Vastu Rules : ਘਰ 'ਚ ਬਿੱਲੀ ਰੱਖਣ ਤੋਂ ਪਹਿਲਾਂ ਜਾਣ ਲਓ ਇਹ ਵਾਸਤੂ ਨਿਯਮ, ਨਹੀਂ ਤਾਂ ਵਧ ਸਕਦੀ ਹੈ ਨਕਾਰਾਤਮਕ ਊਰਜਾ
ਪਾਲਤੂ ਜਾਨਵਰ ਸਿਰਫ਼ ਇਕ ਚੰਗੇ ਸਾਥੀ ਹੀ ਨਹੀਂ ਹੁੰਦੇ, ਸਗੋਂ ਉਹ ਘਰ ਦੀ ਊਰਜਾ ਨੂੰ ਸਕਾਰਾਤਮਕ ਤੇ ਨਕਾਰਾਤਮਕ ਦੋਵਾਂ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦੇ ਹਨ। ਜਾਨਵਰਾਂ 'ਚ ਬਿੱਲੀ ਸਭ ਤੋਂ ਆਮ ਅਤੇ ਲੋਕਪ੍ਰਿਯ ਪਾਲਤੂ ਜਾਨਵਰਾਂ ਵਿਚੋਂ ਇਕ ਹੈ। ਇਹ ਨਾ ਸਿਰਫ਼ ਪਿਆਰ ਅਤੇ ਆਪਣਾਪਣ ਲਿਆਉਂਦੀ ਹੈ, ਸਗੋਂ ਘਰ ਦੇ ਮਾਹੌਲ ਨੂੰ ਵੀ ਬਦਲ ਸਕਦੀ ਹੈ।
Publish Date: Sat, 05 Sep 2026 01:44 PM (IST)
Updated Date: Sat, 05 Sep 2026 01:46 PM (IST)
ਧਰਮ ਡੈਸਕ, ਨਵੀਂ ਦਿੱਲੀ : ਵਾਸਤੂ ਸ਼ਾਸਤਰ ਮੁਤਾਬਕ ਘਰ ਵਿਚ ਮੌਜੂਦ ਹਰ ਚੀਜ਼ ਜਿਸ ਵਿਚ ਜੀਵ-ਜੰਤੂਆਂ ਤੋਂ ਲੈ ਕੇ ਪਾਲਤੂ ਜਾਨਵਰ ਤਕ ਸ਼ਾਮਲ ਹਨ, ਘਰ ਦੀ ਊਰਜਾ ’ਤੇ ਅਸਰ ਪਾਉਂਦੀ ਹੈ। ਘਰ ਵਿਚ ਪਾਲਤੂ ਜਾਨਵਰ ਲਿਆਉਣ ਤੋਂ ਪਹਿਲਾਂ ਉਸ ਦੀ ਊਰਜਾ, ਸੁਭਾਅ ਤੇ ਉਹ ਕਿਸ ਦਿਸ਼ਾ ਵਿਚ ਰਹੇਗਾ, ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਪਾਲਤੂ ਜਾਨਵਰ ਸਿਰਫ਼ ਇਕ ਚੰਗੇ ਸਾਥੀ ਹੀ ਨਹੀਂ ਹੁੰਦੇ, ਸਗੋਂ ਉਹ ਘਰ ਦੀ ਊਰਜਾ ਨੂੰ ਸਕਾਰਾਤਮਕ ਤੇ ਨਕਾਰਾਤਮਕ ਦੋਵਾਂ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦੇ ਹਨ। ਜਾਨਵਰਾਂ 'ਚ ਬਿੱਲੀ ਸਭ ਤੋਂ ਆਮ ਅਤੇ ਲੋਕਪ੍ਰਿਯ ਪਾਲਤੂ ਜਾਨਵਰਾਂ ਵਿਚੋਂ ਇਕ ਹੈ। ਇਹ ਨਾ ਸਿਰਫ਼ ਪਿਆਰ ਅਤੇ ਆਪਣਾਪਣ ਲਿਆਉਂਦੀ ਹੈ, ਸਗੋਂ ਘਰ ਦੇ ਮਾਹੌਲ ਨੂੰ ਵੀ ਬਦਲ ਸਕਦੀ ਹੈ। ਹਾਲਾਂਕਿ ਬਿੱਲੀਆਂ ਨੂੰ ਲੈ ਕੇ ਵਾਸਤੂ ਸ਼ਾਸਤਰ ਵਿਚ ਮਿਲੀ-ਜੁਲੀ ਰਾਏ ਦੇਖਣ ਨੂੰ ਮਿਲਦੀ ਹੈ।
ਘਰ 'ਚ ਬਿੱਲੀ ਪਾਲਣ ਨੂੰ ਲੈ ਕੇ ਵਾਸਤੂ ਸ਼ਾਸਤਰ 'ਚ ਕੀ ਕਿਹਾ ਗਿਆ ਹੈ?
- ਵਾਸਤੂ ਸ਼ਾਸਤਰ ਮੁਤਾਬਕ ਬਿੱਲੀਆਂ ਬਾਰੇ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਬਿੱਲੀਆਂ 'ਚ ਸੰਵੇਦਨਸ਼ੀਲ ਤੇ ਕਾਫ਼ੀ ਤੇਜ਼ ਊਰਜਾ ਹੁੰਦੀ ਹੈ। ਉਨ੍ਹਾਂ ਵਿਚ ਘਰ ਦੇ ਭਾਵਨਾਤਮਕ ਸੰਤੁਲਨ ਅਤੇ ਊਰਜਾ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਹੋਣ ਦੀ ਮਾਨਤਾ ਹੈ। ਜੇਕਰ ਘਰ ਵਿਚ ਪਹਿਲਾਂ ਤੋਂ ਹੀ ਚੰਗਾ ਮਾਹੌਲ ਹੈ ਤਾਂ ਬਿੱਲੀ ਇਸ ਨੂੰ ਹੋਰ ਬਿਹਤਰ ਬਣਾ ਸਕਦੀ ਹੈ। ਪਰ ਨਕਾਰਾਤਮਕ ਊਰਜਾ ਵਾਲੇ ਘਰ ਵਿਚ ਬਿੱਲੀ ਪਾਲਣ ਨਾਲ ਇਸ ਦਾ ਪ੍ਰਭਾਵ ਹੋਰ ਵਧ ਸਕਦਾ ਹੈ। ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਬੇਚੈਨੀ ਅਤੇ ਪਰੇਸ਼ਾਨੀ ਮਹਿਸੂਸ ਹੋ ਸਕਦੀ ਹੈ।
- ਬਿੱਲੀ ਸੁਭਾਅ ਤੋਂ ਚੰਚਲ ਤੇ ਆਤਮਨਿਰਭਰ ਹੁੰਦੀ ਹੈ। ਘਰ ਵਿਚ ਬਿੱਲੀ ਦਾ ਵਿਵਹਾਰ ਉਥੋਂ ਦੇ ਮਾਹੌਲ ’ਤੇ ਵੀ ਅਸਰ ਦਿਖਾਉਂਦਾ ਹੈ। ਇਕ ਸ਼ਾਂਤ ਤੇ ਖੁਸ਼ਮਿਜ਼ਾਜ਼ ਬਿੱਲੀ ਘਰ ਵਿਚ ਪਿਆਰ ਤੇ ਸਕਾਰਾਤਮਕ ਊਰਜਾ ਲਿਆਉਣ ਦਾ ਕੰਮ ਕਰਦੀ ਹੈ। ਉਥੇ ਹੀ ਸ਼ਰਮੀਲੀ ਜਾਂ ਘਬਰਾਈ ਹੋਈ ਬਿੱਲੀ ਘਰ ਵਿਚ ਬੇਚੈਨੀ ਅਤੇ ਤਣਾਅ ਵਧਾ ਸਕਦੀ ਹੈ।
- ਵਾਸਤੂ ਸ਼ਾਸਤਰ ਅਨੁਸਾਰ ਸੁਖਦ ਤੇ ਸ਼ਾਂਤੀ ਭਰੇ ਘਰ ਵਿਚ ਬਿੱਲੀ ਪਾਲਣ ਨਾਲ ਸਕਾਰਾਤਮਕ ਊਰਜਾ ਵਿਚ ਵਾਧਾ ਹੁੰਦਾ ਹੈ। ਇੱਕ ਖੁਸ਼ ਤੇ ਸਿਹਤਮੰਦ ਬਿੱਲੀ ਘਰ ਵਿਚ ਪਿਆਰ ਅਤੇ ਸਨੇਹ ਦੇ ਪੱਧਰ ਨੂੰ ਵਧਾਉਂਦੀ ਹੈ। ਇਹ ਪਰਿਵਾਰ ਦੇ ਮੈਂਬਰਾਂ ਦਾ ਤਣਾਅ ਵੀ ਘੱਟ ਕਰ ਸਕਦੀ ਹੈ।
ਘਰ ਵਿਚ ਬਿੱਲੀ ਪਾਲਣ ਦਾ ਰੁਝਾਨ ਕੋਈ ਨਵਾਂ ਨਹੀਂ ਹੈ, ਸਗੋਂ ਪੁਰਾਣੇ ਸਮੇਂ ਵਿਚ ਵੀ ਇਹ ਪ੍ਰਚਲਿਤ ਸੀ। ਪੁਰਾਣੇ ਸਮੇਂ 'ਚ ਘਰਾਂ 'ਚ ਚੂਹਿਆਂ ਤੇ ਕੀੜਿਆਂ ਤੋਂ ਬਚਾਅ ਲਈ ਬਿੱਲੀਆਂ ਪਾਲੀਆਂ ਜਾਂਦੀਆਂ ਸਨ। ਘਰ ਦੀ ਸਫ਼ਾਈ ਅਤੇ ਸਵੱਛਤਾ ਦੇ ਲਿਹਾਜ਼ ਨਾਲ ਵੀ ਇਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਸੀ। ਘਰ ਵਿਚ ਪਾਲਤੂ ਬਿੱਲੀ ਨੂੰ ਸਹਿਲਾਉਣ ਤੇ ਉਸ ਦੇ ‘ਪੁਰ੍ਰ-ਪੁਰ੍ਰ’ ਕਰਨ ਦੀ ਆਵਾਜ਼ ਸੁਣਨ ਨਾਲ ਮਾਨਸਿਕ ਤਣਾਅ ਘੱਟ ਹੋ ਸਕਦਾ ਹੈ। ਬਿੱਲੀ ਬੱਚਿਆਂ ਅਤੇ ਬਜ਼ੁਰਗਾਂ ਲਈ ਭਾਵਨਾਤਮਕ ਸਹਾਰਾ ਬਣ ਸਕਦੀ ਹੈ।
ਘਰ 'ਚ ਬਿੱਲੀ ਪਾਲਣ ਦੇ ਨੁਕਸਾਨ
- ਜੇਕਰ ਘਰ ਵਿਚ ਪਹਿਲਾਂ ਤੋਂ ਹੀ ਤਣਾਅ ਤੇ ਨੈਗੇਟਿਵ ਐਨਰਜੀ ਵਾਲਾ ਮਾਹੌਲ ਰਹਿੰਦਾ ਹੈ ਤਾਂ ਬਿੱਲੀ ਇਸ ਨੂੰ ਹੋਰ ਵਧਾਉਣ ਦਾ ਕੰਮ ਕਰ ਸਕਦੀ ਹੈ। ਸ਼ਰਾਰਤੀ ਬਿੱਲੀ ਘਰ 'ਚ ਝਗੜੇ ਅਤੇ ਅਸ਼ਾਂਤੀ ਦਾ ਕਾਰਨ ਬਣ ਸਕਦੀ ਹੈ।
- ਜੇਕਰ ਬਿੱਲੀ ਨੂੰ ਸਾਫ਼-ਸੁਥਰਾ ਨਾ ਰੱਖਿਆ ਜਾਵੇ ਤਾਂ ਘਰ ਵਿਚ ਗੰਦਗੀ ਅਤੇ ਬਦਬੂ ਫੈਲ ਸਕਦੀ ਹੈ। ਇਸ ਕਾਰਨ ਨਕਾਰਾਤਮਕ ਊਰਜਾ ਦਾ ਸੰਚਾਰ ਵਧਣ ਦੀ ਮਾਨਤਾ ਹੈ, ਜਿਸ ਨਾਲ ਪੂਰੇ ਘਰ ਵਿਚ ਵਾਸਤੂ ਦੋਸ਼ ਦੀ ਸਮੱਸਿਆ ਦੇਖਣ ਨੂੰ ਮਿਲ ਸਕਦੀ ਹੈ।
- ਜੇਕਰ ਬਿੱਲੀ ਘਰ ਦੇ ਦੱਖਣ-ਪੱਛਮ ਜਾਂ ਉੱਤਰ-ਪੂਰਬ ਕੋਨੇ 'ਚ ਰਹਿੰਦੀ ਹੈ ਤਾਂ ਇਸ ਨਾਲ ਘਰ ਦੀ ਸਥਿਰਤਾ ਅਤੇ ਮਾਨਸਿਕ ਸ਼ਾਂਤੀ ’ਤੇ ਅਸਰ ਪੈਣ ਦੀ ਮਾਨਤਾ ਹੈ।
ਬਿੱਲੀ ਪਾਲਣ ਲਈ ਵਾਸਤੂ ਟਿਪਸ
ਘਰ ਵਿਚ ਬਿੱਲੀ ਪਾਲਣ ਤੋਂ ਪਹਿਲਾਂ ਵਾਸਤੂ ਨਾਲ ਜੁੜੇ ਕੁਝ ਨਿਯਮਾਂ ਦੀ ਪਾਲਣਾ ਕਰਨੀ ਬੇਹੱਦ ਜ਼ਰੂਰੀ ਮੰਨੀ ਜਾਂਦੀ ਹੈ। ਸਭ ਤੋਂ ਪਹਿਲਾਂ ਬਿੱਲੀ ਨੂੰ ਖੁਸ਼ਨੁਮਾ ਮਾਹੌਲ 'ਚ ਰੱਖੋ। ਇਸ ਲਈ ਉੱਤਰ ਜਾਂ ਪੂਰਬ ਦਿਸ਼ਾ ਢੁਕਵੀਂ ਹੋ ਸਕਦੀ ਹੈ। ਇਸ ਤੋਂ ਇਲਾਵਾ ਬਿੱਲੀ ਦੇ ਰਹਿਣ ਦੀ ਜਗ੍ਹਾ ਨੂੰ ਵੀ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ। ਧਿਆਨ ਰੱਖੋ ਕਿ ਬਿੱਲੀ ਸਿਹਤਮੰਦ ਰਹੇ ਅਤੇ ਉਸ ਦੀ ਨਿਯਮਿਤ ਤੌਰ ’ਤੇ ਦੇਖਭਾਲ ਹੁੰਦੀ ਰਹੇ।
ਬਿੱਲੀ ਨੂੰ ਘਰ 'ਚ ਬਿਨਾਂ ਨਿਗਰਾਨੀ ਦੇ ਘੁੰਮਣ ਨਾ ਦਿਓ। ਉਸ ਦੇ ਰਹਿਣ ਦੀ ਜਗ੍ਹਾ ਸਥਿਰ ਅਤੇ ਸਕਾਰਾਤਮਕ ਊਰਜਾ ਵਾਲੀ ਹੋਣੀ ਚਾਹੀਦੀ ਹੈ। ਜੇ ਸੰਭਵ ਹੋਵੇ ਤਾਂ ਬਿੱਲੀ ਲਈ ਇੱਕ ਛੋਟੀ ਅਤੇ ਖਾਸ ਜਗ੍ਹਾ ਬਣਾਓ, ਜਿੱਥੇ ਉਹ ਸੁਰੱਖਿਅਤ ਅਤੇ ਆਜ਼ਾਦ ਮਹਿਸੂਸ ਕਰ ਸਕੇ।