ਵਿਆਹ ਵਾਲੇ ਘਰ ਅੱਗ ਨੇ ਮਚਾਇਆ ਤਾਂਡਵ, 22 ਲੋਕਾਂ ਦੀ ਦਰਦਨਾਕ ਮੌਤ ਤੇ ਕਈ ਜ਼ਖਮੀ; ਇਲਾਕੇ 'ਚ ਸੋਗ ਦੀ ਲਹਿਰ ਮੱਧ ਅਫਰੀਕੀ ਦੇਸ਼ ਕਾਂਗੋ ਦੀ ਰਾਜਧਾਨੀ ਕਿੰਸ਼ਾਸਾ 'ਚ ਵਿਆਹ ਦਾ ਜਸ਼ਨ ਮਾਤਮ 'ਚ ਬਦਲ ਗਿਆ। ਸ਼ੁੱਕਰਵਾਰ ਰਾਤ ਇੱਕ ਇਮਾਰਤ 'ਚ ਭਿਆਨਕ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ 'ਚ 22 ਲੋਕਾਂ ਦੀ ਜਾਨ ਚਲੀ ਗਈ, ਜਦਕਿ ਕਈ ਲੋਕ ਬੁਰੀ ਤਰ੍ਹਾਂ ਝੁਲਸ ਗਏ। ਅੱਗ ਦੀਆਂ ਲਪਟਾਂ ਇੰਨੀ ਤੇਜ਼ੀ ਨਾਲ ਫੈਲੀਆਂ ਕਿ ਕਿਸੇ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ।
Publish Date: Sun, 06 Sep 2026 12:27 PM (IST)
Updated Date: Sun, 06 Sep 2026 12:28 PM (IST)
ਕਾਂਗੋ - ਮੱਧ ਅਫਰੀਕੀ ਦੇਸ਼ ਕਾਂਗੋ ਦੀ ਰਾਜਧਾਨੀ ਕਿੰਸ਼ਾਸਾ 'ਚ ਵਿਆਹ ਦਾ ਜਸ਼ਨ ਮਾਤਮ 'ਚ ਬਦਲ ਗਿਆ। ਸ਼ੁੱਕਰਵਾਰ ਰਾਤ ਇੱਕ ਇਮਾਰਤ 'ਚ ਭਿਆਨਕ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ 'ਚ 22 ਲੋਕਾਂ ਦੀ ਜਾਨ ਚਲੀ ਗਈ, ਜਦਕਿ ਕਈ ਲੋਕ ਬੁਰੀ ਤਰ੍ਹਾਂ ਝੁਲਸ ਗਏ। ਅੱਗ ਦੀਆਂ ਲਪਟਾਂ ਇੰਨੀ ਤੇਜ਼ੀ ਨਾਲ ਫੈਲੀਆਂ ਕਿ ਕਿਸੇ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ।
ਇਹ ਹਾਦਸਾ ਉੱਤਰੀ ਕਿੰਸ਼ਾਸਾ ਦੇ ਲਿੰਗਵਾਲਾ ਇਲਾਕੇ 'ਚ ਵਾਪਰਿਆ। ਸ਼ੁੱਕਰਵਾਰ ਰਾਤ ਵਿਆਹ ਦੀ ਪਾਰਟੀ ਦੌਰਾਨ ਅਚਾਨਕ ਅੱਗ ਦੀਆਂ ਲਪਟਾਂ ਉੱਠੀਆਂ, ਜਿਨ੍ਹਾਂ ਨੇ ਸ਼ਨੀਵਾਰ ਤੜਕੇ ਤੱਕ ਪੂਰੀ ਇਮਾਰਤ ਨੂੰ ਸਾੜ ਕੇ ਰਾਖ ਕਰ ਦਿੱਤਾ। ਇਮਾਰਤ ਦੇ ਗਲਿਆਰੇ ਬੇਹੱਦ ਤੰਗ ਸਨ। ਜਾਨ ਬਚਾਉਣ ਦੀ ਕੋਸ਼ਿਸ਼ 'ਚ ਲੋਕ ਦਰਵਾਜ਼ਿਆਂ 'ਤੇ ਹੀ ਫਸ ਗਏ, ਜਿਸ ਕਾਰਨ ਬਾਹਰ ਨਿਕਲਣ ਦਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ।
ਹਫੜਾ-ਦਫੜੀ ਦੇ ਮਾਹੌਲ 'ਚ ਬਾਹਰ ਨਿਕਲੇ ਲੋਕਾਂ ਨੇ ਜ਼ਖਮੀਆਂ ਨੂੰ ਸੰਭਾਲਿਆ। ਕੁਝ ਲੋਕਾਂ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ, ਜਦਕਿ ਕਈਆਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਸੜਕ ਦੇ ਕਿਨਾਰੇ ਇੱਕ ਪਾਸੇ ਗੰਭੀਰ ਰੂਪ 'ਚ ਝੁਲਸੇ ਲੋਕ ਪਏ ਸਨ, ਤਾਂ ਦੂਜੇ ਪਾਸੇ ਲਾਸ਼ਾਂ ਰੱਖੀਆਂ ਗਈਆਂ ਸਨ।
ਮ੍ਰਿਤਕਾਂ ਦੀ ਵਧ ਸਕਦੀ ਹੈ ਗਿਣਤੀ ਮੀਡੀਆ ਰਿਪੋਰਟਾਂ ਮੁਤਾਬਕ, ਹੁਣ ਤੱਕ 22 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜ਼ਖਮੀਆਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਇਹ ਗਿਣਤੀ ਹੋਰ ਵਧ ਸਕਦੀ ਹੈ। ਅੱਗ ਲੱਗਣ ਦਾ ਅਸਲ ਕਾਰਨ ਅਜੇ ਸਪਸ਼ਟ ਨਹੀਂ ਹੋਇਆ ਹੈ। ਇਸ ਸਬੰਧੀ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਤੰਗ ਗਲੀਆਂ ਬਣੀਆਂ ਮੁਸੀਬਤ ਕਾਂਗੋ ਦੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਜੈਕਮਿਨ ਸ਼ਾਬਾਨੀ ਨੇ ਇਸ ਹਾਦਸੇ ਨੂੰ ਤ੍ਰਾਸਦੀ ਕਰਾਰ ਦਿੱਤਾ। ਉਹ ਸ਼ਨੀਵਾਰ ਸਵੇਰੇ ਘਟਨਾ ਸਥਾਨ 'ਤੇ ਪਹੁੰਚੇ ਅਤੇ ਉੱਥੋਂ ਦੇ ਹਾਲਾਤ ਦਾ ਜਾਇਜ਼ਾ ਲਿਆ। ਕਿੰਸ਼ਾਸਾ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਹਨ। ਅਜਿਹੇ ਇਲਾਕਿਆਂ 'ਚ ਕਈ ਥਾਵਾਂ 'ਤੇ ਫਾਇਰ ਬ੍ਰਿਗੇਡ ਵਰਗੀਆਂ ਜ਼ਰੂਰੀ ਸਹੂਲਤਾਂ ਦੀ ਕਮੀ ਰਹਿੰਦੀ ਹੈ। ਖੁਸ਼ਕ ਮੌਸਮ 'ਚ ਅੱਗ ਲੱਗਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਸਥਾਨਕ ਮੀਡੀਆ ਮੁਤਾਬਕ, ਇਸ ਸਾਲ ਸ਼ਹਿਰ 'ਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ।