ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ, ਹੈੱਡ ਕੋਚ ਨੂੰ ਲੈ ਕੇ ਵਨਡੇ ਕ੍ਰਿਕਟ 'ਚ ਨਵੇਂ ਨਿਯਮ ਬਣਾਏ ਜਾ ਸਕਦੇ ਹਨ। ਮੌਜੂਦਾ ਨਿਯਮਾਂ ਮੁਤਾਬਕ, ਮੁੱਖ ਕੋਚ ਨੂੰ ਡ੍ਰਿੰਕਸ ਬ੍ਰੇਕ ਦੌਰਾਨ ਮੈਦਾਨ 'ਚ ਜਾਣ ਦੀ ਇਜਾਜ਼ਤ ਨਹੀਂ ਹੁੰਦੀ। ਵਾਧੂ ਖਿਡਾਰੀਆਂ ਨੂੰ ਹੀ ਮੈਦਾਨ 'ਚ ਜਾਣ ਦਿੱਤਾ ਜਾਂਦਾ ਹੈ। ਹੁਣ ਇਸ ਵਿਚ ਬਦਲਾਅ ਕੀਤਾ ਜਾ ਸਕਦਾ ਹੈ ਤੇ ਰਣਨੀਤੀ ਬਣਾਉਣ ਦੇ ਲਿਹਾਜ ਨਾਲ ਕੋਚ ਨੂੰ ਮੈਦਾਨ 'ਚ ਐਂਟਰੀ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ : ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਖੇਡ ਦੇ ਨਿਯਮਾਂ 'ਚ ਵੱਡੇ ਬਦਲਾਅ 'ਤੇ ਵਿਚਾਰ ਕਰ ਰਹੀ ਹੈ। ਇਹ ਫ਼ੈਸਲਾ 30 ਮਈ ਨੂੰ ਅਹਿਮਦਾਬਾਦ 'ਚ ਹੋਣ ਵਾਲੀ ਆਈਸੀਸੀ ਦੀ ਬੈਠਕ ਤੋਂ ਬਾਅਦ ਲਿਆ ਜਾ ਸਕਦਾ ਹੈ। ਆਈਸੀਸੀ ਸਮੇਂ-ਸਮੇਂ 'ਤੇ ਕ੍ਰਿਕਟ ਦੇ ਨਿਯਮਾਂ 'ਚ ਬਦਲਾਅ ਕਰਦੀ ਹੈ ਤੇ ਅਜਿਹੇ 'ਚ ਹੁਣ ਵਨਡੇ ਅਤੇ ਟੀ-20 ਕ੍ਰਿਕਟ ਦੇ ਨਿਯਮਾਂ 'ਚ ਕੁਝ ਬਦਲਾਅ ਕੀਤੇ ਜਾ ਸਕਦੇ ਹਨ।
ਸਭ ਤੋਂ ਵੱਡਾ ਬਦਲਾਅ ਇਹ ਹੋ ਸਕਦਾ ਹੈ ਕਿ ਇੱਕੋ ਫਾਰਮੈਟ 'ਚ ਵੱਖ-ਵੱਖ ਰੰਗਾਂ ਦੀਆਂ ਗੇਂਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਫਿਲਹਾਲ ਇਨ੍ਹਾਂ ਸਾਰੇ ਨਿਯਮਾਂ ਨੂੰ ਲੈ ਕੇ ਵਿਚਾਰ ਚੱਲ ਰਿਹਾ ਹੈ ਤੇ ਇਸ 'ਤੇ ਵਿਸਤ੍ਰਿਤ ਚਰਚਾ ਤੋਂ ਬਾਅਦ ਹੀ ਇਸ ਨੂੰ ਲਾਗੂ ਕੀਤਾ ਜਾਵੇਗਾ। ਵਨਡੇ ਕ੍ਰਿਕਟ 'ਚ ਹੈੱਡ ਕੋਚ ਨੂੰ ਲੈ ਕੇ ਵੀ ਕੁਝ ਨਿਯਮ ਬਦਲੇ ਜਾ ਸਕਦੇ ਹਨ ਜਦਕਿ ਟੀ-20 'ਚ ਪਾਰੀ ਦੇ ਬ੍ਰੇਕ ਦੇ ਸਮੇਂ ਵੀ ਕਟੌਤੀ ਕੀਤੀ ਜਾ ਸਕਦੀ ਹੈ।
ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ, ਹੈੱਡ ਕੋਚ ਨੂੰ ਲੈ ਕੇ ਵਨਡੇ ਕ੍ਰਿਕਟ 'ਚ ਨਵੇਂ ਨਿਯਮ ਬਣਾਏ ਜਾ ਸਕਦੇ ਹਨ। ਮੌਜੂਦਾ ਨਿਯਮਾਂ ਮੁਤਾਬਕ, ਮੁੱਖ ਕੋਚ ਨੂੰ ਡ੍ਰਿੰਕਸ ਬ੍ਰੇਕ ਦੌਰਾਨ ਮੈਦਾਨ 'ਚ ਜਾਣ ਦੀ ਇਜਾਜ਼ਤ ਨਹੀਂ ਹੁੰਦੀ। ਵਾਧੂ ਖਿਡਾਰੀਆਂ ਨੂੰ ਹੀ ਮੈਦਾਨ 'ਚ ਜਾਣ ਦਿੱਤਾ ਜਾਂਦਾ ਹੈ। ਹੁਣ ਇਸ ਵਿਚ ਬਦਲਾਅ ਕੀਤਾ ਜਾ ਸਕਦਾ ਹੈ ਤੇ ਰਣਨੀਤੀ ਬਣਾਉਣ ਦੇ ਲਿਹਾਜ ਨਾਲ ਕੋਚ ਨੂੰ ਮੈਦਾਨ 'ਚ ਐਂਟਰੀ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਹੁਣ ਤਕ ਦੇ ਨਿਯਮ ਮੁਤਾਬਕ ਜਦੋਂ ਕੋਈ ਖਿਡਾਰੀ ਡ੍ਰਿੰਕ ਲੈ ਕੇ ਮੈਦਾਨ 'ਚ ਆਉਂਦਾ ਹੈ ਤਾਂ ਉਸ ਨੇ ਇਕ ਖ਼ਾਸ ਤਰ੍ਹਾਂ ਦੀ ਜਰਸੀ ਪਹਿਨਣੀ ਹੁੰਦੀ ਹੈ। ਹਾਲਾਂਕਿ, ਅਜੇ ਤਕ ਇਹ ਸਪਸ਼ਟ ਨਹੀਂ ਹੈ ਕਿ ਕੋਚ ਨੂੰ ਵੀ ਅਜਿਹਾ ਕਰਨਾ ਹੋਵੇਗਾ ਜਾਂ ਨਹੀਂ।
ਵਨਡੇ ਕ੍ਰਿਕਟ 'ਚ ਇਕ ਪਾਰੀ ਦੌਰਾਨ ਦੋ ਵਾਰ ਡ੍ਰਿੰਕਸ ਬ੍ਰੇਕ ਦੀ ਇਜਾਜ਼ਤ ਹੁੰਦੀ ਹੈ। ਹਰੇਕ ਬ੍ਰੇਕ 1 ਘੰਟੇ 10 ਮਿੰਟ ਦੇ ਵਕਫ਼ੇ 'ਤੇ ਲਏ ਜਾਂਦੇ ਹਨ। ਹੁਣ ਕੋਚ ਨੂੰ ਇਸ ਦੌਰਾਨ ਮੈਦਾਨ 'ਤੇ ਜਾਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਉੱਥੇ ਹੀ ਟੀ-20 ਕ੍ਰਿਕਟ 'ਚ ਇਹ ਇਜਾਜ਼ਤ ਪਹਿਲਾਂ ਤੋਂ ਹੀ ਹੈ ਤੇ ਕੋਚ ਡ੍ਰਿੰਕਸ ਬ੍ਰੇਕ ਦੌਰਾਨ ਰਣਨੀਤੀ ਬਣਾਉਣ ਲਈ ਮੈਦਾਨ ਦੇ ਅੰਦਰ ਜਾਂਦੇ ਹਨ।
ਟੀ-20 ਇੰਟਰਨੈਸ਼ਨਲ ਕ੍ਰਿਕਟ ਦੇ ਨਿਯਮਾਂ 'ਚ ਵੀ ਬਦਲਾਅ ਹੋ ਸਕਦੇ ਹਨ। ਇਸ ਸਮੇਂ ਟੀ-20 'ਚ ਇਕ ਪਾਰੀ ਤੋਂ ਬਾਅਦ 20 ਮਿੰਟ ਦੀ ਬ੍ਰੇਕ ਹੁੰਦੀ ਹੈ ਜਿਸ ਨੂੰ ਬਦਲਣ 'ਤੇ ਆਈਸੀਸੀ ਵਿਚਾਰ ਕਰ ਰਹੀ ਹੈ। ਇਸ ਨੂੰ 20 ਤੋਂ ਘਟਾ ਕੇ 15 ਮਿੰਟ ਕੀਤਾ ਜਾ ਸਕਦਾ ਹੈ।