- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਬਿਜਲੀ ਖੇਤਰ ਨੂੰ ਬੁੱਧਵਾਰ ਨੂੰ ਵੱਡਾ ਝਟਕਾ ਲੱਗਾ ਹੈ, ਜਿੱਥੇ ਸਰਕਾਰੀ ਅਤੇ ਨਿੱਜੀ ਖੇਤਰ ਦੇ ਪ੍ਰਮੁੱਖ ਥਰਮਲ ਪਲਾਂਟਾਂ ਦੇ ਕਈ ਯੂਨਿਟ ਠੱਪ ਹੋਣ ਕਾਰਨ ਸੂਬੇ ਵਿੱਚ ਕੁੱਲ 2470 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੇ ਬਿਜਲੀ ਖੇਤਰ ਨੂੰ ਬੁੱਧਵਾਰ ਨੂੰ ਵੱਡਾ ਝਟਕਾ ਲੱਗਾ ਹੈ, ਜਿੱਥੇ ਸਰਕਾਰੀ ਅਤੇ ਨਿੱਜੀ ਖੇਤਰ ਦੇ ਪ੍ਰਮੁੱਖ ਥਰਮਲ ਪਲਾਂਟਾਂ ਦੇ ਕਈ ਯੂਨਿਟ ਠੱਪ ਹੋਣ ਕਾਰਨ ਸੂਬੇ ਵਿੱਚ ਕੁੱਲ 2470 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ। ਉਤਪਾਦਨ ਵਿੱਚ ਆਈ ਇਸ ਵੱਡੀ ਗਿਰਾਵਟ ਕਾਰਨ ਪਾਵਰਕੌਮ ਨੂੰ ਸੂਬੇ ਦੀ ਬਿਜਲੀ ਮੰਗ ਪੂਰੀ ਕਰਨ ਲਈ ਬਾਹਰੀ ਵਸੀਲਿਆਂ 'ਤੇ ਨਿਰਭਰ ਹੋਣਾ ਪਿਆ ਹੈ। ਨਤੀਜੇ ਵਜੋਂ ਪੇਂਡੂ ਖੇਤਰਾਂ ਵਿਚ ਬੀਤੇ ਦਿਨ ਤੋਂ ਬਿਜਲੀ ਦੇ ਕੱਟਾਂ ਕਰਕੇ ਲੋਕ ਵੀ ਪ੍ਰੇਸ਼ਾਨ ਹਨ।
ਵੇਰਵਿਆਂ ਅਨੁਸਾਰ, ਸਰਕਾਰੀ ਖੇਤਰ ਦੇ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਤੋਂ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਬੁੱਧਵਾਰ ਸ਼ਾਮ ਨੂੰ 840 ਮੈਗਾਵਾਟ ਸਮਰੱਥਾ ਵਾਲੇ ਇਸ ਪਲਾਂਟ ਦੇ ਚਾਰੋਂ ਯੂਨਿਟ ਠੱਪ ਰਹੇ। ਇਸ ਤੋਂ ਇਲਾਵਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ 270 ਮੈਗਾਵਾਟ ਸਮਰੱਥਾ ਵਾਲਾ ਇੱਕ ਯੂਨਿਟ ਵੀ ਬੰਦ ਰਿਹਾ, ਜਿਸ ਨਾਲ ਸਰਕਾਰੀ ਖੇਤਰ ਦੇ ਉਤਪਾਦਨ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ।ਦੂਜੇ ਪਾਸੇ, ਨਿੱਜੀ ਖੇਤਰ ਦੇ ਥਰਮਲ ਪਲਾਂਟਾਂ ਦੀ ਸਥਿਤੀ ਵੀ ਚਿੰਤਾਜਨਕ ਰਹੀ। ਰਾਜਪੁਰਾ ਸਥਿਤ ਥਰਮਲ ਪਲਾਂਟ ਦਾ 700 ਮੈਗਾਵਾਟ ਸਮਰੱਥਾ ਵਾਲਾ ਇੱਕ ਯੂਨਿਟ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ 660 ਮੈਗਾਵਾਟ ਸਮਰੱਥਾ ਵਾਲਾ ਇੱਕ ਯੂਨਿਟ ਵੀ ਤਕਨੀਕੀ ਜਾਂ ਹੋਰ ਕਾਰਨਾਂ ਕਰਕੇ ਬਿਜਲੀ ਪੈਦਾ ਕਰਨ ਵਿੱਚ ਅਸਮਰੱਥ ਰਿਹਾ।
ਹਾਲਾਂਕਿ ਮੌਜੂਦਾ ਸਮੇਂ ਠੰਢ ਦਾ ਮੌਸਮ ਹੋਣ ਕਾਰਨ ਸੂਬੇ ਵਿੱਚ ਬਿਜਲੀ ਦੀ ਮੰਗ ਆਮ ਦਿਨਾਂ ਦੇ ਮੁਕਾਬਲੇ ਘੱਟ ਹੈ, ਪਰ ਇੰਨੇ ਵੱਡੇ ਪੱਧਰ 'ਤੇ ਯੂਨਿਟ ਬੰਦ ਹੋਣ ਕਾਰਨ ਮੰਗ ਅਤੇ ਸਪਲਾਈ ਦਾ ਸੰਤੁਲਨ ਵਿਗੜ ਗਿਆ। ਪਿੰਡਾਂ ਵਿਚ ਬਿਜਲੀ ਕੱਟ ਲੱਗਣ ਲੱਗੇ ਹਨ। ਬੁੱਧਵਾਰ ਸ਼ਾਮ ਛੇ ਵਜੇ ਸੂਬੇ ਵਿੱਚ ਬਿਜਲੀ ਦੀ ਕੁੱਲ ਮੰਗ 5800 ਮੈਗਾਵਾਟ ਤੋਂ ਵੱਧ ਦਰਜ ਕੀਤੀ ਗਈ, ਜਦੋਂਕਿ ਸੂਬੇ ਦੇ ਆਪਣੇ ਸਰੋਤਾਂ ਤੋਂ ਉਤਪਾਦਨ ਸਿਰਫ਼ 3473 ਮੈਗਾਵਾਟ ਤੱਕ ਹੀ ਸੀਮਤ ਰਿਹਾ। ਇਸ ਘਾਟੇ ਨੂੰ ਪੂਰਾ ਕਰਨ ਅਤੇ ਸੂਬੇ ਵਿੱਚ ਬਿਜਲੀ ਸਪਲਾਈ ਨਿਰਵਿਘਨ ਜਾਰੀ ਰੱਖਣ ਲਈ ਪਾਵਰਕੌਮ ਵੱਲੋਂ 2400 ਮੈਗਾਵਾਟ ਤੋਂ ਵੱਧ ਬਿਜਲੀ ਬਾਹਰੀ ਵਸੀਲਿਆਂ ਤੋਂ ਹਾਸਿਲ ਕੀਤੀ ਗਈ ਹੈ।