ਸਕੂਲ 'ਚ ਦਿਨ-ਦਿਹਾੜੇ ਚੱਲੀਆਂ ਤਾਬੜਤੋੜ ਗੋਲੀਆਂ, 11 ਵਿਦਿਆਰਥੀ ਜ਼ਖ਼ਮੀ; ਮੌਕੇ 'ਤੇ ਪਹੁੰਚੀ ਭਾਰੀ ਪੁਲਿਸ ਫੋਰਸ ਮਨਿਸਾ 'ਚ ਇੱਕ ਵਿਦਿਆਰਥੀ ਨੇ ਆਪਣੇ ਹਾਈ ਸਕੂਲ ਦੇ ਸਾਹਮਣੇ ਗੋਲੀਬਾਰੀ ਕਰ ਦਿੱਤੀ, ਜਿਸ 'ਚ ਘੱਟੋ-ਘੱਟ 11 ਵਿਦਿਆਰਥੀ ਜ਼ਖ਼ਮੀ ਹੋ ਗਏ। ਤੁਰਕੀਏ ਦੇ ਨਿਆਂ ਮੰਤਰੀ ਅਕਿਨ ਗੁਰਲੇਕ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਗੁਰਲੇਕ ਨੇ ਦੱਸਿਆ ਕਿ ਜ਼ਖ਼ਮੀਆਂ 'ਚੋਂ ਦੋ ਦੀ ਹਾਲਤ ਗੰਭੀਰ ਹੈ।
Publish Date: Tue, 22 Sep 2026 04:15 PM (IST)
Updated Date: Tue, 22 Sep 2026 04:17 PM (IST)
ਡਿਜੀਟਲ ਡੈਸਕ, ਅੰਕਾਰਾ - ਤੁਰਕੀਏ ਦੇ ਪੱਛਮੀ ਸੂਬੇ ਮਨਿਸਾ 'ਚ ਇੱਕ ਵਿਦਿਆਰਥੀ ਨੇ ਆਪਣੇ ਹਾਈ ਸਕੂਲ ਦੇ ਸਾਹਮਣੇ ਗੋਲੀਬਾਰੀ ਕਰ ਦਿੱਤੀ, ਜਿਸ 'ਚ ਘੱਟੋ-ਘੱਟ 11 ਵਿਦਿਆਰਥੀ ਜ਼ਖ਼ਮੀ ਹੋ ਗਏ। ਤੁਰਕੀਏ ਦੇ ਨਿਆਂ ਮੰਤਰੀ ਅਕਿਨ ਗੁਰਲੇਕ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਗੁਰਲੇਕ ਨੇ ਦੱਸਿਆ ਕਿ ਜ਼ਖ਼ਮੀਆਂ 'ਚੋਂ ਦੋ ਦੀ ਹਾਲਤ ਗੰਭੀਰ ਹੈ।
ਹਮਲਾਵਰ ਹਿਰਾਸਤ 'ਚ ਮੰਤਰੀ ਗੁਰਲੇਕ ਨੇ ਦੱਸਿਆ ਕਿ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਮਾਤਾ-ਪਿਤਾ ਅਤੇ ਦਾਦਾ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ, ਕਿਉਂਕਿ ਹਮਲੇ 'ਚ ਵਰਤਿਆ ਗਿਆ ਹਥਿਆਰ ਉਨ੍ਹਾਂ ਕੋਲ ਸੀ।
ਮੰਤਰੀ ਨੇ ਸੋਸ਼ਲ ਮੀਡੀਆ ਸਾਈਟ ‘X’ 'ਤੇ ਪੋਸਟ ਕਰਕੇ ਕਿਹਾ, “ਜਦੋਂ ਸਾਡੇ ਬੱਚਿਆਂ ਦੀ ਸੁਰੱਖਿਆ ਦਾ ਸਵਾਲ ਹੋਵੇ ਤਾਂ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਗੈਰ-ਜ਼ਿੰਮੇਵਾਰਾਨਾ ਹਰਕਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।”
ਗੁਰਲੇਕ ਨੇ ਅੱਗੇ ਕਿਹਾ ਕਿ ਬੱਚਿਆਂ 'ਤੇ ਹਮਲੇ ਲਈ ਵਰਤੀ ਗਈ ਬੰਦੂਕ ਹਮਲਾਵਰ ਨੂੰ ਕਿਹੜੇ ਹਾਲਾਤਾਂ 'ਚ ਮਿਲੀ, ਹਥਿਆਰ ਨੂੰ ਕਿਵੇਂ ਰੱਖਿਆ ਗਿਆ ਸੀ ਅਤੇ ਬੱਚਿਆਂ ਦੀ ਦੇਖਭਾਲ ਤੇ ਨਿਗਰਾਨੀ ਸਬੰਧੀ ਮਾਤਾ-ਪਿਤਾ ਦੀਆਂ ਕੀ ਜ਼ਿੰਮੇਵਾਰੀਆਂ ਸਨ—ਇਨ੍ਹਾਂ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਸਕੂਲ ਦੇ ਬਾਹਰ ਹੋਏ ਇਸ ਹਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ 'ਚ ਇੱਕ ਲੜਕਾ ਸਕੂਲ ਦੇ ਨੇੜੇ ਸੜਕ 'ਤੇ ਰਾਈਫਲ ਚਲਾਉਂਦਾ ਦਿਖਾਈ ਦੇ ਰਿਹਾ ਹੈ। ਬਾਅਦ 'ਚ ਉਹ ਸੜਕ ਤੋਂ ਵਾਪਸ ਭੱਜਦਾ ਹੋਇਆ ਵੀ ਨਜ਼ਰ ਆਇਆ। ਵੀਡੀਓ 'ਚ ਪੁਲਿਸ ਸਕੂਲ ਦੇ ਬਾਹਰ ਮੌਜੂਦ ਪਰਿਵਾਰਾਂ ਅਤੇ ਹੋਰ ਲੋਕਾਂ ਨੂੰ ਪਿੱਛੇ ਹਟਾਉਂਦੀ ਹੋਈ ਦਿਖਾਈ ਦੇ ਰਹੀ ਹੈ।
ਹਮਲੇ ਦੇ ਮਕਸਦ ਦੀ ਜਾਂਚ ਜਾਰੀ
ਸਥਾਨਕ ਗਵਰਨਰ ਦਫ਼ਤਰ ਨੇ ਦੱਸਿਆ ਕਿ ਇਹ ਹਮਲਾ ਸਵੇਰੇ ਕਰੀਬ 8 ਵਜੇ ਤੁਰਗੁਤਲੂ ਜ਼ਿਲ੍ਹੇ ਦੇ ਇਨਸੀ ਉਜ਼ਮੇਜ਼ ਵੋਕੇਸ਼ਨਲ ਐਂਡ ਟੈਕਨੀਕਲ ਐਨਾਟੋਲੀਅਨ ਹਾਈ ਸਕੂਲ 'ਚ ਹੋਇਆ। ਇਸ ਘਟਨਾ 'ਚ 11 ਵਿਦਿਆਰਥੀ ਜ਼ਖ਼ਮੀ ਹੋਏ ਹਨ।
ਗਵਰਨਰ ਨੇ ਕਿਹਾ, “ਇਨਸੀ ਉਜ਼ਮੇਜ਼ ਵੋਕੇਸ਼ਨਲ ਐਂਡ ਟੈਕਨੀਕਲ ਐਨਾਟੋਲੀਅਨ ਹਾਈ ਸਕੂਲ ਦੇ ਨੇੜੇ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਮੈਡੀਕਲ ਟੀਮਾਂ ਨੂੰ ਇਲਾਕੇ 'ਚ ਭੇਜਿਆ ਗਿਆ ਹੈ।” ਇਸ ਘਟਨਾ ਤੋਂ ਬਾਅਦ ਉਪ ਰਾਸ਼ਟਰਪਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਹਿ ਮੰਤਰੀ ਸਿਫ਼ਤਸੀ ਅਤੇ ਸਿੱਖਿਆ ਮੰਤਰੀ ਯੂਸੁਫ਼ ਟੇਕਿਨ ਘਟਨਾ ਦਾ ਜਾਇਜ਼ਾ ਲੈਣ ਲਈ ਮਨਿਸਾ ਜਾ ਰਹੇ ਹਨ।
ਅਪ੍ਰੈਲ ਦੀਆਂ ਘਟਨਾਵਾਂ ਤੋਂ ਬਾਅਦ ਨਿਯਮਾਂ 'ਚ ਬਦਲਾਅ ਇਸ ਘਟਨਾ ਤੋਂ ਪਹਿਲਾਂ ਅਪ੍ਰੈਲ 'ਚ ਸਕੂਲਾਂ 'ਚ ਗੋਲੀਬਾਰੀ ਦੀਆਂ ਦੋ ਜਾਨਲੇਵਾ ਘਟਨਾਵਾਂ ਹੋਈਆਂ ਸਨ। ਇਨ੍ਹਾਂ ਘਟਨਾਵਾਂ ਕਾਰਨ ਤੁਰਕੀਏ 'ਚ ਕਾਫ਼ੀ ਰੋਸ ਪੈਦਾ ਹੋਇਆ ਸੀ ਅਤੇ ਅਧਿਕਾਰੀਆਂ ਨੇ 2026-27 ਦੇ ਵਿੱਦਿਅਕ ਸਾਲ ਲਈ ਸੁਰੱਖਿਆ ਦੇ ਨਵੇਂ ਉਪਾਅ ਲਾਗੂ ਕਰਨ ਦਾ ਫ਼ੈਸਲਾ ਕੀਤਾ ਸੀ। ਇਨ੍ਹਾਂ 'ਚ ਹਥਿਆਰਾਂ 'ਤੇ ਸਖ਼ਤ ਨਿਯੰਤਰਣ ਵੀ ਸ਼ਾਮਲ ਸੀ। ਇਸ ਤੋਂ ਪਹਿਲਾਂ ਤੁਰਕੀਏ 'ਚ ਇਸ ਤਰ੍ਹਾਂ ਦੇ ਸਕੂਲੀ ਗੋਲੀਬਾਰੀ ਹਮਲਿਆਂ ਦਾ ਕੋਈ ਵੱਡਾ ਇਤਿਹਾਸ ਨਹੀਂ ਰਿਹਾ ਸੀ।