- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇੜਲੇ ਪਿੰਡ ਸੈਣੀਮਾਜਰਾ ’ਚ ਦੀਵਾਲੀ ਮੌਕੇ ਪਟਾਕੇ ਚਲਾਉਣ ਵੇਲੇ ਹੋਏ ਜ਼ੋਰਦਾਰ ਧਮਾਕੇ ਕਾਰਨ 38 ਸਾਲਾ ਨੌਜਵਾਨ ਦੀ ਜਾਨ ਚਲੀ ਗਈ।

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਨੇੜਲੇ ਪਿੰਡ ਸੈਣੀਮਾਜਰਾ ’ਚ ਦੀਵਾਲੀ ਮੌਕੇ ਪਟਾਕੇ ਚਲਾਉਣ ਵੇਲੇ ਹੋਏ ਜ਼ੋਰਦਾਰ ਧਮਾਕੇ ਕਾਰਨ 38 ਸਾਲਾ ਨੌਜਵਾਨ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ, 9 ਨਵੰਬਰ ਦੀ ਰਾਤ ਕਰੀਬ 10:30 ਵਜੇ ਅਨੁਪਮ ਦਿਆਲ ਉਰਫ ਨਿੱਪੀ ਪੁੱਤਰ ਮਾਸਟਰ ਦਰਸ਼ਨ ਕੁਮਾਰ ਪਰਿਵਾਰ ਸਮੇਤ ਘਰ ਵਿੱਚ ਪਟਾਕੇ ਚਲਾ ਰਿਹਾ ਸੀ। ਇਸੇ ਦੌਰਾਨ ਇਕ ਪਟਾਕਾ (ਸ਼ਾਰਟ) ਚਲਾਉਣ ਤੋਂ ਬਾਅਦ ਤੁਰੰਤ ਨਹੀਂ ਫਟਿਆ। ਜਦੋਂ ਨਿੱਪੀ ਉਸ ਨੂੰ ਦੇਖਣ ਲਈ ਨੇੜੇ ਗਿਆ ਤਾਂ ਅਚਾਨਕ ਪਟਾਕਾ ਉਸ ਦੀ ਛਾਤੀ ਨਾਲ ਟਕਰਾਉਂਦਿਆਂ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਦੱਸਿਆ ਜਾਂਦਾ ਹੈ ਕਿ ਅਨੁਪਮ ਦਿਆਲ ਖੇਤੀਬਾੜੀ ਦੇ ਕੰਮ ਦੇ ਨਾਲ-ਨਾਲ ਹੋਟਲ ਦਾ ਕਾਰੋਬਾਰ ਵੀ ਕਰਦਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ, ਬਜ਼ੁਰਗ ਮਾਤਾ-ਪਿਤਾ ਤੇ ਪੰਜ ਸਾਲਾ ਪੁੱਤਰ ਛੱਡ ਗਿਆ ਹੈ। ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਨਿੱਕੀ ਉਮਰ ਵਿੱਚ ਹੀ ਬੱਚੇ ਨੂੰ ਪਿਤਾ ਦੇ ਪਿਆਰ ਤੇ ਸਹਾਰੇ ਤੋਂ ਵਾਂਝਾ ਹੋਣਾ ਪਿਆ ਹੈ। ਦੁਪਹਿਰ ਬਾਅਦ ਮ੍ਰਿਤਕ ਦਾ ਅੰਤਿਮ ਸੰਸਕਾਰ ਗਮਗੀਨ ਕਰ ਦਿੱਤਾ ਗਿਆ।