ਨੰਗਲ ਪੰਜਾਬ ਦੀ 'ਲਾਈਫਲਾਈਨ', ਅਕਾਲੀ-ਕਾਂਗਰਸੀਆਂ ਨਾਲ ਹੱਥ ਮਿਲਾ ਕੇ ਉਂਗਲਾਂ ਗਿਣਨੀਆਂ ਪੈਂਦੀਆਂ ਨੇ; ਨੰਗਲ 'ਚ ਵਿਰੋਧੀਆਂ 'ਤੇ ਵਰ੍ਹੇ CM Mann
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਬਹੁਤ ਜ਼ਰਖੇਜ਼ ਅਤੇ ਉਪਜਾਊ ਹੈ, ਜਿੱਥੇ ਹਰ ਬੀਜ ਉੱਗ ਪੈਂਦਾ ਹੈ ਪਰ ਨਫ਼ਰਤ ਦਾ ਬੀਜ ਕਦੇ ਨਹੀਂ ਉੱਗਦਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀਆਂ ਰਾਮ ਨੌਮੀਆਂ, ਗੁਰਪੁਰਬ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਾਂਝੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿਆਸਤਦਾਨਾਂ ਅਤੇ ਲੀਡਰਾਂ ਨੇ ਲੋਕਾਂ ਨੂੰ ਧਰਮ ਅਤੇ ਜਾਤੀ ਦੇ ਨਾਂ 'ਤੇ ਵੰਡਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਕਦੇ ਨਹੀਂ ਵੰਡਿਆ ਜਾ ਸਕਦਾ।
Publish Date: Fri, 27 Nov 2026 10:57 AM (IST)
Updated Date: Fri, 27 Nov 2026 11:09 AM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੰਗਲ ਵਿਖੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਭਾਈਚਾਰਕ ਸਾਂਝ, ਇਲਾਕੇ ਦੇ ਵਿਕਾਸ ਅਤੇ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ। ਆਪਣੇ ਸੰਬੋਧਨ ਦੀ ਸ਼ੁਰੂਆਤ ਉਨ੍ਹਾਂ ਨੇ 'ਹਰ-ਹਰ ਮਹਾਦੇਵ' ਅਤੇ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਨਾਲ ਕਰਦਿਆਂ ਕਿਹਾ ਕਿ ਇਹੀ ਅਸਲੀ ਪੰਜਾਬ ਹੈ, ਜਿੱਥੇ ਸਾਰੇ ਧਰਮਾਂ ਦੇ ਨਾਅਰੇ ਅਤੇ ਜੈਕਾਰੇ ਇਕੱਠੇ ਲੱਗਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਬਹੁਤ ਜ਼ਰਖੇਜ਼ ਅਤੇ ਉਪਜਾਊ ਹੈ, ਜਿੱਥੇ ਹਰ ਬੀਜ ਉੱਗ ਪੈਂਦਾ ਹੈ ਪਰ ਨਫ਼ਰਤ ਦਾ ਬੀਜ ਕਦੇ ਨਹੀਂ ਉੱਗਦਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀਆਂ ਰਾਮ ਨੌਮੀਆਂ, ਗੁਰਪੁਰਬ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਾਂਝੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿਆਸਤਦਾਨਾਂ ਅਤੇ ਲੀਡਰਾਂ ਨੇ ਲੋਕਾਂ ਨੂੰ ਧਰਮ ਅਤੇ ਜਾਤੀ ਦੇ ਨਾਂ 'ਤੇ ਵੰਡਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਕਦੇ ਨਹੀਂ ਵੰਡਿਆ ਜਾ ਸਕਦਾ।
ਉਨ੍ਹਾਂ ਦੱਸਿਆ ਕਿ ਅਜੇ ਕੱਲ੍ਹ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਗਿਆ ਹੈ ਅਤੇ ਅੱਜ ਇੱਥੇ ਭਜਨ ਤੇ ਸਨਾਤਨ ਦਾ ਗੁਣਗਾਨ ਹੈ। ਅਰਵਿੰਦ ਕੇਜਰੀਵਾਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੇ ਭਾਈਚਾਰਕ ਸਾਂਝ ਵਿੱਚ ਹਿੱਸਾ ਲੈਣ ਆਏ ਹਨ। ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਮਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਵੀ ਮਾਤਾ ਨੈਣਾ ਦੇਵੀ ਜਾਣ ਦਾ ਰਿਵਾਜ ਹੈ ਅਤੇ ਉਹ ਬਚਪਨ ਵਿੱਚ ਆਪਣੇ ਮਾਪਿਆਂ ਨਾਲ ਕੌਲਾਂ ਵਾਲੇ ਟੋਭੇ ਤੋਂ 'ਪੌੜੀ-ਪੌੜੀ ਚੜ੍ਹਦਾ ਜਾ, ਜੈ ਮਾਤਾ ਦੀ ਕਰਦਾ ਜਾ' ਗਾਉਂਦੇ ਹੋਏ ਉੱਪਰ ਚੜ੍ਹਦੇ ਸਨ। ਉਨ੍ਹਾਂ ਸਟੇਜ 'ਤੇ ਬੈਠੇ ਪੁਜਾਰੀਆਂ ਦਾ ਸਤਿਕਾਰ ਕਰਦਿਆਂ ਲੋਕਾਂ ਦੇ ਘਰਾਂ ਵਿੱਚ ਤੰਦਰੁਸਤੀ ਅਤੇ ਤਰੱਕੀ ਦੀ ਕਾਮਨਾ ਕੀਤੀ।
ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਇਸ ਇਲਾਕੇ ਨੂੰ ਊਨਾ ਦੇ ਨਾਲ ਲੱਗਦਾ ਇੱਕ 'ਕੋਨੇ ਦਾ ਇਲਾਕਾ' ਮੰਨ ਕੇ ਅਣਗੌਲਿਆ ਕੀਤਾ ਜਾਂਦਾ ਸੀ। ਪਹਿਲਾਂ ਲੀਡਰ ਇੱਥੇ ਵੋਟਾਂ ਮੰਗਣ ਵੀ ਨਹੀਂ ਆਉਂਦੇ ਸਨ, ਵੋਟਾਂ ਤੋਂ ਬਾਅਦ ਆਉਣਾ ਤਾਂ ਦੂਰ ਦੀ ਗੱਲ ਸੀ। ਉਨ੍ਹਾਂ ਕਿਹਾ ਕਿ ਉਹ ਖੁਦ ਇੱਥੇ ਬਹੁਤ ਵਾਰ ਆਉਂਦੇ ਹਨ, ਸਤਲੁਜ ਸਦਨ ਵਿੱਚ ਠਹਿਰਦੇ ਹਨ ਅਤੇ ਉਨ੍ਹਾਂ ਨੂੰ ਇਹ ਇਲਾਕਾ ਸਭ ਤੋਂ ਵਧੀਆ ਲੱਗਦਾ ਹੈ
ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਅਤੇ ਭਾਖੜਾ ਇੱਥੋਂ ਚੱਲਦੇ ਹਨ, ਇਸ ਲਈ ਇਹ ਇਲਾਕਾ ਪੰਜਾਬ ਦੀ 'ਲਾਈਫਲਾਈਨ' ਹੈ। ਗੁਰਬਾਣੀ ਦੀ ਤੁਕ 'ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਦਾ ਹਵਾਲਾ ਦਿੰਦਿਆਂ ਉਨ੍ਹਾਂ ਇਲਾਕੇ ਦੇ ਨੀਲੇ ਪਾਣੀ ਦੀ ਪ੍ਰਸ਼ੰਸਾ ਕੀਤੀ। ਇਸ ਦੌਰਾਨ ਸਥਾਨਕ ਲੋਕਾਂ ਵੱਲੋਂ ਚੰਗਰ ਇਲਾਕੇ ਵਿੱਚ ਪਾਣੀ ਪਹੁੰਚਣ ਦੀ ਗੱਲ ਕਹੇ ਜਾਣ 'ਤੇ ਮਾਨ ਨੇ ਕਿਹਾ ਕਿ 40-50 ਸਾਲਾਂ ਬਾਅਦ ਚੰਗਰ ਇਲਾਕੇ ਦੇ ਪਿੰਡਾਂ ਨੂੰ ਨਹਿਰੀ ਪਾਣੀ ਮਿਲਿਆ ਹੈ, ਜਿਸ ਨਾਲ ਜ਼ਮੀਨਾਂ ਦੇ ਭਾਅ ਅਤੇ ਫ਼ਸਲਾਂ ਦੇ ਝਾੜ ਵਧੇ ਹਨ।
ਆਪਣੀ ਸਰਕਾਰ ਦੇ ਕੰਮ ਗਿਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਸੂਬੇ ਵਿੱਚ 71 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਜਾਂ ਇਲਜ਼ਾਮ ਦੇ ਦਿੱਤੀਆਂ ਗਈਆਂ ਹਨ।ਲੋਕਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ।ਮਾਵਾਂ-ਭੈਣਾਂ ਦੇ ਖਾਤਿਆਂ ਵਿੱਚ 4500-4500 ਅਤੇ 3000-3000 ਰੁਪਏ ਆ ਗਏ ਹਨ। ਔਰਤਾਂ ਨੂੰ ਮਿਲੇ ਪੈਸਿਆਂ ਬਾਰੇ ਹਾਸੇ-ਮਜ਼ਾਕ ਦੇ ਅੰਦਾਜ਼ ਵਿੱਚ ਉਨ੍ਹਾਂ ਪੁਰਸ਼ਾਂ ਨੂੰ ਕਿਹਾ ਕਿ ਉਹ ਇਹ ਨਾ ਕਹਿਣ ਕਿ ਉਨ੍ਹਾਂ ਨੂੰ ਕੀ ਮਿਲਿਆ, ਸਗੋਂ ਹੁਣ ਉਨ੍ਹਾਂ ਦਾ ਖਹਿੜਾ ਛੁੱਟਿਆ ਹੈ। ਉਨ੍ਹਾਂ ਔਰਤਾਂ ਨੂੰ ਵੀ ਸਲਾਹ ਦਿੱਤੀ ਕਿ ਉਹ ਆਪਣੇ ਫ਼ੋਨ ਆਪਣੇ ਕੋਲ ਰੱਖਣ ਤਾਂ ਜੋ ਘਰਵਾਲੇ ਬੈਂਕ ਵਿੱਚੋਂ ਪੈਸੇ ਨਾ ਕਢਵਾ ਲੈਣ, ਕਿਉਂਕਿ 'ਯਾਰੀ-ਦੋਸਤੀ ਪੱਕੀ, ਪੈਸੇ ਆਪੋ-ਆਪਣੇ'।
ਅਕਾਲੀ ਅਤੇ ਕਾਂਗਰਸੀ ਲੀਡਰਾਂ 'ਤੇ ਚੁਟਕੀ ਲੈਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਮਾਵਾਂ ਆਸ਼ੀਰਵਾਦ ਅਤੇ ਭੈਣਾਂ ਦੁਆਵਾਂ ਦਿੰਦੀਆਂ ਹਨ, ਜਦਕਿ ਦੂਜੇ ਪਾਸੇ ਅਕਾਲੀ-ਕਾਂਗਰਸੀਆਂ ਨਾਲ ਇੱਕ ਵਾਰ ਹੱਥ ਮਿਲਾ ਕੇ ਬਾਅਦ ਵਿੱਚ ਉਂਗਲਾਂ ਗਿਣਨੀਆਂ ਪੈਂਦੀਆਂ ਹਨ ਕਿ ਪੂਰੀਆਂ ਹਨ ਜਾਂ ਨਹੀਂ। 2027 ਦੀਆਂ ਚੋਣਾਂ ਬਾਰੇ ਉਨ੍ਹਾਂ ਇਕੱਠ ਨੂੰ ਪੁੱਛਿਆ ਕਿ ਕੌਣ-ਕੌਣ ਚਾਹੁੰਦਾ ਹੈ ਕਿ ਦੁਬਾਰਾ ਸਰਕਾਰ ਬਣੇ, ਜਿਸ 'ਤੇ ਲੋਕਾਂ ਨੇ ਜ਼ੋਰਦਾਰ ਹੱਥ ਖੜ੍ਹੇ ਕਰਕੇ ਅਤੇ ਨਾਅਰੇ ਲਾ ਕੇ ਸਮਰਥਨ ਦਿੱਤਾ। ਮਾਨ ਨੇ ਵਿਰੋਧੀਆਂ 'ਤੇ ਤੰਜ ਕੱਸਦਿਆਂ ਕਿਹਾ ਕਿ ਹੱਥ ਇੱਥੇ ਖੜ੍ਹੇ ਹੋ ਰਹੇ ਹਨ ਅਤੇ ਚੀਕਾਂ ਉੱਧਰ (ਵਿਰੋਧੀਆਂ ਦੀਆਂ) ਨਿਕਲ ਰਹੀਆਂ ਹਨ।