- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਨਵੀਂ ਥੈਰੇਪੀ ਨਾਲ ਮਰੀਜ਼ਾਂ ਨੂੰ ਸਾਲ ਭਰ ’ਚ 365 ਦੀ ਥਾਂ ਸਿਰਫ਼ 52 ਇੰਜੈਕਸ਼ਨ ਲਾਉਣੇ ਪੈਣਗੇ। ਕੰਪਨੀ ਮੁਤਾਬਕ, ਆਲਮੀ ਆਨਵਰਡਸ-1 ਕਲੀਨਿਕਲ ਟਰਾਇਲ ’ਚ ਅਵੀਕਲੀ ਨੇ ਰੋਜ਼ਾਨਾ ਦਿੱਤੇ ਜਾਣ ਵਾਲੇ ਇਨਸੁਲਿਨ ਗਲਾਰਜੀਨ-ਯੂ100 ਦੀ ਤੁਲਨਾ ’ਚ ਬਲੱਡ ਸ਼ੂਗਰ (ਐੱਚਬੀਏ1ਸੀ) ਨੂੰ ਬਿਹਤਰ ਢੰਗ ਨਾਲ ਕੰਟਰੋਲ ਕਰਨ ਤੇ ਗਲੂਕੋਜ਼ ਨੂੰ ਸੁਰੱਖਿਅਤ ਪੱਧਰ ’ਤੇ ਵੱਧ ਸਮੇਂ ਤੱਕ ਬਣਾਈ ਰੱਖਣ ’ਚ ਚੰਗੇ ਨਤੀਜੇ ਦਿੱਤੇ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਡਾਇਬਟੀਜ਼ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ ਹੈ। ਡੈਨਮਾਰਕ ਦੀ ਦਵਾਈ ਕੰਪਨੀ ਨੋਵੋ ਨੋਰਡਿਸਕ ਨੇ ਭਾਰਤ ’ਚ ਟਾਈਪ-1 ਤੇ ਟਾਈਪ-2 ਡਾਇਬਟੀਜ਼ ਨਾਲ ਪੀੜਤ ਬਾਲਗਾਂ ਲਈ ਹਫ਼ਤੇ ’ਚ ਇਕ ਵਾਰ ਲੱਗਣ ਵਾਲਾ ਇਨਸੁਲਿਨ ਇੰਜੈਕਸ਼ਨ ‘ਅਵੀਕਲੀ’ ਲਾਂਚ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਪਹਿਲਾ ਬੇਸਲ ਇਨਸੁਲਿਨ ਹੈ, ਜਿਸ ਨੂੰ ਰੋਜ਼ਾਨਾ ਦੀ ਥਾਂ ਹਫ਼ਤੇ ’ਚ ਸਿਰਫ਼ ਇਕ ਵਾਰ ਲਗਾਉਣਾ ਪੈਂਦਾ ਹੈ।
ਇਸ ਨਵੀਂ ਥੈਰੇਪੀ ਨਾਲ ਮਰੀਜ਼ਾਂ ਨੂੰ ਸਾਲ ਭਰ ’ਚ 365 ਦੀ ਥਾਂ ਸਿਰਫ਼ 52 ਇੰਜੈਕਸ਼ਨ ਲਾਉਣੇ ਪੈਣਗੇ। ਕੰਪਨੀ ਮੁਤਾਬਕ, ਆਲਮੀ ਆਨਵਰਡਸ-1 ਕਲੀਨਿਕਲ ਟਰਾਇਲ ’ਚ ਅਵੀਕਲੀ ਨੇ ਰੋਜ਼ਾਨਾ ਦਿੱਤੇ ਜਾਣ ਵਾਲੇ ਇਨਸੁਲਿਨ ਗਲਾਰਜੀਨ-ਯੂ100 ਦੀ ਤੁਲਨਾ ’ਚ ਬਲੱਡ ਸ਼ੂਗਰ (ਐੱਚਬੀਏ1ਸੀ) ਨੂੰ ਬਿਹਤਰ ਢੰਗ ਨਾਲ ਕੰਟਰੋਲ ਕਰਨ ਤੇ ਗਲੂਕੋਜ਼ ਨੂੰ ਸੁਰੱਖਿਅਤ ਪੱਧਰ ’ਤੇ ਵੱਧ ਸਮੇਂ ਤੱਕ ਬਣਾਈ ਰੱਖਣ ’ਚ ਚੰਗੇ ਨਤੀਜੇ ਦਿੱਤੇ। ਨਾਲ ਹੀ, ਵੱਧ ਮਰੀਜ਼ ਬਿਨਾਂ ਗੰਭੀਰ ਹਾਈਪੋਗਲਾਈਸੀਮੀਆ (ਬਲੱਡ ਸ਼ੂਗਰ ਦਾ ਬੁਹਤ ਘੱਟ ਹੋ ਜਾਣਾ) ਦੇ ਟੀਚੇ ਹਾਸਲ ਕਰ ਸਕੇ।
ਏਐੱਨਆਈ ਮੁਤਾਬਕ, ਨੋਵੋ ਨੋਰਡਿਸਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਵਿਕਰਾਂਤ ਸ਼੍ਰੋਤੀਏ ਨੇ ਕਿਹਾ ਕਿ ਹਫ਼ਤੇ ’ਚ ਇਕ ਵਾਰ ਇਨਸੁਲਿਨ ਲੈਣ ਦੀ ਸਹੂਲਤ ਮਰੀਜ਼ਾਂ ’ਚ ਇੰਜੈਕਸ਼ਨ ਦਾ ਡਰ, ਇਲਾਜ ਦੀ ਪੇਚੀਦਗੀ ਤੇ ਰੈਗੂਲਰ ਦਵਾਈ ਲੈਣ ਨਾਲ ਜੁੜੇ ਮਾਨਸਿਕ ਅੜਿੱਕਿਆਂ ਨੂੰ ਘੱਟ ਕਰ ਸਕਦੀ ਹੈ। ਕੰਪਨੀ ਨੇ ਇਸ ਦੇ 700 ਯੂਨਿਟ ਪੈਕ ਦੀ ਕੀਮਤ 2,611 ਰੁਪਏ ਤੈਅ ਕੀਤੀ ਹੈ, ਭਾਵ ਪ੍ਰਤੀ ਯੂਨਿਟ ਲਾਗਤ ਲਗਪਗ 3.73 ਰੁਪਏ ਹੋਵੇਗੀ, ਜੋ ਕਈ ਮੌਜੂਦਾ ਰੋਜ਼ਾਨਾ ਇਨਸੁਲਿਨ ਬਦਲਾਂ ਤੋਂ ਘੱਟ ਦੱਸੀ ਜਾ ਰਹੀ ਹੈ।
ਇੰਦਰਪ੍ਰਸਥ ਅਪੋਲੋ ਹਸਪਤਾਲ ਦੇ ਸੀਨੀਅਰ ਏਂਡੋਕ੍ਰਿਨੋਲਾਜਿਸਟ ਡਾ. ਐੱਸ. ਕੇ. ਵਾਂਗਨੂ ਨੇ ਕਿਹਾ ਕਿ ਰੋਜ਼ਾਨਾ ਇੰਜੈਕਸ਼ਨ ਦੇ ਕਾਰਨ ਕਈ ਮਰੀਜ਼ ਇਨਸੁਲਿਨ ਥੈਰੇਪੀ ਸ਼ੁਰੂ ਕਰਨ ’ਚ ਦੇਰੀ ਕਰਦੇ ਹਨ। ਇਸ ਕਾਰਨ ਹਫ਼ਤੇ ’ਚ ਇਕ ਵਾਰ ਲੱਗਣ ਵਾਲਾ ਇੰਜੈਕਸ਼ਨ ਸਮੇਂ ’ਤੇ ਇਲਾਜ ਸ਼ੁਰੂ ਕਰਨ ਤੇ ਬਿਹਤਰ ਸ਼ੂਗਰ ਕੰਟਰੋਲ ’ਚ ਮਦਦਗਾਰ ਹੋ ਸਕਦਾ ਹੈ।
ਭਾਰਤ ’ਚ ਡਾਇਬਟੀਜ਼ ਦਾ ਵਧਦਾ ਭਾਰ
ਮੀਡੀਆ ਰਿਪੋਰਟ ਦੇ ਮੁਤਾਬਕ, ਭਾਰਤ ’ਚ 10 ਕਰੋੜ ਤੋਂ ਵੱਧ ਲੋਕ ਡਾਇਬਟੀਜ਼ ਨਾਲ ਪੀ਼ੜਤ ਹਨ, ਜਦਕਿ ਕਰੀਬ 13.6 ਕਰੋੜ ਲੋਕ ਪ੍ਰੀ ਡਾਇਬਟੀਜ਼ ਦੇ ਵਰਗ ’ਚ ਹਨ। ਮਾਹਿਰਾਂ ਮੁਤਾਬਕ, ਦੇਸ਼ ’ਚ ਮਰੀਜ਼ ਔਸਤਨ 7 ਤੋਂ 9 ਸਾਲ ਦੀ ਦੇਰੀ ਨਾਲ ਇਨਸੁਲਿਨ ਥੈਰੇਪੀ ਸ਼ੁਰੂ ਕਰਦੇ ਹਨ। ਇਸ ਕਾਰਨ ਘੱਟ ਵਾਰ ਦਿੱਤੇ ਜਾਣ ਵਾਲੇ ਤੇ ਆਸਾਨ ਇਲਾਜ ਬਦਲ ਇਸ ਦੇਰੀ ਨੂੰ ਘੱਟ ਕਰਨ ’ਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
ਕੀ ਕਰਦਾ ਹੈ ਇਨਸੁਲਿਨ
ਇਨਸੁਲਿਨ ਉਹ ਹਾਰਮੋਨ ਹੈ ਜੋ ਕਲੂਕੋਜ਼ ਨੂੰ ਖ਼ੂਨ ਤੋਂ ਸਰੀਰ ਦੀਆਂ ਕੋਸ਼ਿਕਾਵਾਂ ਤੱਕ ਪਹੁੰਚਾਉਣ ’ਚ ਮਦਦ ਕਰਦਾ ਹੈ। ਟਾਈਪ-1 ਤੇ ਐਡਵਾਂਸਡ ਟਾਈਪ-2 ਡਾਇਬਟੀਜ਼ ਦੇ ਮਰੀਜ਼ਾਂ ਨੂੰ ਬਲੱਡ ਸ਼ੂਗਰ ਕੰਟਰੋਲ ਰੱਖਣ ਲਈ ਇਨਸੁਲਿਨ ਦੀ ਜ਼ਰੂਰਤ ਪੈਂਦੀ ਹੈ। ਹੁਣ ਤੱਕ ਜ਼ਿਆਦਾਤਰ ਮਰੀਜ਼ਾਂ ਨੂੰ ਇਸ ਨੂੰ ਰੋਜ਼ਾਨਾ ਲਗਵਾਉਣਾ ਪੈਂਦਾ ਸੀ, ਪਰ ਨਵੀਂ ਹਫ਼ਤਾਵਾਰੀ ਥੈਰੇਪੀ ਇਸ ਪ੍ਰਕਿਰਿਆ ਨੂੰ ਕਾਫ਼ੀ ਆਸਾਨ ਬਣਾ ਸਕਦੀ ਹੈ।