
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐਸਐੱਸਪੀ ਮਨਿੰਦਰ ਸਿੰਘ ਨੂੰ ਕਾਨੂੰਨ ਵਿਵਸਥਾ ਕਾਇਮ ਰੱਖਣ, ਅਪਰਾਧਾਂ ’ਤੇ ਕਾਬੂ, ਸੰਵੇਦਨਸ਼ੀਲ ਪੁਲਿਸਿੰਗ, ਤੁਰੰਤ ਕਾਰਵਾਈ ਅਤੇ ਲੋਕਾਂ ਨਾਲ ਪ੍ਰਭਾਵਸ਼ਾਲੀ ਸੰਚਾਰ ਲਈ ਮਾਨਤਾ ਦਿੱਤੀ ਗਈ ਹੈ। ਪੰਜਾਬ ਕੇਡਰ ਦੇ 2019 ਬੈਚ ਦੇ ਆਈਪੀਐੱਸ ਅਧਿਕਾਰੀ ਮਨਿੰਦਰ ਸਿੰਘ ਨੇ ਜਨਵਰੀ 2026 ਵਿੱਚ ਐਸਐੱਸਪੀ ਰੂਪਨਗਰ ਦਾ ਅਹੁਦਾ ਸੰਭਾਲਿਆ ਸੀ।

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਐਸਐੱਸਪੀ ਰੂਪਨਗਰ ਮਨਿੰਦਰ ਸਿੰਘ ਨੂੰ ਭਾਰਤ ਦੇ 25 ਸਰਵੋਤਮ ਪੁਲਿਸ ਅਧਿਕਾਰੀਆਂ ਦੀ ਕੌਮੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪ੍ਰਭਾਵਸ਼ਾਲੀ ਪੁਲਿਸ ਲੀਡਰਸ਼ਿਪ ਅਤੇ ਲੋਕ-ਕੇਂਦ੍ਰਿਤ ਪੁਲਿਸਿੰਗ ਲਈ ਪੰਜਾਬ ਦੇ ਚਾਰ ਅਤੇ ਚੰਡੀਗੜ੍ਹ ਦੇ ਇੱਕ ਪੁਲਿਸ ਅਧਿਕਾਰੀ ਨੂੰ ਇਸ ਸੂਚੀ ਵਿੱਚ ਥਾਂ ਮਿਲੀ ਹੈ। ਇਹ ਸੂਚੀ ‘ਫੇਮ ਇੰਡੀਆ-ਏਸ਼ੀਆ ਪੋਸਟ’ ਵੱਲੋਂ ਜਾਰੀ ਕੀਤੀ ਗਈ ਹੈ।
ਐਸਐੱਸਪੀ ਮਨਿੰਦਰ ਸਿੰਘ ਨੂੰ ਕਾਨੂੰਨ ਵਿਵਸਥਾ ਕਾਇਮ ਰੱਖਣ, ਅਪਰਾਧਾਂ ’ਤੇ ਕਾਬੂ, ਸੰਵੇਦਨਸ਼ੀਲ ਪੁਲਿਸਿੰਗ, ਤੁਰੰਤ ਕਾਰਵਾਈ ਅਤੇ ਲੋਕਾਂ ਨਾਲ ਪ੍ਰਭਾਵਸ਼ਾਲੀ ਸੰਚਾਰ ਲਈ ਮਾਨਤਾ ਦਿੱਤੀ ਗਈ ਹੈ। ਪੰਜਾਬ ਕੇਡਰ ਦੇ 2019 ਬੈਚ ਦੇ ਆਈਪੀਐੱਸ ਅਧਿਕਾਰੀ ਮਨਿੰਦਰ ਸਿੰਘ ਨੇ ਜਨਵਰੀ 2026 ਵਿੱਚ ਐਸਐੱਸਪੀ ਰੂਪਨਗਰ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦੀਆਂ ਮੁੱਖ ਤਰਜੀਹਾਂ ਵਿੱਚ ਪਾਰਦਰਸ਼ੀ, ਭ੍ਰਿਸ਼ਟਾਚਾਰ ਮੁਕਤ ਪੁਲਿਸ ਪ੍ਰਸ਼ਾਸਨ ਅਤੇ ਮਜ਼ਬੂਤ ਕਾਨੂੰਨ ਵਿਵਸਥਾ ਸ਼ਾਮਲ ਹਨ।
ਮਾਨਸਾ ਵਿੱਚ ਸਹਾਇਕ ਪੁਲਿਸ ਸੁਪਰਡੈਂਟ ਵਜੋਂ ਉਨ੍ਹਾਂ ਨੇ 72 ਘੰਟਿਆਂ ਵਿੱਚ ਮੂਸਾ ਪਿੰਡ ਦੇ ਦੋਹਰੇ ਕਤਲ ਕੇਸ ਨੂੰ ਸੁਲਝਾਇਆ। ਅੰਮ੍ਰਿਤਸਰ ਦੱਖਣੀ ਵਿੱਚ ਤਾਇਨਾਤੀ ਦੌਰਾਨ ਹੈਂਡ ਗ੍ਰਨੇਡ ਦੀ ਬਰਾਮਦਗੀ, ਤਿੰਨ ਅੰਨ੍ਹੇ ਕਤਲ ਕੇਸ ਹੱਲ ਕਰਨ, ਤਿੰਨ ਅਗਵਾ ਨਾਬਾਲਗ ਲੜਕੀਆਂ ਨੂੰ ਬਰਾਮਦ ਕਰਨ ਤੋਂ ਇਲਾਵਾ 4.7 ਕਿਲੋਗ੍ਰਾਮ ਹੈਰੋਇਨ, ਡਰੋਨ ਅਤੇ 67.59 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।
ਉਨ੍ਹਾਂ ਦੀ ਅਗਵਾਈ ਹੇਠ ਨਾਰਕੋ-ਅੱਤਵਾਦ ਵਿਰੁੱਧ ਕਾਰਵਾਈ ਦੌਰਾਨ 1,354 ਗ੍ਰਿਫ਼ਤਾਰੀਆਂ, 237 ਕਿਲੋਗ੍ਰਾਮ ਹੈਰੋਇਨ, 1.9 ਕਰੋੜ ਰੁਪਏ ਦੀ ਡਰੱਗ ਮਨੀ, 297 ਪਿਸਤੌਲ ਅਤੇ 15 ਹੈਂਡ ਗ੍ਰਨੇਡ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ 800 ਤੋਂ ਵੱਧ ਗ੍ਰਾਮ ਰੱਖਿਆ ਕਮੇਟੀਆਂ ਨੂੰ ਸਰਗਰਮ ਕੀਤਾ ਗਿਆ ਅਤੇ ਕਰੀਬ 10 ਕਰੋੜ ਰੁਪਏ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ।