ਪੰਜ ਦੇਸ਼ਾਂ ਦੀ ਯਾਤਰਾ ’ਤੇ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ਵਾਸੀਆਂ ਨੂੰ ਜਿੱਥੋਂ ਤੱਕ ਸੰਭਵ ਹੋਵੇ ਡੀਜ਼ਲ ਤੇ ਪੈਟਰੋਲ ਦੇ ਖ਼ਰਚ ’ਚ ਕਟੌਤੀ ਕਰਨ ਤੇ ਇਕ ਸਾਲ ਲਈ ਸੋਨੇ ਦੀ ਖ਼ਰੀਦ ਟਾਲ਼ਣ ਦੀ ਅਪੀਲ ਕੀਤੀ ਸੀ। ਇਸ ਅਪੀਲ ’ਤੇ ਅਮਲ ਕਰਦੇ ਹੋਏ ਖ਼ੁਦ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੁਰੱਖਿਆ ਕਾਫ਼ਲੇ ’ਚ ਕਟੌਤੀ ਕਰ ਦਿੱਤੀ ਸੀ।

ਜਾਗਰਣ ਬਿਊਰੋ, ਨਵੀਂ ਦਿੱਲੀ : ਪੱਛਮੀ ਏਸ਼ੀਆ ਸੰਕਟ ਵਿਚਾਲੇ 40 ਅਰਬ ਡਾਲਰ ਦੇ ਨਿਵੇਸ਼ ਪ੍ਰਸਤਾਵਾਂ ਦੇ ਨਾਲ ਪੰਜ ਦੇਸ਼ਾਂ ਦੀ ਯਾਤਰਾ ਤੋਂ ਪਰਤਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੀ ਮੰਤਰੀ ਪ੍ਰੀਸ਼ਦ ਦੇ ਨਾਲ ਲੰਬੀ ਬੈਠਕ ਕੀਤੀ ਤੇ ਹਰ ਪੱਧਰ ’ਤੇ ਤਿਆਰ ਰਹਿਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਸਾਰੇ ਮੰਤਰੀਆਂ ਨੂੰ ਆਪੋ-ਆਪਣੇ ਵਿਭਾਗਾਂ ’ਚ ਗ਼ੈਰਜ਼ਰੂਰੀ ਖ਼ਰਚਿਆਂ ’ਚ ਕਟੌਤੀ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਮੰਤਰੀਆਂ ਨੂੰ ਸੰਵੇਦਨਸ਼ੀਲਤਾ ਤੇ ਚੌਕਸੀ ਨਾਲ ਵਧਣ ਦਾ ਸੰਦੇਸ਼ ਦਿੰਦੇ ਹੋਏ ਹਰ ਪੱਧਰ ’ਤੇ ਅਜਿਹੇ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਜਿਹੜੇ ਅਰਥਚਾਰੇ ਦੀ ਰਫ਼ਤਾਰ ਨੂੰ ਬਰਕਰਾਰ ਰੱਖਣ। ਬੈਠਕ ’ਚ ਪ੍ਰਿਜ਼ੈਂਟੇਸ਼ਨ ਦੇ ਜ਼ਰੀਏ ਦੱਸਿਆ ਗਿਆ ਕਿ ਪੱਛਮੀ ਏਸ਼ੀਆ ’ਚ ਗ਼ੈਰਯਕੀਨੀ ਹੈ ਤੇ ਕੋਈ ਵੀ ਦੇਸ਼ ਉਸ ਦੇ ਪ੍ਰਭਾਵ ਤੋਂ ਬਾਹਰ ਨਹੀਂ ਹੈ। ਭਾਰਤ ਮਜ਼ਬੂਤੀ ਨਾਲ ਖੜ੍ਹਾ ਹੈ, ਪਰ ਬਹੁਤ ਸਾਵਧਾਨੀ ਨਾਲ ਵਧਣ ਦੀ ਲੋੜ ਹੈ। ਮੰਤਰੀ ਪ੍ਰੀਸ਼ਦ ਨੂੰ ਪ੍ਰਧਾਨ ਮੰਤਰੀ ਦੀ ਪੰਜ ਦੇਸ਼ਾਂ ਦੀ ਸਫ਼ਲ ਯਾਤਰਾ ਤੇ ਉਸ ਦੀਆਂ ਉਪਲਬਧੀਆਂ ਦੀ ਜਾਣਕਾਰੀ ਵੀ ਦਿੱਤੀ ਗਈ।
ਪੰਜ ਦੇਸ਼ਾਂ ਦੀ ਯਾਤਰਾ ’ਤੇ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ਵਾਸੀਆਂ ਨੂੰ ਜਿੱਥੋਂ ਤੱਕ ਸੰਭਵ ਹੋਵੇ ਡੀਜ਼ਲ ਤੇ ਪੈਟਰੋਲ ਦੇ ਖ਼ਰਚ ’ਚ ਕਟੌਤੀ ਕਰਨ ਤੇ ਇਕ ਸਾਲ ਲਈ ਸੋਨੇ ਦੀ ਖ਼ਰੀਦ ਟਾਲ਼ਣ ਦੀ ਅਪੀਲ ਕੀਤੀ ਸੀ। ਇਸ ਅਪੀਲ ’ਤੇ ਅਮਲ ਕਰਦੇ ਹੋਏ ਖ਼ੁਦ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੁਰੱਖਿਆ ਕਾਫ਼ਲੇ ’ਚ ਕਟੌਤੀ ਕਰ ਦਿੱਤੀ ਸੀ। ਕੈਬਨਿਟ ਦੀ ਬੈਠਕ ’ਚ ਉਹ ਸਿਰਫ਼ ਦੋ ਗੱਡੀਆਂ ਨਾਲ ਗਏ ਸਨ। ਇਸੇ ਤਰ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਕੈਬਨਿਟ ਮੰਤਰੀਆਂ ਤੇ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੀ ਆਪਣੇ ਸੁਰੱਖਿਆ ਕਾਫ਼ਲੇ ’ਚ ਕਟੌਤੀ ਦਾ ਐਲਾਨ ਕੀਤਾ ਸੀ। ਮੰਤਰੀ ਪ੍ਰੀਸ਼ਦ ਦੀ ਬੈਠਕ ’ਚ ਪ੍ਰਧਾਨ ਮੰਤਰੀ ਨੇ ਇਸ ਅਪੀਲ ਨੂੰ ਦੋਹਰਾਇਆ ਤੇ ਕਿਹਾ ਕਿ ਸਾਰੇ ਮੰਤਰੀ ਖ਼ੁਦ ਦੇ ਨਾਲ-ਨਾਲ ਆਪਣੇ ਕਰੀਬੀ ਲੋਕਾਂ ਨੂੰ ਵੀ ਇਸ ਤਰ੍ਹਾਂ ਅਮਲ ਕਰਨ ਲਈ ਪ੍ਰੇਰਿਤ ਕਰਨ।
ਮੰਤਰੀ ਪ੍ਰੀਸ਼ਦ ਦੀ ਬੈਠਕ ’ਚ ਭਾਜਪਾ ਸਮੇਤ ਐੱਨਡੀਏ ਦੀਆਂ ਸਾਰੀਆਂ ਪਾਰਟੀਆਂ ਨੇ ਪੱਛਮੀ ਏਸ਼ੀਆ ਸੰਕਟ ਨਾਲ ਨਜਿੱਠਣ ਲਈ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਦੁਨੀਆ ਦੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਘੱਟ ਵਾਧਾ ਕਰ ਕੇ ਜਨਤਾ ’ਤੇ ਘੱਟ ਬੋਝ ਪਾਉਣ ਨੂੰ ਵੀ ਚੰਗਾ ਕਦਮ ਦੱਸਿਆ। ਨਾਲ ਹੀ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਠੱਪ ਹੋਣ ਦੇ ਬਾਅਦ ਡੀਜ਼ਲ, ਪੈਟਰੋਲ, ਐੱਲਪੀਜੀ, ਸੀਐੱਨਜੀ ਤੇ ਪੀਐੱਨਜੀ ਦੀ ਸਪਲਾਈ ਸਹੀ ਤਰੀਕੇ ਨਾਲ ਰੱਖਣ ਲਈ ਚੁੱਕੇ ਗਏ ਕਦਮਾਂ ਦੀ ਪ੍ਰਸੰਸਾ ਕੀਤੀ। ਜ਼ਿਕਰਯੋਗ ਹੈ ਕਿ 26 ਮਈ ਨੂੰ ਮੋਦੀ ਸਰਕਾਰ ਦੇ ਕਾਰਜਕਾਲ ਦੇ 12 ਸਾਲ ਪੂਰੇ ਹੋ ਰਹੇ ਹਨ ਤੇ ਨੌਂ ਜੂਨ ਨੂੰ ਤੀਜੇ ਕਾਰਜਕਾਲ ਦੀ ਦੂਜੀ ਵਰ੍ਹੇਗੰਢ ਵੀ ਹੋਵੇਗੀ। ਇਸ ਬਾਰੇ ਸਾਰੇ ਵਿਭਾਗਾਂ ਤੋਂ ਉਪਲਬਧੀਆਂ ਦਾ ਵੇਰਵਾ ਵੀ ਮੰਗਿਆ ਗਿਆ।