- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਰਿਪੋਰਟ ਅਨੁਸਾਰ 21 ਦੇਸ਼ਾਂ ਵਿਚ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਲਗਪਗ 2 ਕਰੋੜ ਬੱਚੇ ਇਕ ਸਾਲ ਦੇ ਅੰਦਰ ਡਿਜੀਟਲ ਪਲੇਟਫਾਰਮਾਂ ’ਤੇ ਜਿਨਸੀ ਪਰੇਸ਼ਾਨੀ ਤੇ ਸ਼ੋਸ਼ਣ ਦਾ ਸ਼ਿਕਾਰ ਹੋਏ ਹਨ। ਇਹ ਅੰਕੜਾ ਸਿਰਫ਼ ਇਕ ਗਿਣਤੀ ਨਹੀਂ ਹੈ, ਬਲਕਿ ਉਨ੍ਹਾਂ ਅਣਗਿਣਤ ਮਾਸੂਮਾਂ ਦੀ ਖਾਮੋਸ਼ ਚੀਕ ਹੈ ਜੋ ਇਸ ਡਿਜੀਟਲ ਹਨੇਰੇ ਵਿਚ ਦਮ ਘੁਟ ਰਹੇ ਹਨ।

ਜੈਨੇਵਾ, ਰਾਇਟਰ: ਅੱਜ ਦੀ ਡਿਜੀਟਲ ਦੁਨੀਆ ਨੇ ਸਾਨੂੰ ਇਕ-ਦੂਜੇ ਦੇ ਨੇੜੇ ਲਿਆ ਦਿੱਤਾ ਹੈ ਪਰ ਇਹੀ ਤਕਨੀਕ ਸਾਡੇ ਸਭ ਤੋਂ ਸੁਰੱਖਿਅਤ ਭਵਿੱਖ, ਯਾਨੀ ਬੱਚਿਆਂ ਲਈ ਇਕ ਅਦ੍ਰਿਸ਼ ਅਤੇ ਭਿਆਨਕ ਜਾਲ਼ ਬਣਦੀ ਜਾ ਰਹੀ ਹੈ। ਹਾਲ ਹੀ ਵਿਚ ਯੂਨੀਸੈਫ ਦੁਆਰਾ ਜਾਰੀ ਕੀਤੀ ਗਈ ਇਕ ਚਿੰਤਾਜਨਕ ਰਿਪੋਰਟ ਨੇ ਵਿਸ਼ਵ ਪੱਧਰ ’ਤੇ ਤਰਥਲੀ ਮਚਾ ਦਿੱਤੀ ਹੈ। ਇਸ ਰਿਪੋਰਟ ਅਨੁਸਾਰ 21 ਦੇਸ਼ਾਂ ਵਿਚ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਲਗਪਗ 2 ਕਰੋੜ ਬੱਚੇ ਇਕ ਸਾਲ ਦੇ ਅੰਦਰ ਡਿਜੀਟਲ ਪਲੇਟਫਾਰਮਾਂ ’ਤੇ ਜਿਨਸੀ ਪਰੇਸ਼ਾਨੀ ਤੇ ਸ਼ੋਸ਼ਣ ਦਾ ਸ਼ਿਕਾਰ ਹੋਏ ਹਨ। ਇਹ ਅੰਕੜਾ ਸਿਰਫ਼ ਇਕ ਗਿਣਤੀ ਨਹੀਂ ਹੈ, ਬਲਕਿ ਉਨ੍ਹਾਂ ਅਣਗਿਣਤ ਮਾਸੂਮਾਂ ਦੀ ਖਾਮੋਸ਼ ਚੀਕ ਹੈ ਜੋ ਇਸ ਡਿਜੀਟਲ ਹਨੇਰੇ ਵਿਚ ਦਮ ਘੁਟ ਰਹੇ ਹਨ।
ਇੰਟਰਨੈੱਟ ਮੀਡੀਆ ਬਣਿਆ ਅਪਰਾਧੀਆਂ ਦਾ ਮੁੱਖ ਅੱਡਾ ਤੇ ਆਪਣਿਆਂ ਦਾ ਧੋਖਾ
ਬੱਚਿਆਂ ਲਈ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੈਫ ਦਾ ਇਹ ਅਧਿਐਨ ਆਪਣੀ ਤਰ੍ਹਾਂ ਦੇ ਸਭ ਤੋਂ ਵੱਡੇ ਅਧਿਐਨਾਂ ’ਚੋਂ ਇਕ ਹੈ ਜਿਸ ਵਿਚ ਅਫ਼ਰੀਕਾ, ਏਸ਼ੀਆ, ਲੈਟਿਨ ਅਮਰੀਕਾ ਅਤੇ ਪੂਰਬੀ ਯੂਰਪ ਦੇ 21 ਦੇਸ਼ਾਂ (ਜਿਵੇਂ ਕਿ ਕੀਨੀਆ, ਪਾਕਿਸਤਾਨ, ਬ੍ਰਾਜ਼ੀਲ ਅਤੇ ਸਰਬੀਆ) ਦੇ 21 ਹਜ਼ਾਰ ਬੱਚਿਆਂ ਵਿਚਕਾਰ ਕੀਤੇ ਗਏ ਸਰਵੇਖਣ ਸ਼ਾਮਲ ਹਨ। ਰਿਪੋਰਟ ਦੱਸਦੀ ਹੈ ਕਿ 12 ਤੋਂ 17 ਸਾਲ ਦੀ ਉਮਰ ਦੇ ਹਰ ਪੰਜ ਵਿੱਚੋਂ ਇਕ ਤੋਂ ਵੱਧ ਬੱਚੇ ਨੇ ਆਨਲਾਈਨ ਪਲੇਟਫਾਰਮ ’ਤੇ ਸੈਕਸ ਸ਼ੋਸ਼ਣ ਦਾ ਸਾਹਮਣਾ ਕੀਤਾ ਹੈ। ਇਸ ਵਿਚ ਲਗਪਗ 1.5 ਕਰੋੜ ਬੱਚਿਆਂ ਨੂੰ ਅਣਚਾਹੀ ਅਸ਼ਲੀਲ ਸਮੱਗਰੀ ਦਾ ਸਾਹਮਣਾ ਕਰਨਾ ਪਿਆ, 90 ਲੱਖ ਬੱਚਿਆਂ ਨੂੰ ਅਸ਼ਲੀਲ ਗੱਲਾਂ ਜਾਂ ਤਸਵੀਰਾਂ ਸਾਂਝੀਆਂ ਕਰਨ ਲਈ ਮਜਬੂਰ ਕੀਤਾ ਗਿਆ ਅਤੇ 40 ਲੱਖ ਬੱਚਿਆਂ ਦੀਆਂ ਨਿੱਜੀ ਤਸਵੀਰਾਂ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਬਹੁ-ਪ੍ਰਸਾਰਿਤ ਕਰ ਦਿੱਤੀਆਂ ਗਈਆਂ।
ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਇਸ ਉਤਪੀੜਨ ਅਤੇ ਸ਼ੋਸ਼ਣ ਦਾ ਲਗਪਗ 60 ਪ੍ਰਤੀਸ਼ਤ ਹਿੱਸਾ ਫੇਸਬੁੱਕ, ਵ੍ਹਟਸਐਪ, ਇੰਸਟਾਗ੍ਰਾਮ, ਸਨੈਪਚੈਟ ਅਤੇ ਟਿਕਟਾਕ ਜਿਹੇ ਲੋਕਪ੍ਰਿਆ ਇੰਟਰਨੈੱਟ ਮੀਡੀਆ ਪਲੇਟਫਾਰਮਾਂ ’ਤੇ ਹੋਇਆ। ਇਸ ਦੇ ਨਾਲ, 14 ਪ੍ਰਤੀਸ਼ਤ ਮਾਮਲੇ ਆਨਲਾਈਨ ਗੇਮਿੰਗ ਦੌਰਾਨ ਸਾਹਮਣੇ ਆਏ। ਵੀਰਵਾਰ ਨੂੰ ਆਈ ਇਸ ਰਿਪੋਰਟ ਅਨੁਸਾਰ, ਅੱਧੇ ਤੋਂ ਵੱਧ ਮਾਮਲਿਆਂ ਵਿਚ ਪੀੜਤ ਬੱਚੇ ਉਸ ਵਿਅਕਤੀ ਨੂੰ ਪਹਿਲਾਂ ਤੋਂ ਜਾਣਦੇ ਸਨ- ਚਾਹੇ ਉਹ ਕੋਈ ਦੋਸਤ ਹੋਵੇ ਜਾਂ ਰਿਸ਼ਤੇਦਾਰ - ਜਦਕਿ 38 ਪ੍ਰਤੀਸ਼ਤ ਮਾਮਲਿਆਂ ਵਿਚ ਅਪਰਾਧੀ ਨਾਲ ਪਹਿਲੀ ਮੁਲਾਕਾਤ ਆਨਲਾਈਨ ਹੀ ਹੋਈ ਸੀ।
ਏਆਈ ਦਾ ਨਵਾਂ ਖ਼ਤਰਾ ਤੇ ਖ਼ਾਮੋਸ਼ ਹੁੰਦੀਆਂ ਜ਼ਿੰਦਗੀਆਂ
ਸਮੇਂ ਦੇ ਨਾਲ ਇਹ ਖ਼ਤਰਾ ਹੋਰ ਵੀ ਖ਼ਤਰਨਾਕ ਰੂਪ ਧਾਰਨ ਕਰ ਰਿਹਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਇਸ ਦੌਰ ਵਿਚ ਹੁਣ ਬੱਚਿਆਂ ਦੀਆਂ ਡੀਪਫੇਕ ਅਤੇ ਏਆਈ-ਦੁਆਰਾ ਬਣਾਈਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓਜ਼ ਨਾਲ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਨੌਂ ਦੇਸ਼ਾਂ ਦੇ ਅੰਕੜਿਆਂ ਅਨੁਸਾਰ ਲਗਪਗ 11 ਲੱਖ ਬੱਚਿਆਂ ਨੂੰ ਇਸ ਨਵੀਂ ਤਕਨੀਕ ਜ਼ਰੀਏ ਮਾਨਸਿਕ ਪੀੜਾ ਦਾ ਸ਼ਿਕਾਰ ਬਣਾਇਆ ਗਿਆ।
ਇਸ ਤਰ੍ਹਾਂ ਦੇ ਤਕਨੀਕੀ ਸ਼ੋਸ਼ਣ ਦਾ ਬੱਚਿਆਂ ਦੇ ਕੋਮਲ ਮਨ ’ਤੇ ਡੂੰਘਾ ਅਤੇ ਤਬਾਹਕੁੰਨ ਪ੍ਰਭਾਵ ਪੈਂਦਾ ਹੈ। ਅਧਿਐਨ ਅਨੁਸਾਰ ਅਜਿਹੇ ਬੱਚਿਆਂ ਵਿਚ ਆਤਮਹੱਤਿਆ ਦੇ ਵਿਚਾਰ ਆਉਣ ਜਾਂ ਆਪਣੇ-ਆਪ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਆਮ ਬੱਚਿਆਂ ਨਾਲੋਂ ਲਗਪਗ ਚਾਰ ਗੁਣਾ ਵਧ ਦੇਖੀ ਗਈ। ਉਹ ਗੰਭੀਰ ਥਕਾਵਟ ਅਤੇ ਮਾਨਸਿਕ ਤਣਾਅ ਨਾਲ ਜੂਝਦੇ ਹਨ। ਇਸ ਦੇ ਬਾਵਜੂਦ ਡਰ, ਝਿਜਕ ਅਤੇ ਸਮਾਜਿਕ ਤੋਹਮਤਾਂ ਕਾਰਨ ਇਕ ਪ੍ਰਤੀਸ਼ਤ ਤੋਂ ਵੀ ਘੱਟ ਮਾਮਲਿਆਂ ਦੀ ਸ਼ਿਕਾਇਤ ਪੁਲਿਸ, ਸਮਾਜਿਕ ਕਾਰਕੁਨ ਜਾਂ ਹੈਲਪਲਾਈਨ ’ਤੇ ਕੀਤੀ ਜਾਂਦੀ ਹੈ। ਜ਼ਿਆਦਾਤਰ ਬੱਚੇ ਇਸ ਦਰਦ ਨੂੰ ਇਕੱਲੇ ਹੀ ਸਹਿਣ ਲਈ ਮਜਬੂਰ ਹਨ। ਯੂਨੀਸੈਫ ਦੀ ਕਾਰਜਕਾਰੀ ਨਿਰਦੇਸ਼ਕ ਕੈਥਰੀਨ ਰਸਲ ਨੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਅਨੁਭਵ ਬੱਚਿਆਂ ਨੂੰ ਡੂੰਘਾ ਮਾਨਸਿਕ ਅਘਾਤ ਦਿੰਦੇ ਹਨ। ਯੂਨੀਸੈਫ ਨੇ ਸਰਕਾਰਾਂ ਅਤੇ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਸਖ਼ਤ ਅਪੀਲ ਕੀਤੀ ਹੈ ਕਿ ਉਹ ਡਿਜੀਟਲ ਪਲੇਟਫਾਰਮਾਂ ’ਤੇ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ, ਏਆਈ ਨਾਲ ਜੁੜੇ ਨਵੇਂ ਅਪਰਾਧਾਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਅਤੇ ਬੱਚਿਆਂ ਲਈ ਰਿਪੋਰਟਿੰਗ ਵਿਵਸਥਾ ਨੂੰ ਸੁਲਭ ਬਣਾਉਣ ਤਾਂ ਜੋ ਕੋਈ ਵੀ ਬੱਚਾ ਇਸ ਤਰ੍ਹਾਂ ਦੇ ਇਕੱਲੇਪਣ ਅਤੇ ਡਰ ਵਿਚ ਨਾ ਰਹੇ।