ਟਾਈਮਜ਼ ਆਫ਼ ਇੰਡੀਆ ਨੂੰ ਦਿੱਤੇ ਇੰਟਰਵਿਊ 'ਚ ਅਰੁਣਾ ਇਰਾਨੀ ਨੇ ਕਿਹਾ- 'ਆਸ਼ਾ ਭੋਸਲੇ ਦਾ ਦੇਹਾਂਤ ਸੰਗੀਤ ਜਗਤ ਲਈ ਇਕ ਬਹੁਤ ਵੱਡਾ ਘਾਟਾ ਹੈ। ਮੈਂ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਜਾਣਦੀ ਸੀ, ਅਸੀਂ ਅਕਸਰ ਮਿਲਦੇ, ਗੱਲਾਂ ਕਰਦੇ ਤੇ ਇਕ-ਦੂਜੇ ਨਾਲ ਹਰ ਗੱਲ ਸਾਂਝੀ ਕਰਦੇ ਸੀ। ਉਨ੍ਹਾਂ ਬਾਰੇ ਮੈਂ ਬੱਸ ਇਕ ਹੀ ਗੱਲ ਕਹਿ ਸਕਦੀ ਹਾਂ ਕਿ ਆਪਣੀ ਨਿੱਜੀ ਜ਼ਿੰਦਗੀ 'ਚ ਇੰਨਾ ਦੁੱਖ ਹੋਣ ਦੇ ਬਾਵਜੂਦ ਉਹ ਹਮੇਸ਼ਾ ਅਜਿਹਾ ਵਿਵਹਾਰ ਕਰਦੇ ਸਨ ਮਾਨੋ ਉਹ ਦੁਨੀਆ ਦੇ ਸਭ ਤੋਂ ਖੁਸ਼ ਇਨਸਾਨ ਹੋਣ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਦਿੱਗਜ ਗਾਇਕਾ ਆਸ਼ਾ ਭੋਸਲੇ (Asha Bhosle) ਦੇ ਦੇਹਾਂਤ ਤੋਂ ਬਾਅਦ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਉੱਥੇ ਹੀ ਉਨ੍ਹਾਂ ਦੇ ਕਈ ਪ੍ਰਸ਼ੰਸਕ ਇਸ ਖ਼ਬਰ ਨਾਲ ਸਦਮੇ 'ਚ ਹਨ। ਇਸ ਦੌਰਾਨ ਆਸ਼ਾ ਜੀ ਨੂੰ ਯਾਦ ਕਰਦਿਆਂ ਬਾਲੀਵੁੱਡ ਅਦਾਕਾਰਾ ਅਰੁਣਾ ਇਰਾਨੀ ਵੀ ਖ਼ੁਦ ਨੂੰ ਸੰਭਾਲ ਨਹੀਂ ਸਕੀ ਤੇ ਰੋਣ ਲੱਗ ਪਈ। ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਅਰੁਣਾ ਨੇ ਦੱਸਿਆ ਕਿ ਆਸ਼ਾ ਆਪਣੀ ਨਿੱਜੀ ਜ਼ਿੰਦਗੀ 'ਚ ਤਮਾਮ ਮੁਸ਼ਕਲਾਂ ਦੇ ਬਾਵਜੂਦ ਹਮੇਸ਼ਾ ਸਭ ਤੋਂ ਖੁਸ਼ਮਿਜ਼ਾਜ ਇਨਸਾਨ ਸਨ। ਅਰੁਣਾ ਨੇ ਉਮੀਦ ਜਤਾਈ ਕਿ ਹੁਣ ਇਸ ਮਹਾਨ ਗਾਇਕਾ ਨੂੰ ਸ਼ਾਂਤੀ ਅਤੇ ਸੁੱਖ ਪ੍ਰਾਪਤ ਹੋ ਗਿਆ ਹੋਵੇਗਾ।
ਟਾਈਮਜ਼ ਆਫ਼ ਇੰਡੀਆ ਨੂੰ ਦਿੱਤੇ ਇੰਟਰਵਿਊ 'ਚ ਅਰੁਣਾ ਇਰਾਨੀ ਨੇ ਕਿਹਾ- 'ਆਸ਼ਾ ਭੋਸਲੇ ਦਾ ਦੇਹਾਂਤ ਸੰਗੀਤ ਜਗਤ ਲਈ ਇਕ ਬਹੁਤ ਵੱਡਾ ਘਾਟਾ ਹੈ। ਮੈਂ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਜਾਣਦੀ ਸੀ, ਅਸੀਂ ਅਕਸਰ ਮਿਲਦੇ, ਗੱਲਾਂ ਕਰਦੇ ਤੇ ਇਕ-ਦੂਜੇ ਨਾਲ ਹਰ ਗੱਲ ਸਾਂਝੀ ਕਰਦੇ ਸੀ। ਉਨ੍ਹਾਂ ਬਾਰੇ ਮੈਂ ਬੱਸ ਇਕ ਹੀ ਗੱਲ ਕਹਿ ਸਕਦੀ ਹਾਂ ਕਿ ਆਪਣੀ ਨਿੱਜੀ ਜ਼ਿੰਦਗੀ 'ਚ ਇੰਨਾ ਦੁੱਖ ਹੋਣ ਦੇ ਬਾਵਜੂਦ ਉਹ ਹਮੇਸ਼ਾ ਅਜਿਹਾ ਵਿਵਹਾਰ ਕਰਦੇ ਸਨ ਮਾਨੋ ਉਹ ਦੁਨੀਆ ਦੇ ਸਭ ਤੋਂ ਖੁਸ਼ ਇਨਸਾਨ ਹੋਣ। ਉਨ੍ਹਾਂ ਤੋਂ ਜ਼ਿਆਦਾ ਖੁਸ਼ ਇਨਸਾਨ ਇਸ ਦੁਨੀਆ ਵਿਚ ਹੈ ਹੀ ਨਹੀਂ, ਉਹ ਸਭ ਨੂੰ ਅਜਿਹਾ ਜਤਾਉਂਦੇ ਸਨ। ਉਹ ਸਭ ਨੂੰ ਬਹੁਤ ਚੰਗੀ ਤਰ੍ਹਾਂ ਮਿਲਦੇ ਸਨ।'
ਉਨ੍ਹਾਂ ਅੱਗੇ ਕਿਹਾ, 'ਉਨ੍ਹਾਂ ਦੀ ਗਾਇਕੀ ਬਾਰੇ ਗੱਲ ਕਰਨ ਲਈ ਸ਼ਬਦ ਘੱਟ ਪੈ ਜਾਂਦੇ ਹਨ। ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ, ਵੱਖ-ਵੱਖ ਸੁਰਾਂ ਤੇ ਸ਼ੈਲੀਆਂ 'ਚ ਗਾਏ। ਸੱਚ ਕਹਾਂ ਤਾਂ, ਜੋ ਗੀਤ ਲਤਾ ਦੀਦੀ ਨਹੀਂ ਗਾ ਪਾਉਂਦੇ ਸਨ, ਉਨ੍ਹਾਂ ਨੂੰ ਆਸ਼ਾ ਤਾਈ ਨੇ ਗਾਉਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ 'ਚ ਮੁਹਾਰਤ ਹਾਸਲ ਕੀਤੀ। ਉਨ੍ਹਾਂ ਦੀਆਂ ਗਜ਼ਲਾਂ, ਭਗਤੀ ਗੀਤ, ਕੈਬਰੇ ਤੇ ਉਹ ਸਾਰੇ ਜੋਸ਼ੀਲੇ ਤੇ ਮਜ਼ੇਦਾਰ ਗੀਤ ਸੁਣੋ, ਸਭ ਲਾਜਵਾਬ ਅਤੇ ਬੇਮਿਸਾਲ ਹਨ... ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਉਹ ਜਿੱਥੇ ਵੀ ਹੋਣ, ਉਨ੍ਹਾਂ ਨੂੰ ਸਾਰੀਆਂ ਖੁਸ਼ੀਆਂ ਮਿਲਣ।'
ਦੋਵਾਂ ਦੇ ਇਕੱਠੇ ਕੰਮ ਦੀ ਗੱਲ ਕਰੀਏ ਤਾਂ ਆਸ਼ਾ ਜੀ ਨੇ ਅਰੁਣਾ ਇਰਾਨੀ 'ਤੇ ਫਿਲਮਾਏ ਗੀਤਾਂ ਜਿਵੇਂ 'ਯੇ ਮੇਰਾ ਜਾਦੂ', 'ਮੁਝਕੋ ਮੁਹੱਬਤ ਮੇਂ', 'ਐਸਾ ਜੀ ਕੋਈ ਆਤਾ', 'ਅਹਿਸਾਨ' ਅਤੇ 'ਹੋ ਤੂ ਤੂ ਤੂ' ਵਿੱਚ ਆਪਣੀ ਆਵਾਜ਼ ਦਿੱਤੀ ਹੈ। ਆਸ਼ਾ ਭੋਸਲੇ ਦਾ 92 ਸਾਲ ਦੀ ਉਮਰ ਵਿੱਚ 12 ਅਪ੍ਰੈਲ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦੇਹਾਂਤ ਦੀ ਵਜ੍ਹਾ ਮਲਟੀਪਲ ਆਰਗਨ ਫੇਲੀਅਰ ਤੇ ਕਾਰਡੀਐਕ ਅਰੈੱਸਟ ਦੱਸੀ ਜਾ ਰਹੀ ਹੈ।