- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲਵੇ ਨੂੰ ਪੰਜਾਬ ਦੀ ਸੱਤਾ ਦੀ ਚਾਬੀ ਮੰਨਿਆ ਜਾਂਦਾ ਹੈ। ਵਿਧਾਨ ਸਭਾ ਦੀਆਂ 117 ਵਿੱਚੋਂ 69 ਸੀਟਾਂ ਵਾਲਾ ਇਹ ਖੇਤਰ ਤੈਅ ਕਰਦਾ ਹੈ ਕਿ ਸੂਬੇ ਵਿਚ ਕਿਸ ਪਾਰਟੀ ਦੀ ਸਰਕਾਰ ਬਣੇਗੀ। ਇਕ ਸਮਾਂ ਸੀ ਜਦੋਂ ਮਾਲਵਾ ਕਾਂਗਰਸ ਦਾ ਮਜ਼ਬੂਤ ਸਿਆਸੀ ਗੜ੍ਹ ਮੰਨਿਆ ਜਾਂਦਾ ਸੀ।

ਸਟਾਫ ਰਿਪੋਰਟਰ, ਸੰਗਰੂਰ : ਪੰਜਾਬ ਵਿਚ ਮੁੜ ਸੱਤਾ ਹਾਸਲ ਕਰਨ ਦੀ ਆਸ ਲਾਈ ਬੈਠੀ ਕਾਂਗਰਸ ਹੁਣ ਮਾਲਵੇ ਵਿਚ ਆਪਣੀ ਖੁੱਸੀ ਹੋਈ ਸਿਆਸੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ’ਚ ਰੁੱਝ ਗਈ ਹੈ। ਇਸੇ ਰਣਨੀਤੀ ਤਹਿਤ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ 4 ਨਵੰਬਰ ਨੂੰ ਆਮ ਆਦਮੀ ਪਾਰਟੀ ਦੇ ਸਿਆਸੀ ਗੜ੍ਹ ਸੰਗਰੂਰ ਪੁੱਜ ਰਹੇ ਹਨ। ਇਸ ਦੌਰੇ ਨੂੰ ਕਾਂਗਰਸ ਦੇ ਮਿਸ਼ਨ-2027 ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਉਹ ਪਿੰਡ ਫੱਗੂਵਾਲਾ ਵਿਚ ਹੋਣ ਵਾਲੀ ਇਨਸਾਫ਼ ਰੈਲੀ ਨੂੰ ਸੰਬੋਧਨ ਕਰਨਗੇ। ਪਾਰਟੀ ਨੂੰ ਉਮੀਦ ਹੈ ਕਿ ਰਾਹੁਲ ਗਾਂਧੀ ਦੀ ਰੈਲੀ ਅਤੇ ਉਨ੍ਹਾਂ ਦੇ ਸੰਬੋਧਨ ਨਾਲ ਨਾ ਸਿਰਫ਼ ਕਾਂਗਰਸੀ ਵਰਕਰਾਂ ਵਿਚ ਜੋਸ਼ ਭਰੇਗਾ, ਸਗੋਂ ਮਾਲਵਾ ਖੇਤਰ ਵਿਚ ਪਾਰਟੀ ਦੇ ਕਮਜ਼ੋਰ ਹੋ ਰਹੇ ਜਨ-ਆਧਾਰ ਨੂੰ ਵੀ ਮਜ਼ਬੂਤੀ ਮਿਲੇਗੀ।
ਮਾਲਵੇ ਨੂੰ ਪੰਜਾਬ ਦੀ ਸੱਤਾ ਦੀ ਚਾਬੀ ਮੰਨਿਆ ਜਾਂਦਾ ਹੈ। ਵਿਧਾਨ ਸਭਾ ਦੀਆਂ 117 ਵਿੱਚੋਂ 69 ਸੀਟਾਂ ਵਾਲਾ ਇਹ ਖੇਤਰ ਤੈਅ ਕਰਦਾ ਹੈ ਕਿ ਸੂਬੇ ਵਿਚ ਕਿਸ ਪਾਰਟੀ ਦੀ ਸਰਕਾਰ ਬਣੇਗੀ। ਇਕ ਸਮਾਂ ਸੀ ਜਦੋਂ ਮਾਲਵਾ ਕਾਂਗਰਸ ਦਾ ਮਜ਼ਬੂਤ ਸਿਆਸੀ ਗੜ੍ਹ ਮੰਨਿਆ ਜਾਂਦਾ ਸੀ। ਇੱਥੇ ਪਾਰਟੀ ਦਾ ਸੰਗਠਨ ਅਤੇ ਰਵਾਇਤੀ ਵੋਟ ਬੈਂਕ ਉਸ ਦੀ ਸਭ ਤੋਂ ਵੱਡੀ ਤਾਕਤ ਸਨ। ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਲਹਿਰ ਕਾਰਨ ਕਾਂਗਰਸ ਦਾ ਇੱਥੋਂ ਲਗਪਗ ਸਫ਼ਾਇਆ ਹੋ ਗਿਆ। ਕਾਂਗਰਸ ਸਿਰਫ਼ ਗਿੱਦੜਬਾਹਾ ਅਤੇ ਅਬੋਹਰ ਤੋਂ ਹੀ ਜਿੱਤ ਹਾਸਲ ਕਰ ਸਕੀ।
ਗਿੱਦੜਬਾਹਾ ਤੋਂ ਜਿੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਜਿੱਤੀ, ਜਿਸ ਕਾਰਨ ਇਹ ਸੀਟ ਖ਼ਾਲੀ ਹੋ ਗਈ। ਇਸ ਸੀਟ ’ਤੇ ਹੋਈ ਜ਼ਿਮਨੀ ਚੋਣ ਵਿਚ ‘ਆਪ’ ਨੇ ਜਿੱਤ ਦਰਜ ਕੀਤੀ। ਓਧਰ, ਅਬੋਹਰ ਤੋਂ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੂੰ ਵੀ ਪਾਰਟੀ ਵਿਰੋਧੀ ਸਰਗਮੀਆਂ ਦੇ ਦੋਸ਼ ਹੇਠ ਮੁਅੱਤਲ ਕੀਤਾ ਜਾ ਚੁੱਕਾ ਹੈ। ਅਜਿਹੇ ਵਿਚ ਸੰਗਰੂਰ ਵਿਚ ਰਾਹੁਲ ਗਾਂਧੀ ਦਾ ਦੌਰਾ ਕਾਂਗਰਸ ਲਈ ਮਹਿਜ਼ ਸਿਆਸੀ ਪ੍ਰੋਗਰਾਮ ਨਹੀਂ, ਸਗੋਂ ਖੁੱਸਿਆ ਜਨ-ਆਧਾਰ ਮੁੜ ਹਾਸਲ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਕਾਂਗਰਸ ਦੀ ਰਣਨੀਤੀ ਰੈਲੀ ’ਚ ਨਸ਼ਿਆਂ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਵਿਗੜ ਰਹੀ ਕਾਨੂੰਨ-ਵਿਵਸਥਾ ਵਰਗੇ ਮੁੱਦੇ ਚੁੱਕ ਕੇ ਸਰਕਾਰ ਵਿਰੁੱਧ ਮਾਹੌਲ ਬਣਾਉਣ ਦੀ ਹੈ।