
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਾਇਟਰ ਮੁਤਾਬਕ ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਵਿਚ ਦੋਵੇਂ ਝੀਲਾਂ ਉਸ ਥਾਂ ਦੇ ਨੇੜੇ ਨਜ਼ਰ ਆ ਰਹੀਆਂ ਹਨ, ਜਿੱਥੇ ਬੁੱਧਵਾਰ ਨੂੰ ਗਲੇਸ਼ੀਅਰ ਦਾ ਇਕ ਹਿੱਸਾ ਟੁੱਟਣ ਤੋਂ ਬਾਅਦ ਚੱਟਾਨਾਂ, ਬਰਫ਼, ਮਿੱਟੀ ਅਤੇ ਮਲਬਾ ਦਰਿਆ ਵਿਚ ਜਾ ਡਿੱਗਿਆ ਸੀ। ਇਸ ਨਾਲ ਅਚਾਨਕ ਆਈਆਂ ਹੜ੍ਹ ਦੀਆਂ ਲਹਿਰਾਂ ਨੇ ਕਈ ਘਰ ਤਬਾਹ ਕਰ ਦਿੱਤੇ ਅਤੇ ਕਈ ਪੁਲ ਰੁੜ੍ਹ ਗਏ। ਵੀਰਵਾਰ ਨੂੰ ਚੀਨੀ ਬਚਾਅਕਾਰੀ ਟੀਮ ਨੇ ਹਵਾਈ ਸਰਵੇਖਣ ਦੌਰਾਨ ਇਕ ਝੀਲ ਬਣਨ ਦੇ ਦ੍ਰਿਸ਼ ਵੀ ਰਿਕਾਰਡ ਕੀਤੇ ਸਨ। ਉਸ ਸਮੇਂ ਵੱਡੀ ਮਾਤਰਾ ਵਿਚ ਭੂਰਾ ਪਾਣੀ ਇਕ ਬੇਸਿਨ ਵਿਚ ਇਕੱਠਾ ਹੁੰਦਾ ਨਜ਼ਰ ਆ ਰਿਹਾ ਸੀ।

ਜੇਐੱਨਐੱਨ, ਨਵੀਂ ਦਿੱਲੀ : ਨੇਪਾਲ ਵਿਚ ਬੁੱਧਵਾਰ ਨੂੰ ਗਲੇਸ਼ੀਅਰ ਟੁੱਟਣ ਤੋਂ ਬਾਅਦ ਆਏ ਤਬਾਹਕਾਰੀ ਹੜ੍ਹ ਦਾ ਖ਼ਤਰਾ ਹਾਲੇ ਟਲ਼ਿਆ ਨਹੀਂ ਹੈ। ਹੜ੍ਹ ਪ੍ਰਭਾਵਤ ਖੇਤਰ ਦੇ ਉੱਪਰਲੇ ਹਿੱਸੇ ਵਿਚ ਬਣੀਆਂ ਦੋ ਝੀਲਾਂ ’ਤੇ ਨੇਪਾਲ ਦੀ ਨਜ਼ਰ ਹੈ। ਨੇਪਾਲੀ ਆਫ਼ਤ ਪ੍ਰਬੰਧ ਅਥਾਰਟੀ ਦੇ ਅਧਿਕਾਰੀ ਮੁਤਾਬਕ ਜਦੋਂ ਤੱਕ ਦੋਵਾਂ ਝੀਲਾਂ ਦਾ ਪਾਣੀ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਜਾਂਦਾ, ਉਦੋਂ ਤੱਕ ਹੜ੍ਹ ਦਾ ਖ਼ਤਰਾ ਬਣਿਆ ਰਹੇਗਾ। ਇਨ੍ਹਾਂ ਵਿੱਚੋਂ ਇਕ ਝੀਲ ਸ਼ੁੱਕਰਵਾਰ ਨੂੰ ਓਵਰਫਲੋ ਹੋਣ ਲੱਗੀ, ਜਦਕਿ ਦੂਜੀ ਝੀਲ ਦਾ ਘੇਰਾ ਲਗਾਤਾਰ ਵੱਧ ਰਿਹਾ ਹੈ। ਇਸ ਦੇ ਪਾਣੀ ਦੇ ਬਾਹਰ ਨਿਕਲਣ ਦਾ ਕੋਈ ਸਪੱਸ਼ਟ ਰਸਤਾ ਹਾਲੇ ਨਜ਼ਰ ਨਹੀਂ ਆ ਰਿਹਾ।
ਰਾਇਟਰ ਮੁਤਾਬਕ ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਵਿਚ ਦੋਵੇਂ ਝੀਲਾਂ ਉਸ ਥਾਂ ਦੇ ਨੇੜੇ ਨਜ਼ਰ ਆ ਰਹੀਆਂ ਹਨ, ਜਿੱਥੇ ਬੁੱਧਵਾਰ ਨੂੰ ਗਲੇਸ਼ੀਅਰ ਦਾ ਇਕ ਹਿੱਸਾ ਟੁੱਟਣ ਤੋਂ ਬਾਅਦ ਚੱਟਾਨਾਂ, ਬਰਫ਼, ਮਿੱਟੀ ਅਤੇ ਮਲਬਾ ਦਰਿਆ ਵਿਚ ਜਾ ਡਿੱਗਿਆ ਸੀ। ਇਸ ਨਾਲ ਅਚਾਨਕ ਆਈਆਂ ਹੜ੍ਹ ਦੀਆਂ ਲਹਿਰਾਂ ਨੇ ਕਈ ਘਰ ਤਬਾਹ ਕਰ ਦਿੱਤੇ ਅਤੇ ਕਈ ਪੁਲ ਰੁੜ੍ਹ ਗਏ। ਵੀਰਵਾਰ ਨੂੰ ਚੀਨੀ ਬਚਾਅਕਾਰੀ ਟੀਮ ਨੇ ਹਵਾਈ ਸਰਵੇਖਣ ਦੌਰਾਨ ਇਕ ਝੀਲ ਬਣਨ ਦੇ ਦ੍ਰਿਸ਼ ਵੀ ਰਿਕਾਰਡ ਕੀਤੇ ਸਨ। ਉਸ ਸਮੇਂ ਵੱਡੀ ਮਾਤਰਾ ਵਿਚ ਭੂਰਾ ਪਾਣੀ ਇਕ ਬੇਸਿਨ ਵਿਚ ਇਕੱਠਾ ਹੁੰਦਾ ਨਜ਼ਰ ਆ ਰਿਹਾ ਸੀ।
ਸ਼ੁੱਕਰਵਾਰ ਨੂੰ ਮਿਲੀਆਂ ਨਵੀਆਂ ਸੈਟੇਲਾਈਟ ਤਸਵੀਰਾਂ ਮੁਤਾਬਕ ਪਹਿਲੀ ਝੀਲ ਦਾ ਪਾਣੀ ਹੁਣ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ, ਇਸੇ ਖੇਤਰ ਵਿਚ ਉੱਪਰ ਵੱਲ ਦੂਜੀ ਝੀਲ ਵੀ ਨਜ਼ਰ ਆਈ ਹੈ, ਜਿਸ ਦਾ ਸਤ੍ਹਹੀ ਖੇਤਰ ਪਹਿਲੀ ਝੀਲ ਤੋਂ ਵੱਡਾ ਹੈ। ਸ਼ੁੱਕਰਵਾਰ ਸਵੇਰ ਤੱਕ ਇਸ ਵਿੱਚੋਂ ਪਾਣੀ ਬਾਹਰ ਨਿਕਲਣ ਦਾ ਕੋਈ ਸਪੱਸ਼ਟ ਰਸਤਾ ਨਹੀਂ ਦਿਖਿਆ। ਹੁਣ ਖ਼ਦਸ਼ਾ ਹੈ ਕਿ ਦੂਜੀ ਝੀਲ ਵਿਚ ਪਾਣੀ ਦਾ ਦਬਾਅ ਹਾਲੇ ਵੱਧ ਰਿਹਾ ਹੈ। ਅਧਿਕਾਰੀਆਂ ਮੁਤਾਬਕ ਦੋਵੇਂ ਝੀਲਾਂ ਪੂਰੀ ਤਰ੍ਹਾਂ ਖਾਲੀ ਹੋਣ ਤੱਕ ਹੇਠਲੇ ਇਲਾਕਿਆਂ ਵਿਚ ਅਚਾਨਕ ਹੜ੍ਹ ਆਉਣ ਦਾ ਖ਼ਤਰਾ ਬਣਿਆ ਰਹੇਗਾ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਨੇਪਾਲ ਦੇ ਅਧਿਕਾਰੀਆਂ ਨੇ ਖ਼ਤਰੇ ਦੀ ਨਿਗਰਾਨੀ ਲਈ ਸਰਹੱਦੀ ਸ਼ਹਿਰ ਤਿਮੁਰੇ ਅਤੇ ਦਰਿਆ ਦੇ ਵਹਾਅ ਦੀ ਦਿਸ਼ਾ ਵਿਚ ਹੇਠਾਂ ਵੱਲ ਕੈਮਰੇ ਤੇ ਸੈਂਸਰ ਲਗਾਉਣ ਦੀ ਯੋਜਨਾ ਬਣਾਈ ਹੈ। ਇਨ੍ਹਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਲਗਾਉਣ ਦੇ ਬਦਲ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਨੇਪਾਲੀ ਫ਼ੌਜ ਦੇ ਬੁਲਾਰੇ ਰਾਜਾ ਰਾਮ ਬਾਸਨੇਟ ਮੁਤਾਬਕ ਭੋਟੇਕੋਸ਼ੀ ਦਰਿਆ ਦਾ ਜਲ ਪੱਧਰ ਕਰੀਬ ਦੋ ਫੁੱਟ ਵਧਣ ਤੋਂ ਬਾਅਦ ਰਾਹਤ ਤੇ ਬਚਾਅ ਮੁਹਿੰਮ ਨੂੰ ਲਗਭਗ ਤਿੰਨ ਘੰਟਿਆਂ ਲਈ ਰੋਕਣਾ ਪਿਆ ਹੈ। ਬਾਅਦ ਵਿਚ ਮੁਹਿੰਮ ਮੁੜ ਸ਼ੁਰੂ ਕਰ ਦਿੱਤੀ ਗਈ। ਆਫ਼ਤ ਜੋਖ਼ਮ ਘਟਾਉਣ ਵਾਲੀ ਪ੍ਰਬੰਧਕੀ ਅਥਾਰਟੀ ਨੇ ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੇ ਲੋਕਾਂ ਨੂੰ ਹਾਈ ਅਲਰਟ ’ਤੇ ਰਹਿਣ ਦੀ ਸਲਾਹ ਦਿੱਤੀ ਹੈ।
--------------
ਮੌਤ ਤੇ ਲਾਪਤਾ ਲੋਕਾਂ ਦੇ ਅੰਕੜਿਆਂ ’ਚ ਫ਼ਰਕ
ਬੁੱਧਵਾਰ ਦੀ ਆਫ਼ਤ ਵਿਚ ਨੇਪਾਲ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਈ ਹੈ। ਪੀਟੀਆਈ ਮੁਤਾਬਕ ਪ੍ਰਾਪਤ ਸਰਕਾਰੀ ਅਤੇ ਸੁਰੱਖਿਆ ਏਜੰਸੀਆਂ ਦੇ ਅੰਕੜਿਆਂ ਵਿਚ ਫ਼ਰਕ ਬਰਕਰਾਰ ਹੈ। ਨੇਪਾਲ ਸਰਕਾਰ ਮੁਤਾਬਕ 622 ਜਣੇ ਲਾਪਤਾ ਹਨ ਜਦਕਿ 121 ਜਣਿਆਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਾ ਹੈ। ਦੂਜੇ ਪਾਸੇ ਨੇਪਾਲ ਪੁਲਿਸ ਮੁਤਾਬਕ ਹੁਣ ਤੱਕ ਅੱਠ ਜ਼ਿਲ੍ਹਿਆਂ ਤੋਂ 579 ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ਵਿਚ ਚਿਤਵਨ ਤੋਂ 221, ਨਵਲਪਰਾਸੀ ਪੂਰਬੀ ਤੋਂ 134, ਗੋਰਖਾ ਤੋਂ 46, ਨੁਵਾਕੋਟ ਤੋਂ 37, ਧਾਦਿੰਗ ਤੋਂ 33, ਤਾਨੁ ਤੋਂ 28, ਨਵਲਪਰਾਸੀ ਪੱਛਮੀ ਤੋਂ 27 ਅਤੇ ਰਸੁਵਾ ਤੋਂ 12 ਲਾਸ਼ਾਂ ਸ਼ਾਮਲ ਹਨ।
ਰੈੱਡਕ੍ਰਾਸ ਮੁਤਾਬਕ ਹੜ੍ਹ ਤੇ ਇਸ ਨਾਲ ਜੁੜੀ ਆਫ਼ਤ ਨਾਲ ਕਰੀਬ 90 ਹਜ਼ਾਰ ਲੋਕ ਪ੍ਰਭਾਵਤ ਹੋਏ ਹਨ। ਲਾਪਤਾ ਵਿਅਕਤੀਆਂ ਦੀ ਭਾਲ ਲਈ ਜ਼ਮੀਨੀ ਤੇ ਹਵਾਈ ਮੁਹਿੰਮ ਜਾਰੀ ਹੈ। ਬਚਾਅ ਮੁਹਿੰਮ ਵਿਚ 7,451 ਸੁਰੱਖਿਆ ਕਰਮੀ ਲਗਾਏ ਗਏ ਹਨ, ਜਿਨ੍ਹਾਂ ਵਿਚ ਨੇਪਾਲੀ ਫ਼ੌਜ ਦੇ 2,391 ਜਵਾਨ ਸ਼ਾਮਲ ਹਨ। ਕਈ ਦੇਸ਼ਾਂ ਨੇ ਮਦਦ ਦੀ ਪੇਸ਼ਕਸ਼ ਕੀਤੀ ਹੈ ਹਾਲਾਂਕਿ ਨੇਪਾਲ ਫ਼ਿਲਹਾਲ ਆਪਣੇ ਵਸੀਲਿਆਂ ਨਾਲ ਮੁਹਿੰਮ ਚਲਾ ਰਿਹਾ ਹੈ।
-------------
ਤਿੱਬਤ ’ਚ ਫਸੇ 400 ਭਾਰਤੀ ਸੁਰੱਖਿਅਤ: ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਤਿੱਬਤੀ ਖੇਤਰ ਵਿਚ ਫਸੇ ਕਰੀਬ 400 ਭਾਰਤੀਆਂ ਨਾਲ ਰਾਬਤਾ ਹੋ ਚੁੱਕਾ ਹੈ। ਸ਼ੁੱਕਰਵਾਰ ਸ਼ਾਮ ਤੱਕ ਇਨ੍ਹਾਂ ਵਿੱਚੋਂ 153 ਭਾਰਤੀ ਸੜਕ ਰਾਹੀਂ ਸੁਰੱਖਿਅਤ ਨੇਪਾਲ ਪਹੁੰਚ ਗਏ ਹਨ। ਉਨ੍ਹਾਂ ਨੂੰ ਭਾਰਤ ਲਿਆਉਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਨੇਪਾਲ ਵਿਚ ਹਾਲੇ ਵੀ 320 ਭਾਰਤੀਆਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਇਸ ਤੋਂ ਇਲਾਵਾ ਕਰੀਬ ਭਾਰਤੀ ਮੂਲ ਦੇ 100 ਜਣੇ ਵੀ ਲਾਪਤਾ ਹਨ, ਜਿਨ੍ਹਾਂ ਵਿਚ ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਗਏ ਅਜਿਹੇ ਯਾਤਰੀ ਸ਼ਾਮਲ ਹਨ, ਜਿਨ੍ਹਾਂ ਦੀ ਨਾਗਰਿਕਤਾ ਦੂਜੇ ਦੇਸ਼ਾਂ ਦੀ ਹੈ। ਬੁੱਧਵਾਰ ਦੀ ਆਫ਼ਤ ਤੋਂ ਬਾਅਦ ਕਾਠਮੰਡੂ ਪਹੁੰਚੇ ਤਾਮਿਲਨਾਡੂ ਦੇ 21 ਯਾਤਰੀਆਂ ਨੂੰ ਸ਼ੁੱਕਰਵਾਰ ਨੂੰ ਦਿੱਲੀ ਲਿਆਂਦਾ ਗਿਆ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਹਵਾਈ ਅੱਡੇ ’ਤੇ ਉਨ੍ਹਾਂ ਦਾ ਸਵਾਗਤ ਕੀਤਾ।
-----------
ਚੀਨ ਨੇ ਵੀ ਚਲਾਈ ਬਚਾਅ ਮੁਹਿੰਮ : ਅਖ਼ਬਾਰ ਗਲੋਬਲ ਟਾਈਮਜ਼ ਨੇ ਚੀਨੀ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਤਿੱਬਤ-ਨੇਪਾਲ ਸਰਹੱਦ ’ਤੇ ਸਥਿਤ ਗਯਰੋਂਗ ਕਾਊਂਟੀ ਵਿਚ ਫਸੇ ਸਾਰੇ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਇਨ੍ਹਾਂ ਵਿਚ ਵਿਦੇਸ਼ੀ ਸੈਲਾਨੀ ਵੀ ਸ਼ਾਮਲ ਹਨ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਅਧਿਕਾਰੀਆਂ ਨੂੰ ਵਿਗਿਆਨਕ ਤਰੀਕੇ ਨਾਲ ਰਾਹਤ ਤੇ ਬਚਾਅ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਚੀਨ ਨੇ ਨੇਪਾਲ ਦੇ ਆਫ਼ਤ ਪ੍ਰਭਾਵਤ ਖੇਤਰਾਂ ਵਿਚ ਐਮਰਜੈਂਸੀ ਮਦਦ ਮੁਹੱਈਆ ਕਰਵਾਉਣ ਦੀ ਵੀ ਪੇਸ਼ਕਸ਼ ਕੀਤੀ ਹੈ।