੀ ਭਗੌੜਾ (ਵਾਂਟੇਡ) ਘੋਸ਼ਿਤ ਕਰ ਚੁੱਕੀਆਂ ਹਨ।
ਸੂਤਰਾਂ ਅਨੁਸਾਰ, ਸਲੀਮ ਡੋਲਾ ਦਾਊਦ ਇਬਰਾਹਿਮ ਦੀ ਡੀ-ਕੰਪਨੀ ਦਾ ਅਹਿਮ ਮੈਂਬਰ ਮੰਨਿਆ ਜਾਂਦਾ ਹੈ। ਉਸ ਦੇ ਪਿਤਾ ਵੀ ਮੁੰਬਈ ਵਿੱਚ ਦਾਊਦ ਦੇ ਨਾਲ ਕੰਮ ਕਰ ਚੁੱਕੇ ਸਨ। ਬਾਅਦ ਵਿੱਚ ਸਲੀਮ ਡੋਲਾ ਦੁਬਈ ਵਿੱਚ ਡਰੱਗਜ਼ ਦੀ ਸਪਲਾਈ ਚੇਨ ਸੰਭਾਲਣ ਲੱਗਾ। ਉਸ ਦਾ ਨੈੱਟਵਰਕ ਸਿੰਥੈਟਿਕ ਡਰੱਗਜ਼ (ਖਾਸ ਕਰਕੇ ਮੇਫੇਡ੍ਰੋਨ/ਐਮਡੀ) ਦੀ ਤਸਕਰੀ ਨਾਲ ਜੁੜਿਆ ਸੀ, ਜਿਸਦੀ ਅੰਦਾਜ਼ਨ ਕੀਮਤ ਹਜ਼ਾਰਾਂ ਕਰੋੜ ਰੁਪਏ ਦੱਸੀ ਜਾਂਦੀ ਹੈ।
ਇਸ ਤੋਂ ਪਹਿਲਾਂ ਮੁੰਬਈ ਪੁਲਿਸ ਅਤੇ ਐਨਸੀਬੀ (NCB) ਨੇ ਸਲੀਮ ਡੋਲਾ ਦੇ ਨੈੱਟਵਰਕ 'ਤੇ ਕਈ ਵੱਡੇ ਹਮਲੇ ਕੀਤੇ ਸਨ। ਅਕਤੂਬਰ 2025 ਵਿੱਚ ਉਸ ਦੇ ਪ੍ਰਮੁੱਖ ਸਾਥੀ ਮੁਹੰਮਦ ਸਲੀਮ ਸੋਹੇਲ ਸ਼ੇਖ ਨੂੰ ਦੁਬਈ ਤੋਂ ਭਾਰਤ ਲਿਆਂਦਾ ਗਿਆ ਸੀ। ਨਵੰਬਰ 2025 ਵਿੱਚ ਉਸ ਦੇ ਬੇਟੇ ਤਾਹਿਰ ਡੋਲਾ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਵੀ ਦੁਬਈ ਤੋਂ ਭਾਰਤ ਲਿਆ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਸਲੀਮ ਡੋਲਾ 'ਤੇ ਇੱਕ ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਹੋਇਆ ਸੀ ਅਤੇ ਉਸ ਦੇ ਖਿਲਾਫ ਇੰਟਰਪੋਲ ਰੈੱਡ ਕਾਰਨਰ ਨੋਟਿਸ (RCN) ਜਾਰੀ ਸੀ। ਮੁੰਬਈ ਪੁਲਿਸ ਨੇ ਵੀ ਉਸ ਦੇ ਖਿਲਾਫ RCN ਜਾਰੀ ਕੀਤਾ ਹੋਇਆ ਹੈ।
ਸਲੀਮ ਡੋਲਾ ਕੋਲ ਸਾਊਦੀ ਅਰਬ ਜਾਂ ਯੂਏਈ (UAE) ਦਾ ਪਾਸਪੋਰਟ ਹੋਣ ਦੀ ਜਾਣਕਾਰੀ ਹੈ। ਤੁਰਕੀਏ ਤੋਂ ਸਿੱਧਾ ਭਾਰਤ ਲਿਆਉਣਾ ਮੁਸ਼ਕਿਲ ਹੋਣ ਕਾਰਨ ਭਾਰਤੀ ਏਜੰਸੀਆਂ ਨੇ ਯੂਏਈ ਦੇ ਰਸਤੇ ਉਸ ਨੂੰ ਭਾਰਤ ਲਿਆਉਣ ਦਾ ਫੈਸਲਾ ਕੀਤਾ ਸੀ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਸਲੀਮ ਡੋਲਾ ਦੀ ਗ੍ਰਿਫ਼ਤਾਰੀ ਨਾਲ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਵੱਡਾ ਪਰਦਾਫਾਸ਼ ਹੋ ਸਕਦਾ ਹੈ ਅਤੇ ਡੀ-ਕੰਪਨੀ ਦੇ ਕਈ ਰਾਜ਼ ਖੁੱਲ੍ਹ ਸਕਦੇ ਹਨ।