- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਸ਼ਿਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਤਹਿਤ ਖੇਡੇ ਗਏ ਇੱਕਤਰਫਾ ਮੁਕਾਬਲੇ ’ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਕੋਰੀਆ ਦੀ ਟੀਮ ਨੂੰ 8-0 ਦੇ ਵੱਡੇ ਫਰਕ ਨਾਲ ਕੁਚਲ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਏਸ਼ਿਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਤਹਿਤ ਖੇਡੇ ਗਏ ਇੱਕਤਰਫਾ ਮੁਕਾਬਲੇ ’ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਕੋਰੀਆ ਦੀ ਟੀਮ ਨੂੰ 8-0 ਦੇ ਵੱਡੇ ਫਰਕ ਨਾਲ ਕੁਚਲ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ।
ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਚੱਲ ਰਹੇ ਇਸ ਟੂਰਨਾਮੈਂਟ ’ਚ ਭਾਰਤੀ ਖਿਡਾਰੀਆਂ ਨੇ ਮੈਦਾਨ ਦੇ ਹਰ ਹਿੱਸੇ ’ਚ ਆਪਣੀ ਸਰਵਉੱਚਤਾ ਸਾਬਤ ਕੀਤੀ। ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤੀ ਟੀਮ ਨੇ ਹਮਲਾਵਰ ਰੁਖ ਅਪਣਾਇਆ। ਖੇਡ ਦੇ 8ਵੇਂ ਮਿੰਟ ’ਚ ਹੀ ਭਾਰਤ ਦੇ ਦਿਲਪ੍ਰੀਤ ਸਿੰਘ ਨੇ ਪਹਿਲਾ ਮੈਦਾਨੀ ਗੋਲ ਕਰਕੇ ਟੀਮ ਦਾ ਖਾਤਾ ਖੋਲ੍ਹਿਆ ਗਿਆ।
11ਵੇਂ ਮਿੰਟ ’ਚ ਜੁਗਰਾਜ ਸਿੰਘ ਨੇ ਪੈਨਾਲਟੀ ਕਾਰਨਰ ਨੂੰ ਗੋਲ ’ਚ ਬਦਲਿਆ। ਨਾਲ ਹੀ ਹਮਲਾਵਰਕ ਬਣਾਉਂਦਿਆਂ 15 ਮਿੰਟ ’ਚ ਹਰਮਨਪ੍ਰੀਤ ਸਿੰਘ ਨੇ ਪੈਨਾਲਟੀ ਕਾਰਨਰ ਨੂੰ ਗੋਲ ’ਚ ਬਦਲਿਆ। ਇਸ ਤੋਂ ਬਾਅਦ ਭਾਰਤੀ ਫਾਰਵਰਡ ਲਾਈਨ ਨੇ ਕੋਰੀਆ ਦੇ ਡਿਫੈਂਡਰਾਂ ਨੂੰ ਕੋਈ ਮੌਕਾ ਨਹੀਂ ਦਿੱਤਾ।
ਭਾਰਤ ਨੇ ਪਹਿਲੇ ਕੁਆਰਟਰ ’ਚ ਹੀ 3-0 ਦੀ ਮਜ਼ਬੂਤ ਅਗੇਤ ਬਣਾ ਲਈ ਸੀ। ਮੁਕਾਬਲੇ ਦੇ ਅੱਧੇ ਸਮੇਂ ਤੱਕ ਸਕੋਰ ਬੋਰਡ ’ਤੇ ਭਾਰਤ 3-0 ਨਾਲ ਅੱਗੇ ਸੀ। ਤੀਜੇ ਕੁਆਰਟਰ ਦੇ 33ਵੇਂ ਮਿੰਟ ’ਚ ਲਾਕਰਾ ਨੇ ਪੈਨਾਲਟੀ ਕਾਰਨਰ ਨੂੰ ਗੋਲ ’ਚ ਬਦਲਦਿਆਂ ਤੇ ਟੀਮ ਨੂੰ 4-0 ਨਾਲ ਜਿੱਤ ਵੱਲ ਵਧਾ ਦਿੱਤਾ। ਨਾਲ ਹੀ 34ਵੇਂ ਮਿੰਟ ’ਚ ਸੁਖਜੀਤ ਸਿੰਘ ਨੇ ਮੈਦਾਨੀ ਗੋਲ ਕੀਤਾ ਤੇ ਫਿਰ 36ਵੇਂ ਮਿੰਟ ’ਚ ਸੰਜੇ ਨੇ ਮੈਦਾਨੀ ਗੋਲ ਦਾਗ਼ਿਆ।
ਨਾਲ ਹੀ 40ਵੇਂ ਮਿੰਟ ’ਚ ਦਿਲਪ੍ਰੀਤ ਸਿੰਘ ਨੇ ਫਿਰ ਮੈਦਾਨੀ ਗੋਲ ਕਰਕੇ 7-0 ਨਾਲ ਕੋਰੀਅਨ ਟੀਮ ਤੇ ਭਾਰੀ ਦਬਾਅ ਬਣਾਈ ਰੱਖਿਆ। ਸਮਾਪਤੀ ਤੱਕ ਭਾਰਤ ਨੇ ਆਪਣੀ ਲੀਡ ਨੂੰ ਵਧਾ ਕੇ 7-0 ਕਰ ਦਿੱਤਾ।
ਮੈਚ ਦੇ ਆਖਰੀ ਪਲਾਂ ’ਚ ਇੱਕ ਹੋਰ ਸ਼ਾਨਦਾਰ ਗੋਲ ਨਾਲ ਭਾਰਤ ਦੇ ਖਿਡਾਰੀ ਅੰਗਦਬੀਰ ਸਿੰਘ ਨੇ 8-0 ਨਾਲ ਮੈਚ ਆਪਣੇ ਨਾਂ ਕੀਤਾ। ਮੈਚ ਦੌਰਾਨ ਭਾਰਤ ਵੱਲੋਂ ਫੀਲਡ ਗੋਲਾਂ ਤੇ ਪੈਨਾਲਟੀ ਕਾਰਨਰਾਂ ਦਾ ਸ਼ਾਨਦਾਰ ਤਾਲਮੇਲ ਦੇਖਣ ਨੂੰ ਮਿਲਿਆ। ਕੋਰੀਆ ਦੀ ਟੀਮ ਪੂਰੇ ਮੈਚ ਦੌਰਾਨ ਦਬਾਅ ਹੇਠ ਨਜ਼ਰ ਆਈ ਤੇ ਭਾਰਤੀ ਖਿਡਾਰੀਆਂ ਦੀ ਤੇਜ਼ ਰਫ਼ਤਾਰ ਗੇਮ ਦਾ ਕੋਈ ਜਵਾਬ ਨਹੀਂ ਲੱਭ ਸਕੀ। ਇਸ ਸ਼ਾਨਦਾਰ ਜਿੱਤ ਨਾਲ ਭਾਰਤੀ ਟੀਮ ਦਾ ਹੌਸਲਾ ਕਾਫੀ ਬੁਲੰਦ ਹੈ ਤੇ ਪ੍ਰਸੰਸਕਾਂ ’ਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।