ਪਾਕਿਸਤਾਨ ਹਾਕੀ ਟੀਮ ਦੇ ਮੈਂਬਰਾਂ ਨੂੰ ਕੈਨਬਰਾ ਪਹੁੰਚਣ 'ਤੇ ਕਈ ਘੰਟੇ ਸੜਕ 'ਤੇ ਬਿਤਾਉਣੇ ਪਏ, ਕਿਉਂਕਿ ਫੰਡਾਂ ਦੀ ਘਾਟ ਕਾਰਨ ਪਾਕਿਸਤਾਨ ਹਾਕੀ ਫੈਡਰੇਸ਼ਨ ਹੋਟਲ ਦੇ ਬਿੱਲ ਦਾ ਭੁਗਤਾਨ ਨਹੀਂ ਕਰ ਸਕੀ, ਜਿਸ ਕਾਰਨ ਹੋਟਲ ਦੀ ਬੁਕਿੰਗ ਰੱਦ ਹੋ ਗਈ। ਪਾਕਿਸਤਾਨੀ ਟੀਮ ਹੋਬਾਰਟ ਵਿੱਚ FIH ਪ੍ਰੋ ਲੀਗ ਦੇ ਦੂਜੇ ਪੜਾਅ ਦੇ ਮੈਚ ਖੇਡਣ ਲਈ ਆਸਟ੍ਰੇਲੀਆ ਵਿੱਚ ਹੈ। ਟੀਮ ਦੇ ਸੂਤਰਾਂ ਅਨੁਸਾਰ, ਖਿਡਾਰੀਆਂ ਅਤੇ ਟੀਮ ਅਧਿਕਾਰੀਆਂ ਨੂੰ ਘੰਟਿਆਂ ਬੱਧੀ ਸੜਕ 'ਤੇ ਰਹਿਣਾ ਪਿਆ।

ਸੜਕ 'ਤੇ ਇੰਤਜ਼ਾਰ ਕਰਦੇ ਰਹੇ ਖਿਡਾਰੀ
ਸੂਤਰ ਨੇ ਕਿਹਾ ਕਿ ਤਾਹਿਰ ਨੇ ਉਨ੍ਹਾਂ ਨੂੰ ਇਸ ਸਥਿਤੀ ਬਾਰੇ ਦੱਸਿਆ ਕਿ ਲਾਹੌਰ ਤੋਂ ਲੰਬਾ ਸਫ਼ਰ ਤੈਅ ਕਰਕੇ ਆਏ ਖਿਡਾਰੀਆਂ ਕੋਲ ਆਰਾਮ ਕਰਨ ਲਈ ਕੋਈ ਜਗ੍ਹਾ ਨਹੀਂ ਸੀ। ਹਾਕੀ ਪਾਕਿਸਤਾਨ ਦੀ ਰਾਸ਼ਟਰੀ ਖੇਡ ਹੈ ਅਤੇ ਟੀਮ ਪ੍ਰੋ ਲੀਗ ਵਿੱਚ ਆਸਟ੍ਰੇਲੀਆ ਅਤੇ ਜਰਮਨੀ ਵਰਗੀਆਂ ਚੋਟੀ ਦੀਆਂ ਟੀਮਾਂ ਨਾਲ ਖੇਡ ਰਹੀ ਹੈ। ਸੂਤਰ ਨੇ ਦੱਸਿਆ ਕਿ ਕਈ ਘੰਟੇ ਬਾਹਰ ਇੰਤਜ਼ਾਰ ਕਰਨ ਤੋਂ ਬਾਅਦ ਹੋਟਲ ਪ੍ਰਬੰਧਕਾਂ ਨੇ ਖਿਡਾਰੀਆਂ ਨੂੰ ਕੁਝ ਕਮਰੇ ਦਿੱਤੇ। ਸੂਤਰ ਨੇ ਕਿਹਾ ਕਿ ਕਮਰੇ ਉਪਲਬਧ ਨਹੀਂ ਸਨ, ਇਸ ਲਈ ਇੱਕੋ ਕਮਰੇ ਵਿੱਚ ਦੋ-ਤਿੰਨ ਖਿਡਾਰੀ ਰੁਕੇ ਅਤੇ ਅਗਲੇ ਦਿਨ ਆਸਟ੍ਰੇਲੀਆ ਨਾਲ ਮੈਚ ਖੇਡਣ ਸਟੇਡੀਅਮ ਗਏ, ਜਿਸ ਵਿੱਚ ਉਨ੍ਹਾਂ ਨੂੰ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਟੀਮ ਮੈਨੇਜਰ ਵੀ ਨਾਲ ਨਹੀਂ
ਇਸ ਤੋਂ ਪਹਿਲਾਂ ਅਰਜਨਟੀਨਾ ਵਿੱਚ ਪ੍ਰੋ ਲੀਗ ਦੇ ਪਹਿਲੇ ਪੜਾਅ ਦੌਰਾਨ ਖਿਡਾਰੀਆਂ ਨੂੰ ਰੋਜ਼ਾਨਾ ਭੱਤੇ ਨਹੀਂ ਮਿਲੇ ਸਨ, ਜਿਸ ਕਾਰਨ ਵਿਦੇਸ਼ ਵਿੱਚ ਉਨ੍ਹਾਂ ਨੂੰ ਪੈਸਿਆਂ ਦੀ ਭਾਰੀ ਕਿੱਲਤ ਹੋ ਗਈ ਸੀ। ਟੀਮ ਕੈਨਬਰਾ ਵਿੱਚ ਬਿਨਾਂ ਕਿਸੇ ਮੈਨੇਜਰ ਦੇ ਗਈ ਹੈ, ਕਿਉਂਕਿ ਨਿਯਮਤ ਮੈਨੇਜਰ ਅਤੇ ਸਾਬਕਾ ਓਲੰਪੀਅਨ ਅੰਜੁਮ ਸਈਦ ਨੂੰ PHF ਨੇ ਕੱਢ ਦਿੱਤਾ ਹੈ। ਉਨ੍ਹਾਂ ਨੂੰ ਵਾਪਸ ਪਰਤਦੇ ਸਮੇਂ ਫਲਾਈਟ ਵਿੱਚ ਸਿਗਰਟ ਪੀਂਦੇ ਪਾਇਆ ਗਿਆ ਸੀ ਅਤੇ ਹਵਾਈ ਅੱਡੇ 'ਤੇ ਸੁਰੱਖਿਆ ਅਧਿਕਾਰੀਆਂ ਨਾਲ ਉਨ੍ਹਾਂ ਦੀ ਝੜਪ ਵੀ ਹੋਈ ਸੀ। ਸੂਤਰ ਨੇ ਦੱਸਿਆ ਕਿ ਕੈਨਬਰਾ ਵਿੱਚ ਕੁਝ ਸਥਾਨਕ ਪਾਕਿਸਤਾਨੀ ਲੋਕਾਂ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਆ ਕੇ ਉਨ੍ਹਾਂ ਦੀ ਮਦਦ ਕੀਤੀ। ਪਾਕਿਸਤਾਨ ਪ੍ਰੋ ਲੀਗ ਦੇ ਸਾਰੇ ਛੇ ਮੈਚ ਹਾਰ ਚੁੱਕਾ ਹੈ।