- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਚਾਅ ਦੇ ਜ਼ਿਆਦਾਤਰ ਯਤਨ ਜਲ-ਬਿਜਲੀ ਪ੍ਰਾਜੈਕਟਾਂ ਦੀਆਂ ਸੁਰੰਗਾਂ ਵਿਚ ਫਸੇ ਮਜ਼ਦੂਰਾਂ ਨੂੰ ਬਚਾਉਣ ’ਤੇ ਕੇਂਦਰਿਤ ਹੋ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਸੁਰੰਗਾਂ ਵਿਚ ਹਵਾ ਦੀ ਸਪਲਾਈ ਵਾਲੇ ਚੈਂਬਰ ਹਨ ਅਤੇ ਬਚਾਅ ਦਲ 600 ਤੋਂ ਵੱਧ ਲਾਪਤਾ ਮਜ਼ਦੂਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।

ਕਾਠਮੰਡੂ, ਰਾਇਟਰ : ਤਿੱਬਤ ਵਿਚ ਗਲੇਸ਼ੀਅਰ ਟੁੱਟਣ ਕਾਰਨ ਨੇਪਾਲ ਵਿਚ ਆਏ ਹੜ੍ਹ ਦੇ ਚੱਲਦਿਆਂ ਹੁਣ ਤੱਕ 1204 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਕਰੀਬ 4200 ਲੋਕ ਅਜੇ ਵੀ ਲਾਪਤਾ ਹਨ। ਜਿਵੇਂ-ਜਿਵੇਂ ਦਿਨ ਬੀਤ ਰਹੇ ਹਨ, ਹੜ੍ਹ ਦੇ ਮਲਬੇ ਵਿਚ ਦੱਬੇ ਲੋਕਾਂ ਦੇ ਜ਼ਿੰਦਾ ਬਚਣ ਦੀ ਉਮੀਦ ਟੁੱਟਦੀ ਜਾ ਰਹੀ ਹੈ। ਬਚਾਅ ਦੇ ਜ਼ਿਆਦਾਤਰ ਯਤਨ ਜਲ-ਬਿਜਲੀ ਪ੍ਰਾਜੈਕਟਾਂ ਦੀਆਂ ਸੁਰੰਗਾਂ ਵਿਚ ਫਸੇ ਮਜ਼ਦੂਰਾਂ ਨੂੰ ਬਚਾਉਣ ’ਤੇ ਕੇਂਦਰਿਤ ਹੋ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਸੁਰੰਗਾਂ ਵਿਚ ਹਵਾ ਦੀ ਸਪਲਾਈ ਵਾਲੇ ਚੈਂਬਰ ਹਨ ਅਤੇ ਬਚਾਅ ਦਲ 600 ਤੋਂ ਵੱਧ ਲਾਪਤਾ ਮਜ਼ਦੂਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।
ਨੇਪਾਲ ਦੇ ਰਾਸ਼ਟਰੀ ਐਮਰਜੈਂਸੀ ਮੁਹਿੰਮ ਕੇਂਦਰ (ਐੱਨਈਓਸੀ) ਦੇ ਇਕ ਸੀਨੀਅਰ ਅਧਿਕਾਰੀ ਫਣੀਂਦਰ ਪੌਡੇਲ ਨੇ ਕਿਹਾ ਕਿ ਜ਼ਿੰਦਾ ਲੋਕਾਂ ਦੇ ਮਿਲਣ ਦੀ ਉਮੀਦ ਘੱਟ ਹੁੰਦੀ ਜਾ ਰਹੀ ਹੈ। ਅਸੀਂ ਪ੍ਰਾਰਥਨਾ ਕਰ ਰਹੇ ਹਾਂ ਅਤੇ ਅਸੀਂ ਆਸ਼ਾਵਾਦੀ ਹਾਂ। ਉਮੀਦ ਤਾਂ ਉਮੀਦ ਹੈ! ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਸੰਸਦ ਵਿਚ ਦੱਸਿਆ ਕਿ ਖੋਜ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਡੀ ਤਰਜੀਹ ਸਪੱਸ਼ਟ ਹੈ, ਆਪਣੀ ਖੋਜ ਅਤੇ ਬਚਾਅ ਮੁਹਿੰਮ ਜਾਰੀ ਰੱਖਣਾ। ਜੋ ਲੋਕ ਅਜੇ ਵੀ ਲਾਪਤਾ ਹਨ, ਉਨ੍ਹਾਂ ਦੀ ਭਾਲ ਕਰਨਾ ਅਤੇ ਪ੍ਰਭਾਵਿਤ ਸਾਰੇ ਲੋਕਾਂ ਦੀ ਮਦਦ ਜਾਰੀ ਰੱਖਣਾ।
ਚਾਰ ਪਣ-ਬਿਜਲੀ ਪ੍ਰਾਜੈਕਟਾਂ ਵਿਚ ਵੱਡੇ ਪੱਧਰ ’ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ ਜਾਂ ਇਸ ਦੀ ਯੋਜਨਾ ਬਣਾਈ ਗਈ ਹੈ। ਨੇਪਾਲ ਬਿਜਲੀ ਅਥਾਰਟੀ ਦੇ ਬੋਰਡ ਵਿਚ ਮੈਂਬਰ ਅਮਸ਼ੂ ਕਿਰਨ ਸ਼ਾਹੀ ਨੇ ਕਿਹਾ ਕਿ ਦੋ ਥਾਵਾਂ ’ਤੇ, ਜਿੱਥੇ ਕਰੀਬ 90 ਲੋਕ ਲਾਪਤਾ ਹਨ, ਜ਼ਿੰਦਾ ਲੋਕਾਂ ਦੇ ਮਿਲਣ ਦੀ ਸਭ ਤੋਂ ਵੱਧ ਸੰਭਾਵਨਾ ਹੈ ਕਿਉਂਕਿ ਸੁਰੰਗਾਂ ਦੇ ਅੰਦਰ ਹਵਾ ਮੌਜੂਦ ਹੈ। ਉਨ੍ਹਾਂ ਕਿਹਾ ਕਿ ਤ੍ਰਿਸ਼ੂਲੀ-3ਏ ਵਿਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਅੰਦਰ ਇਕ ਸੁੱਕਾ ਚੈਂਬਰ ਸੀ ਅਤੇ ਸੁਰੰਗ ਵਿਚ ਆਕਸੀਜਨ ਵਹਿ ਰਹੀ ਹੋਵੇਗੀ। ਇਸ ਦੇ ਨਾਲ ਹੀ ਪਾਈਪ ਰਾਹੀਂ ਵੀ ਅੰਦਰ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਸੁਰੰਗ ਵਿਚ ਬਚਾਅ ਦੀਆਂ ਕੋਸ਼ਿਸ਼ਾਂ ਵਿਚ ਭਾਰਤ, ਚੀਨ ਅਤੇ ਅਮਰੀਕਾ ਦੀਆਂ ਮਾਹਿਰ ਬਚਾਅ ਟੀਮਾਂ ਸ਼ਾਮਲ ਹਨ।
ਚੀਨ ’ਚ ਮ੍ਰਿਤਕਾਂ ਦੀ ਗਿਣਤੀ 21 ਹੋਈ, 541 ਲਾਪਤਾ
ਚੀਨ ਨੇ ਤਿੱਬਤ ਵਿਚ ਮਰਨ ਵਾਲਿਆਂ ਦੀ ਗਿਣਤੀ ਵਧਾ ਕੇ 21 ਕਰ ਦਿੱਤੀ ਹੈ, ਜਦਕਿ 541 ਲੋਕ ਅਜੇ ਵੀ ਲਾਪਤਾ ਦੱਸੇ ਗਏ ਹਨ। ਲਾਪਤਾ ਲੋਕਾਂ ਵਿਚ 104 ਭਾਰਤੀ, 49 ਨੇਪਾਲੀ ਨਾਗਰਿਕ ਅਤੇ 33 ਲਾਤਵੀਆਈ ਨਾਗਰਿਕ ਸ਼ਾਮਲ ਹਨ। ਜ਼ਿਆਦਾਤਰ ਭਾਰਤੀ ਕੈਲਾਸ਼ ਯਾਤਰਾ ’ਤੇ ਜਾਣ ਵਾਲੇ ਸਮੂਹਾਂ ਦਾ ਹਿੱਸਾ ਸਨ।
ਗਿਰੋਂਗ ਬਾਰਡਰ ਕਰਾਸਿੰਗ ਦੀ ਸੜਕ ਮੁੜ ਖੋਲ੍ਹੀ
ਚੀਨ ਨੇ ਬੁੱਧਵਾਰ ਨੂੰ ਨੇਪਾਲ ਵਿਚ ਗਿਰੋਂਗ ਬਾਰਡਰ ਕਰਾਸਿੰਗ ਵੱਲ ਜਾਣ ਵਾਲੀ ਸੜਕ ਨੂੰ ਪੂਰੀ ਤਰ੍ਹਾਂ ਮੁੜ ਖੋਲ੍ਹ ਦਿੱਤਾ। ਇਸ ਨਾਲ ਹੜ੍ਹ ਆਉਣ ਤੋਂ ਬਾਅਦ ਪਹਿਲੀ ਵਾਰ ਭਾਰੀ ਮਸ਼ੀਨਰੀ ਪ੍ਰਮੁੱਖ ਆਫ਼ਤ ਪ੍ਰਭਾਵਿਤ ਖੇਤਰ ਤੱਕ ਪਹੁੰਚ ਸਕੀ। ਚੀਨ ਦੇ ਸਰਕਾਰੀ ਪ੍ਰਸਾਰਕ ਸੀਸੀਟੀਵੀ ਨੇ ਦਿਖਾਇਆ ਕਿ ਖੁਦਾਈ ਕਰਨ ਵਾਲੀਆਂ ਮਸ਼ੀਨਾਂ, ਬਚਾਅ ਦਲ, ਖੋਜੀ ਕੁੱਤੇ ਅਤੇ ਜਾਨ ਬਚਾਉਣ ਵਾਲੇ ਉਪਕਰਨ ਇਕ ਤੰਗ ਪਹਾੜੀ ਘਾਟੀ ਵਿਚ ਤਾਇਨਾਤ ਹਨ, ਜਿੱਥੇ ਮੀਂਹ, ਅਸਥਿਰ ਚੱਟਾਨਾਂ ਅਤੇ ਤੇਜ਼ ਵਹਿੰਦੀ ਨਦੀ ਨੇ ਮੁਹਿੰਮ ਵਿਚ ਰੁਕਾਵਟ ਪਾਈ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਉਹ ਰਾਹਤ ਯਤਨਾਂ ਵਿਚ ਮਦਦ ਲਈ ਨੇਪਾਲ ਨੂੰ ਹੋਰ ਡੀਐੱਨਏ ਪਛਾਣ ਮਾਹਿਰ ਅਤੇ ਬੇਲੀ ਪੁਲ਼, ਲਾਸ਼ਾਂ ਨੂੰ ਰੱਖਣ ਵਾਲੇ ਰੈਫ੍ਰਿਜਰੇਟਰ ਅਤੇ ਸੰਚਾਰ ਉਪਕਰਨਾਂ ਸਮੇਤ ਐਮਰਜੈਂਸੀ ਸਮੱਗਰੀ ਭੇਜੇਗਾ।
ਬਿਜਲੀ, ਦੂਰਸੰਚਾਰ ਅਤੇ ਆਵਾਜਾਈ ਸੰਪਰਕ ਬਹਾਲ ਕਰਨ ਲਈ ਕੰਮ ਜਾਰੀ : ਸ਼ਾਹ
ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਕਿਹਾ ਕਿ ਸਰਕਾਰ ਬਿਜਲੀ, ਦੂਰਸੰਚਾਰ ਅਤੇ ਆਵਾਜਾਈ ਸੰਪਰਕ ਬਹਾਲ ਕਰਨ ਲਈ ਕੰਮ ਕਰ ਰਹੀ ਹੈ ਅਤੇ ਪ੍ਰਭਾਵਿਤ ਇਲਾਕਿਆਂ ਵਿਚ 95 ਫ਼ੀਸਦੀ ਟੈਲੀਕਾਮ ਸੇਵਾਵਾਂ ਮੰਗਲਵਾਰ ਤੱਕ ਬਹਾਲ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਆਫ਼ਤ ਨੇ 431 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕੀਤਾ ਹੈ।