ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ
7”R4W1R1 S1N88 S1892 21SK1R5 79LL : ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਧੀਰਜ ਰੱਖਣ ਲਈ ਕਿਹਾ ਅਤੇ ਬੂਹਾ ਖੋਲ੍ਹਣ ਦੀ ਬਜਾਏ ਕੰਧ ਨੂੰ ਸੰਨ੍ਹ ਲਾ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਸੰਗਤਾਂ ਨੂੰ ਵੀ ਕਰਵਾਏ। ਬਾਬਾ ਬੁੱਢਾ ਜੀ ਨੇ ਗਲ਼ @ਚ ਪਰਨਾ ਪਾ ਕੇ ਅਰਜ ਕੀਤੀ, @ਪਾਤਸ਼ਾਹ ਤੁਹਾਡੇ ਹੁਕਮਾਂ ਦੀ ਅਵੱਗਿਆ ਨਹੀਂ ਕੀਤੀ।@ ਗੁਰੂ ਅਮਰਦਾਸ ਦਾਸ ਜੀ ਨੇ ਮੁਸਕਰਾ ਕੇ ਕਿਹਾ, @ਬਾਬਾ ਜੀ ਤੁਸੀਂ ਸੰਨ੍ਹ ਨਹੀਂ ਲਗਾਈ ਸਗੋਂ ਸੰਗਤਾਂ ਲਈ ਮੁਕਤੀ ਦਾ ਦਰ ਖੋਲ੍ਹ ਦਿੱਤਾ ਹੈ।
Publish Date: Wed, 12 Dec 2018 04:42 PM (IST)
Updated Date: Wed, 12 Dec 2018 04:49 PM (IST)

ਅੰਮ੍ਰਿਤਸਰ ਦੀ ਇਤਿਹਾਸਕ ਤੇ ਸਨਅਤੀ ਨਗਰੀ ਛੇਹਰਟਾ ਤੋਂ ਕਰੀਬ ਕਿਲੋਮੀਟਰ ਹਟਵਾਂ ਹੈ ਇਤਿਹਾਸਕ ਪਿੰਡ ਬਾਸਰਕੇ ਗਿੱਲਾਂ, ਜੋ ਛੇਹਰਟਾ-ਝਬਾਲ ਰੋਡ 'ਤੇ ਸਥਿਤ ਹੈ। ਇਸ ਪਿੰਡ ਨੂੰ ਗੁਰੂ ਨਾਨਕ ਦੇਵ ਜੀ ਦੀ ਤੀਸਰੀ ਜੋਤ ਗੁਰੂ ਅਮਰਦਾਸ ਦਾਸ ਜੀ ਦੀ ਜਨਮ ਨਗਰੀ ਹੋਣ ਦਾ ਮਾਣ ਹਾਸਲ ਹੈ। ਭਾਈ ਜੇਠਾ ਜੀ, ਜੋ ਬਾਅਦ ਵਿਚ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਹੋਏ, ਦੀ ਪਰਵਰਿਸ਼ ਵੀ ਇਸੇ ਪਿੰਡ ਵਿਚ ਨਾਨਕੇ ਘਰ 'ਚ ਹੋਈ ਸੀ, ਕਿਉਂਕਿ ਬਾਲ ਵਰੇਸੇ ਹੀ ਉਨ੍ਹਾਂ ਦੇ ਮਾਤਾ-ਪਿਤਾ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ ਸਨ। ਇਸ ਲਈ ਉਨ੍ਹਾਂ ਦੀ ਨਾਨੀ ਉਨ੍ਹਾਂ ਨੂੰ ਪਿੰਡ ਬਾਸਰਕੇ ਲੈ ਆਈ। ਬੀਬੀ ਭਾਨੀ ਜੀ ਗੁਰੂ ਅਮਰਦਾਸ ਦਾਸ ਜੀ ਦੀ ਪੁੱਤਰੀ ਅਤੇ ਗੁਰੂ ਰਾਮਦਾਸ ਜੀ ਦੀ ਸੁਪਤਨੀ ਸਨ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਪਿੰਡ ਬਾਸਰਕੇ ਵਿਚ ਨਾਨਕੇ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਮਾਤਾ ਖੀਵੀ ਜੀ ਦੀ ਸਪੁੱਤਰੀ ਬੀਬੀ ਅਮਰੋ, ਗੁਰੂ ਅਮਰਦਾਸ ਦਾਸ ਜੀ ਦੇ ਭਤੀਜੇ ਭਾਈ ਜਸੂ ਜੀ ਨਾਲ ਇਸੇ ਪਿੰਡ ਵਿਆਹੇ ਸਨ। ਗੁਰੂ ਅਮਰਦਾਸ ਜੀ ਦਾ ਗੁਰੂ ਅੰਗਦ ਦੇਵ ਜੀ ਨਾਲ ਮੇਲ ਕਰਵਾਉਣ ਵਾਲੇ ਬੀਬੀ ਅਮਰੋ ਜੀ ਸਨ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਚਰਨਛੋਹ ਵੀ ਇਸ ਪਿੰਡ ਨੂੰ ਪ੍ਰਾਪਤ ਹੈ। ਇਸ ਪਿੰਡ ਵਿਚ ਤਿੰਨ ਇਤਿਹਾਸਕ ਗੁਰਦੁਆਰੇ ਹਨ, ਜਿਨ੍ਹਾਂ ਵਿਚ ਗੁਰਦੁਆਰਾ ਜਨਮ ਅਸਥਾਨ ਗੁਰੂ ਅਮਰਦਾਸ ਜੀ, ਗੁਰਦੁਆਰਾ ਸੰਨ੍ਹ ਸਾਹਿਬ ਅਤੇ ਗੁਰਦੁਆਰਾ ਅੰਗੀਠਾ ਬੀਬੀ ਅਮਰੋ ਜੀ ਹਨ।
ਅੱਜ ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਦਿਵਸ ਸਾਲਾਨਾ ਚੁਰਾਸੀ ਕੱਟ ਮੇਲਾ ਵਜੋਂ ਮਨਾਇਆ ਜਾ ਰਿਹਾ ਹੈ। ਜਿੱਥੋਂ ਤਕ ਗੁਰਦੁਆਰਾ ਸੰਨ੍ਹ ਸਾਹਿਬ ਦੇ ਇਤਿਹਾਸ ਦਾ ਸਬੰਧ ਹੈ, ਜਦੋ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦਿੱਤੀ ਤਾਂ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦਾਤੂ ਅਤੇ ਦਾਸੂ ਨੇ ਕਰੜਾ ਵਿਰੋਧ ਕੀਤਾ। ਭਾਈ ਦਾਸੂ ਤਾਂ ਮਾਤਾ ਖੀਵੀ ਜੀ ਦੇ ਸਮਝਾਉਣ 'ਤੇ ਸਹਿਮਤ ਹੋ ਗਏ ਪਰ ਦਾਤੂ ਅੜੇ ਰਹੇ। ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਆਦੇਸ਼ 'ਤੇ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਚਲੇ ਗਏ ਪਰ ਦਾਤੂ ਨੇ ਵਿਰੋਧਤਾ ਨਾ ਛੱਡੀ ਅਤੇ ਭਰੇ ਦਰਬਾਰ ਵਿਚ ਗੁਰੂ ਜੀ ਨੂੰ ਲੱਤ ਮਾਰੀ ਤੇ ਕਿਹਾ ਕਿ ਸਾਡੇ ਟੁੱਕਰਾਂ 'ਤੇ ਪਲਣ ਵਾਲਾ ਅੱਜ ਗੁਰੂ ਬਣ ਬੈਠਾ ਹੈ। ਸੇਵਾ ਤੇ ਸ਼ਾਂਤੀ ਦੇ ਪੁੰਜ ਗੁਰੂ ਅਮਰਦਾਸ ਜੀ ਨੇ ਚਰਨ ਪਕੜ ਕੇ ਕਿਹਾ ਮੇਰੇ ਹੱਡ ਸਖ਼ਤ ਹਨ, ਤੁਸੀਂ ਗੁਰੂ ਜੀ ਦੇ ਸਾਹਿਬਜ਼ਾਦੇ ਹੋ, ਤੁਹਾਡੇ ਚਰਨ ਕੋਮਲ ਹਨ, ਕਿਤੇ ਸੱਟ ਤਾਂ ਨਹੀਂ ਲਗੀ।
ਇਹ ਸੁਣ ਕੇ ਦਾਤੂ ਕਹਿਣ ਲਗਾ, ਤੇਰੀ ਇਸ ਨਿਮਰਤਾ ਨੇ ਸਾਡੀ ਗੱਦੀ ਖੋਹੀ ਹੈ। ਗਰੂ ਅਮਰਦਾਸ ਜੀ ਨਹੀਂ ਚਾਹੁੰਦੇ ਸਨ ਕਿ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨਾਲ ਕਿਸੇ ਤਰ੍ਹਾਂ ਦਾ ਵਿਰੋਧ ਪੈਦਾ ਹੋਵੇ। ਇਸ ਲਈ ਉਹ ਰਾਤੋ ਰਾਤ ਬਿਨਾਂ ਕਿਸੇ ਨੂੰ ਦੱਸਿਆਂ ਗੋਇੰਦਵਾਲ ਤੋਂ ਆਪਣੇ ਪਿੰਡ ਬਾਸਰਕੇ ਆ ਗਏ ਤੇ ਮਲ੍ਹੇ-ਝਾੜੀਆਂ ਵਿਚ ਵਾਗੀਆਂ ਵੱਲੋਂ ਮੀਹ-ਕਣੀ ਤੋਂ ਬਚਾਅ ਲਈ ਬਣਾਏ ਇਕ ਕਮਰੇ 'ਚ ਭਜਨ ਬੰਦਗੀ ਲਈ ਬੂਹਾ ਬੰਦ ਕਰ ਕੇ ਬੈਠ ਗਏ। ਸਵੇਰੇ ਦੀਵਾਨ ਵੇਲੇ ਸੰਗਤਾਂ ਇਕੱਤਰ ਹੋਈਆਂ ਤਾਂ ਗੁਰੂ ਜੀ ਬਿਨਾਂ ਗੋਇੰਦਵਾਲ ਭਾਂ-ਭਾਂ ਕਰ ਰਿਹਾ ਸੀ। ਸੰਗਤਾਂ ਦੀ ਹਾਲਤ ਗੁਰੂ ਜੀ ਤੋਂ ਬਿਨਾਂ ਪਾਣੀ ਬਿਨ ਮਛਲੀ ਵਰਗੀ ਸੀ। ਸੰਗਤਾਂ ਦਾ ਇਕੱਠ ਹੋਇਆ, ਵਿਚਾਰਾਂ ਹੋਈਆਂ ਅਤੇ ਬਾਬਾ ਬੁੱਢਾ ਜੀ ਨੂੰ ਅਰਜ ਕੀਤੀ ਕਿ ਤੁਸੀਂ ਹੀ ਗੁਰੂ ਜੀ ਨੂੰ ਸੰਗਤ ਨਾਲ ਮਿਲਾ ਸਕਦੇ ਹੋ, ਇਸ ਲਈ ਬੇਨਤੀ ਸਵੀਕਾਰ ਕਰੋ।
ਬਾਬਾ ਬੁੱਢਾ ਜੀ ਨੇ ਗੁਰੂ ਜੀ ਦੀ ਘੋੜੀ ਮੰਗਵਾਈ। ਘੋੜੀ ਦੋਹਰੇ ਪੈਂਡੇ ਨਾਲ ਮੁੜ੍ਹਕੋ-ਮੁੜ੍ਹਕੀ ਹੋਈ ਸੀ। ਬਾਬਾ ਬੁੱਢਾ ਜੀ ਸਮਝ ਗਏ। ਉਨ੍ਹਾਂ ਕਿਹਾ ਕਿ ਜਿਸ ਨੇ ਗੁਰੂ ਵਿਛੋੜੇ ਹਨ, ਉਹੀ ਮਿਲਾਵੇਗੀ। ਬਾਬਾ ਬੁੱਢਾ ਜੀ ਨੇ ਘੋੜੀ ਦੀਆਂ ਵਾਗਾਂ ਛੱਡ ਦਿਤੀਆਂ। ਅੱਗੇ-ਅੱਗੇ ਘੋੜੀ ਤੇ ਪਿੱਛੇ-ਪਿੱਛੇ ਬਾਬਾ ਬੁੱਢਾ ਜੀ ਅਤੇ ਮਗਰ ਸੰਗਤ ਸਤਿਨਾਮੁ ਵਾਹਿਗੁਰੂ ਦਾ ਜਾਪ ਕਰਦੀ ਹੋਈ ਚੱਲ ਪਈ। ਘੋੜੀ ਨੇ ਉਸ ਥਾਂ ਆ ਨਮਸਕਾਰ ਕੀਤੀ, ਜਿਥੇ ਉਹ ਗੁਰੂ ਜੀ ਨੂੰ ਛੱਡ ਕੇ ਗਈ ਸੀ। ਸੰਗਤਾਂ ਘੋਰ ਨਿਰਾਸ ਹੋ ਗਈਆਂ ਜਦੋਂ ਬੂਹੇ 'ਤੇ ਗੁਰੂ ਜੀ ਦਾ ਹੁਕਮ ਪੜਿਆ ਕਿ ਜੋ ਬੂਹਾ ਖਲ੍ਹੇਗਾ, ਗੁਰੂ ਦਾ ਸਿੱਖ ਨਹੀਂ ਹੋਵੇਗਾ।
ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਧੀਰਜ ਰੱਖਣ ਲਈ ਕਿਹਾ ਅਤੇ ਬੂਹਾ ਖੋਲ੍ਹਣ ਦੀ ਬਜਾਏ ਕੰਧ ਨੂੰ ਸੰਨ੍ਹ ਲਾ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਸੰਗਤਾਂ ਨੂੰ ਵੀ ਕਰਵਾਏ। ਬਾਬਾ ਬੁੱਢਾ ਜੀ ਨੇ ਗਲ਼ 'ਚ ਪਰਨਾ ਪਾ ਕੇ ਅਰਜ ਕੀਤੀ, 'ਪਾਤਸ਼ਾਹ ਤੁਹਾਡੇ ਹੁਕਮਾਂ ਦੀ ਅਵੱਗਿਆ ਨਹੀਂ ਕੀਤੀ।' ਗੁਰੂ ਅਮਰਦਾਸ ਦਾਸ ਜੀ ਨੇ ਮੁਸਕਰਾ ਕੇ ਕਿਹਾ, 'ਬਾਬਾ ਜੀ ਤੁਸੀਂ ਸੰਨ੍ਹ ਨਹੀਂ ਲਗਾਈ ਸਗੋਂ ਸੰਗਤਾਂ ਲਈ ਮੁਕਤੀ ਦਾ ਦਰ ਖੋਲ੍ਹ ਦਿੱਤਾ ਹੈ। ਜੋ ਇਸ ਸੰਨ੍ਹ ਵਿਚ ਦੀ ਲੰਘ ਜਾਵੇਗਾ, ਚੁਰਾਸੀ ਦੇ ਗੇੜ ਤੋਂ ਮੁਕਤ ਹੋ ਜਾਵੇਗਾ।'
ਗੁਰਦੁਆਰਾ ਸੰਨ੍ਹ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਪੁਰਬ ਮਨਾਇਆ ਜਾ ਰਿਹਾ ਹੈ। ਇਸ ਅਸਥਾਨ ਦੀ ਸੇਵਾ ਬਾਬਾ ਖੜਕ ਸਿੰਘ ਬੀੜ ਸਾਹਿਬ ਵਾਲਿਆਂ ਨੇ ਕਰਵਾਈ ਹੈ ਅਤੇ ਰਹਿੰਦੇ ਕਾਰਜਾਂ ਦੀ ਸੇਵਾ ਬਾਬਾ ਸਬੇਗ ਸਿੰਘ ਗੋਇੰਦਵਾਲ ਸਾਹਿਬ ਵਾਲੇ ਕਰਵਾ
ਰਹੇ ਹਨ।