RCB W vs DC W WPL 2026 Final : ਰਿਕਾਰਡ ਰਨ ਬਣਾ ਕੇ RCB ਨੇ ਜਿੱਤਿਆ ਦੂਜਾ ਖਿਤਾਬ, ਫਾਈਨਲ 'ਚ ਤੋੜਿਆ ਦਿੱਲੀ ਦਾ ਸੁਪਨਾ
ਮਹਿਲਾ ਪ੍ਰੀਮੀਅਰ ਲੀਗ (WPL) ਦੇ ਫਾਈਨਲ ’ਚ, ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਦਿੱਲੀ ਕੈਪੀਟਲਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਦੂਜੀ ਵਾਰ ਖਿਤਾਬ ਜਿੱਤਿਆ। ਦਿੱਲੀ ਕੈਪੀਟਲਜ਼ ਲੀਗ ਇਤਿਹਾਸ ’ਚ ਹੁਣ ਤੱਕ ਦਾ ਸਭ ਤੋਂ ਵੱਧ ਫਾਈਨਲ ਸਕੋਰ (203 ਦੌੜਾਂ) ਬਣਾਉਣ ਦੇ ਬਾਵਜੂਦ ਮੈਚ ਹਾਰ ਗਈ।
Publish Date: Thu, 05 Feb 2026 11:53 PM (IST)
Updated Date: Thu, 05 Feb 2026 11:57 PM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ: ਮਹਿਲਾ ਪ੍ਰੀਮੀਅਰ ਲੀਗ (WPL) ਦੇ ਫਾਈਨਲ ’ਚ, ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਦਿੱਲੀ ਕੈਪੀਟਲਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਦੂਜੀ ਵਾਰ ਖਿਤਾਬ ਜਿੱਤਿਆ। ਦਿੱਲੀ ਕੈਪੀਟਲਜ਼ ਲੀਗ ਇਤਿਹਾਸ ’ਚ ਹੁਣ ਤੱਕ ਦਾ ਸਭ ਤੋਂ ਵੱਧ ਫਾਈਨਲ ਸਕੋਰ (203 ਦੌੜਾਂ) ਬਣਾਉਣ ਦੇ ਬਾਵਜੂਦ ਮੈਚ ਹਾਰ ਗਈ। ਆਰਸੀਬੀ ਦੀ ਕਪਤਾਨ ਸਮ੍ਰਿਤੀ ਮੰਧਾਨਾ ਦੀਆਂ ਸਿਰਫ਼ 41 ਗੇਂਦਾਂ ’ਚ 87 ਦੌੜਾਂ ਤੇ ਉਸ ਦੀ ਸਲਾਮੀ ਸਾਥੀ ਜਾਰਜੀਆ ਵੋਲ ਦੀਆਂ 54 ਗੇਂਦਾਂ ’ਚ 79 ਦੌੜਾਂ ਨੇ ਆਰਸੀਬੀ ਨੂੰ ਚੈਂਪੀਅਨ ਬਣਨ ਦਾ ਰਾਹ ਪੱਧਰਾ ਕੀਤਾ, ਪਰ ਬਦਕਿਸਮਤੀ ਨਾਲ, ਦਿੱਲੀ ਕੈਪੀਟਲਜ਼ ਨੇ ਡਬਲਯੂਪੀਐੱਲ ਦੇ ਚਾਰ ਸੀਜ਼ਨਾਂ ’ਚ ਚੌਥੀ ਵਾਰ ਖਿਤਾਬ ਗੁਆ ਦਿੱਤਾ, ਫਾਈਨਲ ’ਚ ਹਾਰ ਗਈ।
ਮੈਚ ਦਾ ਆਖਰੀ ਓਵਰ ਬਹੁਤ ਹੀ ਰੋਮਾਂਚਕ ਸੀ, ਜਿੱਥੇ ਆਰਸੀਬੀ ਨੂੰ ਜਿੱਤਣ ਲਈ 10 ਦੌੜਾਂ ਦੀ ਲੋੜ ਸੀ ਤੇ ਇਸ ਤੋਂ ਠੀਕ ਪਹਿਲਾਂ ਸਮ੍ਰਿਤੀ ਮੰਧਾਨਾ ਤੇ ਰਿਚਾ ਘੋਸ਼ (06) ਦੇ ਆਊਟ ਹੋਣ ਕਾਰਨ ਆਰਸੀਬੀ ਕੁਝ ਦਬਾਅ ਹੇਠ ਸੀ, ਪਰ ਰਾਧਾ ਯਾਦਵ (ਪੰਜ ਗੇਂਦਾਂ ’ਚ 12 ਦੌੜਾਂ) ਨੇ ਸ੍ਰੀ ਚਰਨੀ ਦੇ ਇਸ ਓਵਰ ’ਚ ਲਗਾਤਾਰ ਦੋ ਗੇਂਦਾਂ ’ਚ ਦੋ ਚੌਕੇ ਮਾਰ ਕੇ ਆਰਸੀਬੀ ਨੂੰ ਮੈਚ ਜਿੱਤਾ ਦਿੱਤਾ। ਇਸ ਤੋਂ ਪਹਿਲਾਂ, ਕਪਤਾਨ ਜੇਮਿਮਾ ਰੌਡਰਿਗਜ਼ ਦੀ ਅਗਵਾਈ ’ਚ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ, ਦਿੱਲੀ ਕੈਪੀਟਲਜ਼ ਨੇ ਵੀਰਵਾਰ ਨੂੰ ਮਹਿਲਾ ਪ੍ਰੀਮੀਅਰ ਲੀਗ (WPL) ਦੇ ਫਾਈਨਲ ’ਚ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਵਿਰੁੱਧ ਚਾਰ ਵਿਕਟਾਂ ’ਤੇ 203 ਦੌੜਾਂ ਬਣਾਈਆਂ, ਜੋ ਕਿ ਇਕ ਡਬਲਯੂਪੀਐੱਲ ਫਾਈਨਲ ’ਚ ਸਭ ਤੋਂ ਵੱਧ ਸਕੋਰ ਸੀ। ਜੇਮੀਮਾ ਨੇ 37 ਗੇਂਦਾਂ ’ਚ ਅੱਠ ਚੌਕਿਆਂ ਦੀ ਮਦਦ ਨਾਲ 57 ਦੌੜਾਂ ਦੀ ਪਾਰੀ ਖੇਡੀ, ਜਦ ਕਿ ਲੌਰਾ ਵੋਲਵਾਰਡਟ (44 ਦੌੜਾਂ, 25 ਗੇਂਦਾਂ, ਤਿੰਨ ਚੌਕੇ, ਦੋ ਛੱਕੇ) ਤੇ ਚਿਨੇਲ ਹੈਨਰੀ (35ਅਜੇਤੂ, 15 ਗੇਂਦਾਂ, ਚਾਰ ਚੌਕੇ, ਦੋ ਛੱਕੇ) ਨੇ ਚੌਥੀ ਵਿਕਟ ਲਈ 24 ਗੇਂਦਾਂ ’ਚ 55 ਦੌੜਾਂ ਦੀ ਤੂਫਾਨੀ ਭਾਈਵਾਲੀ ਕਰ ਕੇ ਟੀਮ ਦੇ ਸਕੋਰ ਨੂੰ 200 ਦੌੜਾਂ ਤੋਂ ਪਾਰ ਲਿਜਾਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਜੇਮੀਮਾ ਨੇ ਵੋਲਵਾਰਡਟ ਨਾਲ ਤੀਜੀ ਵਿਕਟ ਲਈ 76 ਦੌੜਾਂ ਵੀ ਜੋੜੀਆਂ। ਆਰਸੀਬੀ ਲਈ ਸਤਘਰੇ, ਅਰੁੰਧਤੀ ਰੈੱਡੀ ਤੇ ਨਦੀਨ ਡੀ ਕਲਰਕ ਨੇ ਇਕ-ਇਕ ਵਿਕਟ ਲਈ, ਜਦ ਕਿ ਚਿਨੇਲ ਹੈਨਰੀ ਨੇ ਦਿੱਲੀ ਲਈ ਦੋ ਵਿਕਟਾਂ ਲਈਆਂ।