ਟੀਵੀ ਸਾਹਮਣੇ ਜ਼ਮੀਨ 'ਤੇ ਬੈਠ ਕੇ ਗੇਮ ਦੀ ਕੈਸੇਟ 'ਚ ਫੂਕ ਮਾਰ ਕੇ ਉਸਨੂੰ ਚਲਾਉਣਾ ਤੇ ਭੈਣ-ਭਰਾਵਾਂ ਨਾਲ ਰਿਮੋਟ ਲਈ ਲੜਨਾ- ਉਹ ਦਿਨ ਹੀ ਕੁਝ ਹੋਰ ਸਨ। ਅੱਜ ਦੀਆਂ 4K ਗ੍ਰਾਫਿਕਸ ਵਾਲੀਆਂ ਗੇਮਾਂ 'ਚ ਉਹ ਗੱਲ ਕਿੱਥੇ, ਜੋ ਉਨ੍ਹਾਂ 8-ਬਿੱਟ ਵਾਲੀਆਂ ਸਾਧਾਰਨ ਗੇਮਾਂ 'ਚ ਸੀ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਕੀ ਤੁਹਾਨੂੰ ਯਾਦ ਹੈ ਉਹ 90 ਦਾ ਦਹਾਕਾ? ਜਦੋਂ ਨਾ ਤਾਂ ਸਮਾਰਟਫੋਨ ਸਨ ਤੇ ਨਾ ਹੀ ਹਾਈ-ਸਪੀਡ ਇੰਟਰਨੈੱਟ। ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੁੰਦੇ ਹੀ ਸਾਡਾ ਸਭ ਤੋਂ ਪੱਕਾ ਦੋਸਤ ਬਣ ਜਾਂਦਾ ਸੀ ਸਾਡਾ 'ਵੀਡੀਓ ਗੇਮ ਕੰਸੋਲ'।
ਟੀਵੀ ਸਾਹਮਣੇ ਜ਼ਮੀਨ 'ਤੇ ਬੈਠ ਕੇ ਗੇਮ ਦੀ ਕੈਸੇਟ 'ਚ ਫੂਕ ਮਾਰ ਕੇ ਉਸਨੂੰ ਚਲਾਉਣਾ ਤੇ ਭੈਣ-ਭਰਾਵਾਂ ਨਾਲ ਰਿਮੋਟ ਲਈ ਲੜਨਾ- ਉਹ ਦਿਨ ਹੀ ਕੁਝ ਹੋਰ ਸਨ। ਅੱਜ ਦੀਆਂ 4K ਗ੍ਰਾਫਿਕਸ ਵਾਲੀਆਂ ਗੇਮਾਂ 'ਚ ਉਹ ਗੱਲ ਕਿੱਥੇ, ਜੋ ਉਨ੍ਹਾਂ 8-ਬਿੱਟ ਵਾਲੀਆਂ ਸਾਧਾਰਨ ਗੇਮਾਂ 'ਚ ਸੀ।
ਆਓ, ਸਾਡੀ ਸੀਰੀਜ਼ 90s Nostalgia 'ਚ ਇਕ ਵਾਰ ਫਿਰ ਯਾਦ ਕਰਦੇ ਹਾਂ ਉਨ੍ਹਾਂ 6 ਕਲਾਸਿਕ ਵੀਡੀਓ ਗੇਮਾਂ ਨੂੰ ਜਿਨ੍ਹਾਂ ਦਾ ਨਾਂ ਉਸ ਵੇਲੇ ਬੱਚੇ-ਬੱਚੇ ਦੀ ਜ਼ੁਬਾਨ 'ਤੇ ਹੁੰਦਾ ਸੀ।
ਜੇਕਰ 90ਵਿਆਂ ਦੀਆਂ ਵੀਡੀਓ ਗੇਮਾਂ ਦੀ ਗੱਲ ਹੋਵੇ ਤੇ 'ਮਾਰੀਓ' ਦਾ ਨਾਂ ਨਾ ਆਵੇ, ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਲਾਲ ਟੋਪੀ, ਨੀਲੀ ਪੈਂਟ ਤੇ ਵੱਡੀਆਂ ਮੁੱਛਾਂ ਵਾਲਾ ਮਾਰੀਓ ਸਾਡਾ ਸਭ ਦਾ ਹੀਰੋ ਸੀ। ਜਾਦੂਈ ਮਸ਼ਰੂਮ ਖਾ ਕੇ ਵੱਡਾ ਹੋਣਾ, ਕੱਛੂਕੰਮੇ 'ਤੇ ਕੁੱਦਣਾ ਤੇ ਆਪਣੀ ਰਾਜਕੁਮਾਰੀ ਨੂੰ ਬਚਾਉਣ ਲਈ ਅੱਗ ਉਗਲਣ ਵਾਲੇ ਡ੍ਰੈਗਨ ਨਾਲ ਲੜਨਾ- ਇਹ ਗੇਮ ਇੰਨੀ ਮਜ਼ੇਦਾਰ ਸੀ ਕਿ ਅਸੀਂ ਇਸਨੂੰ ਵਾਰ-ਵਾਰ ਖੇਡ ਕੇ ਵੀ ਨਹੀਂ ਸੀ ਥੱਕਦੇ। ਦੱਸ ਦੇਈਏ ਕਿ ਇਸਦਾ ਆਈਕੋਨਿਕ ਬੈਕਗ੍ਰਾਊਂਡ ਮਿਊਜ਼ਿਕ ਅੱਜ ਵੀ ਕਈ ਲੋਕਾਂ ਦੇ ਫੋਨ ਦੀ ਰਿੰਗਟੋਨ ਹੈ।
ਜੇਕਰ ਤੁਹਾਨੂੰ ਐਕਸ਼ਨ ਤੇ ਸ਼ੂਟਿੰਗ ਪਸੰਦ ਸੀ ਤਾਂ 'ਕੌਂਟਰਾ' ਪੱਕਾ ਤੁਹਾਡੀ ਫੇਵਰੇਟ ਗੇਮ ਰਹੀ ਹੋਵੇਗੀ। ਆਪਣੇ ਦੋਸਤ ਜਾਂ ਭਰਾ ਨਾਲ ਮਿਲ ਕੇ ਏਲੀਅਨਜ਼ ਤੇ ਦੁਸ਼ਮਣਾਂ 'ਤੇ ਗੋਲੀਆਂ ਚਲਾਉਣਾ ਵੱਖਰੇ ਹੀ ਪੱਧਰ ਦਾ ਰੋਮਾਂਚ ਦਿੰਦਾ ਸੀ। ਇਸ ਗੇਮ ਦੀ ਸਭ ਤੋਂ ਖਾਸ ਗੱਲ ਸੀ ਇਸਦਾ 'S' ਵਾਲਾ ਹਥਿਆਰ। ਜਿਵੇਂ ਹੀ ਅਸਮਾਨ ਤੋਂ ਉਹ 'S' ਵਾਲੀ ਪਾਵਰ ਹੇਠਾਂ ਡਿੱਗਦੀ ਸੀ, ਦੋਵਾਂ ਖਿਡਾਰੀਆਂ ਵਿਚਕਾਰ ਉਸਨੂੰ ਲੁੱਟਣ ਲਈ ਰੇਸ ਲੱਗ ਜਾਂਦੀ ਸੀ।
ਇਹ ਗੇਮ ਬਾਕੀ ਗੇਮਾਂ ਨਾਲੋਂ ਬਿਲਕੁਲ ਵੱਖਰੀ ਸੀ ਕਿਉਂਕਿ ਇਸਨੂੰ ਖੇਡਣ ਲਈ ਸਾਨੂੰ ਇਕ ਖਾਸ 'ਪਲਾਸਟਿਕ ਦੀ ਬੰਦੂਕ' ਮਿਲਦੀ ਸੀ। ਟੀਵੀ ਸਕ੍ਰੀਨ 'ਤੇ ਉੱਡਦੀਆਂ ਬੱਤਖਾਂ 'ਤੇ ਆਪਣੀ ਬੰਦੂਕ ਨਾਲ ਨਿਸ਼ਾਨਾ ਲਗਾਉਣਾ ਉਸ ਸਮੇਂ ਕਿਸੇ ਜਾਦੂ ਤੋਂ ਘੱਟ ਨਹੀਂ ਲੱਗਦਾ ਸੀ। ਹਾਂ, ਜੇਕਰ ਨਿਸ਼ਾਨਾ ਖੁੰਝ ਜਾਵੇ ਤਾਂ ਸਕ੍ਰੀਨ 'ਤੇ ਹੇਠਾਂ ਤੋਂ ਉਹ ਸ਼ਿਕਾਰੀ ਕੁੱਤਾ ਆ ਕੇ ਜੋ ਸਾਡੇ 'ਤੇ ਹੱਸਦਾ ਸੀ, ਉਸ 'ਤੇ ਤਾਂ ਬਹੁਤ ਹੀ ਜ਼ਿਆਦਾ ਗੁੱਸਾ ਆਉਂਦਾ ਸੀ।
ਜੰਗਲ ਦਾ ਖ਼ਤਰਨਾਕ ਰਸਤਾ, ਸਕੇਟਬੋਰਡ 'ਤੇ ਦੌੜਨਾ ਅਤੇ ਰਸਤੇ 'ਚ ਮਿਲਣ ਵਾਲੇ ਫਲ ਖਾਣਾ- ਐਡਵੈਂਚਰ ਆਈਲੈਂਡ ਵੀ ਵਾਕਈ ਇਕ ਮਜ਼ੇਦਾਰ ਗੇਮ ਸੀ। ਇਸ ਵਿਚ ਸਭ ਤੋਂ ਵੱਡੀ ਟੈਂਸ਼ਨ ਇਹ ਹੁੰਦੀ ਸੀ ਕਿ ਆਪਣੀ ਐਨਰਜੀ ਬਣਾਈ ਰੱਖਣ ਲਈ ਲਗਾਤਾਰ ਫਲ ਖਾਂਦੇ ਰਹਿਣਾ ਪੈਂਦਾ ਸੀ, ਨਹੀਂ ਤਾਂ ਤੁਹਾਡਾ ਕੈਰੈਕਟਰ ਵਿਚਾਲੇ ਹੀ ਡਿੱਗ ਜਾਂਦਾ ਸੀ। ਪੱਥਰ ਦੀ ਕੁਹਾੜੀ ਤੇ ਅੱਗ ਦੇ ਗੋਲਿਆਂ ਨਾਲ ਦੁਸ਼ਮਣਾਂ ਨੂੰ ਮਾਰਦੇ ਹੋਏ ਅੱਗੇ ਵਧਣਾ ਇਸ ਗੇਮ ਨੂੰ ਬਹੁਤ ਹੀ ਦਿਲਚਸਪ ਬਣਾਉਂਦਾ ਸੀ।
ਇਹ ਕਈ ਬੱਚਿਆਂ ਦੀ ਪਹਿਲੀ ਰੇਸਿੰਗ ਗੇਮ ਸੀ। ਸਿੱਧੀ ਸੜਕ 'ਤੇ ਤੇਜ਼ ਸਪੀਡ 'ਚ ਲਾਲ ਰੰਗ ਦੀ ਕਾਰ ਦੌੜਾਉਣਾ ਤੇ ਦੂਜੀਆਂ ਗੱਡੀਆਂ ਨਾਲ ਟਕਰਾਉਣ ਤੋਂ ਬਚਣਾ, ਇਹੀ ਇਸ ਗੇਮ ਦਾ ਮਜ਼ਾ ਸੀ। ਰਸਤੇ ਵਿੱਚ ਚਮਕਦੀ ਹੋਈ ਸਤਰੰਗੀ ਕਾਰ ਨਾਲ ਟਕਰਾ ਕੇ ਆਪਣੀ ਕਾਰ ਵਿੱਚ ਫਿਊਲ ਭਰਨਾ ਸਭ ਤੋਂ ਜ਼ਰੂਰੀ ਕੰਮ ਹੁੰਦਾ ਸੀ। ਜੇ ਫਿਊਲ ਖਤਮ ਹੋ ਜਾਵੇ ਤਾਂ ਕਾਰ ਅੱਧ ਵਿਚਕਾਰ ਹੀ ਰੁਕ ਜਾਂਦੀ ਸੀ ਅਤੇ ਗੇਮ ਓਵਰ। ਸੁਪਰਮੈਨ ਨੂੰ ਸੜਕ ਦੇ ਵਿਚਕਾਰ ਉੱਡਦੇ ਦੇਖਣਾ ਇਸ ਗੇਮ ਦਾ ਇੱਕ ਮਜ਼ੇਦਾਰ ਸਰਪ੍ਰਾਈਜ਼ ਸੀ।
ਸਰਕਸ 'ਚ ਕਰਤਬ ਦਿਖਾਉਣ ਦਾ ਮਜ਼ਾ ਸਾਨੂੰ 'ਸਰਕਸ ਚਾਰਲੀ' ਨੇ ਹੀ ਦਿੱਤਾ ਸੀ। ਸ਼ੇਰ ਦੀ ਪਿੱਠ 'ਤੇ ਬੈਠ ਕੇ 'ਫਾਇਰ ਰਿੰਗਸ' ਦੇ ਵਿਚਕਾਰੋਂ ਛਾਲ ਮਾਰਨਾ, ਤਣੀਆਂ ਹੋਈਆਂ ਰੱਸੀਆਂ 'ਤੇ ਬਾਂਦਰਾਂ ਉੱਪਰੋਂ ਕੁੱਦ ਕੇ ਚੱਲਣਾ ਅਤੇ ਗੇਂਦਾਂ 'ਤੇ ਬੈਲੇਂਸ ਬਣਾਉਣਾ- ਇਸ ਗੇਮ ਦੇ ਹਰ ਲੈਵਲ 'ਚ ਇਕ ਨਵਾਂ ਤੇ ਮਜ਼ੇਦਾਰ ਚੈਲੇਂਜ ਹੁੰਦਾ ਸੀ। ਇਸਦੇ ਰੰਗ-ਬਿਰੰਗੇ ਗ੍ਰਾਫਿਕਸ ਬੱਚਿਆਂ ਨੂੰ ਟੀਵੀ ਸਕ੍ਰੀਨ ਤੋਂ ਹਟਣ ਹੀ ਨਹੀਂ ਦਿੰਦੇ ਸਨ।