- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਕਨੀਕੀ ਨੁਕਸ ਤੇ ਸਾਲਾਨਾ ਸਾਂਭ-ਸੰਭਾਲ ਕਰਕੇ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਕੁੱਲ 15 ਯੂਨਿਟਾਂ ’ਚੋਂ ਛੇ ਬੰਦ ਕਰ ਦਿੱਤੇ ਗਏ ਹਨ ਤੇ ਸਿਰਫ਼ ਨੌਂ ਯੂਨਿਟ ਹੀ ਚੱਲ ਰਹੇ ਹਨ। ਇਸ ਕਾਰਨ ਬਿਜਲੀ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਤਕਨੀਕੀ ਨੁਕਸ ਤੇ ਸਾਲਾਨਾ ਸਾਂਭ-ਸੰਭਾਲ ਕਰਕੇ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਕੁੱਲ 15 ਯੂਨਿਟਾਂ ’ਚੋਂ ਛੇ ਬੰਦ ਕਰ ਦਿੱਤੇ ਗਏ ਹਨ ਤੇ ਸਿਰਫ਼ ਨੌਂ ਯੂਨਿਟ ਹੀ ਚੱਲ ਰਹੇ ਹਨ। ਇਸ ਕਾਰਨ ਬਿਜਲੀ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਸੂਬੇ ਦੇ ਸਰਕਾਰੀ ਤੇ ਨਿੱਜੀ ਸੈਕਟਰ ਦੇ ਪੰਜਾਂ ਥਰਮਲ ਪਲਾਂਟਾਂ ਦੀ ਕੁੱਲ ਪਾਵਰ ਜਨਰੇਸ਼ਨ ਸਮਰੱਥਾ 5680 ਮੈਗਾਵਾਟ ਦੇ ਮੁਕਾਬਲੇ 2471 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ ਤੇ 3209 ਮੈਗਾਵਾਟ ਬਿਜਲੀ ਦਾ ਉਤਪਾਦਨ ਠੱਪ ਹੈ। ਨਤੀਜੇ ਵਜੋਂ ਪਾਵਰਕਾਮ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ ਕੇਂਦਰੀ ਪੂਲ ਤੋਂ ਬਿਜਲੀ ਖ਼ਰੀਦਣੀ ਪੈ ਰਹੀ ਹੈ। ਇਸ ਦੇ ਨਾਲ ਹੀ ਵੱਖ-ਵੱਖ ਵਰਗਾਂ ’ਤੇ ਦੋ ਤੋਂ ਚਾਰ ਘੰਟੇ ਦੇ ਅਣਐਲਾਨੇ ਕੱਟ ਵੀ ਲਗਾਉਣੇ ਪੈ ਰਹੇ ਹਨ। ਵੀਰਵਾਰ ਦੁਪਹਿਰ ਤਿੰਨ ਵਜੇ ਸੂਬੇ ’ਚ ਬਿਜਲੀ ਦੀ ਕੁੱਲ ਮੰਗ ਜਿੱਥੇ ਅੱਠ ਹਜ਼ਾਰ ਮੈਗਾਵਾਟ ਤੋਂ ਵੱਧ ਦਰਜ ਕੀਤੀ ਗਈ, ਉੱਥੇ ਹੀ ਇਸ ਦੇ ਉਲਟ ਸੂਬੇ ਦੇ ਇਨ੍ਹਾਂ ਥਰਮਲ ਪਲਾਂਟਾਂ ਤੋਂ 2928 ਮੈਗਾਵਾਟ ਬਿਜਲੀ ਹੀ ਪੈਦਾ ਹੋਈ। ਅਜਿਹੇ ’ਚ ਪਾਵਰਕਾਮ ਨੂੰ ਸੈਂਟਰਲ ਸੈਕਟਰ ਤੋਂ ਪੰਜ ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਖਰੀਦਣੀ ਪਈ।
ਥਰਮਲ ਪਲਾਂਟ ਦੇ ਯੂਨਿਟ ਬੰਦ ਹੋਣ ਸਬੰਧੀ ਰੋਪੜ ਥਰਮਲ ਪਲਾਂਟ ਦੇ ਚੀਫ਼ ਇੰਜੀਨੀਅਰ ਸਤ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਰੋਪੜ ਥਰਮਲ ਪਲਾਂਟ ਦੇ ਚਾਰ ਯੂਨਿਟਾਂ ’ਚੋਂ ਇੱਕ ਯੂਨਿਟ ਜਿੱਥੇ ਸਾਲਾਨਾ ਮੈਂਟੇਨੈਂਸ ਦੇ ਚੱਲਦਿਆਂ ਬੰਦ ਹੈ, ਉੱਥੇ ਹੀ ਦੋ ਹੋਰ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਬੰਦ ਹਨ। ਇਨ੍ਹਾਂ ’ਚੋਂ ਇੱਕ ਯੂਨਿਟ ਵੀਰਵਾਰ ਦੇਰ ਸ਼ਾਮ ਤੱਕ ਚਲਾ ਦਿੱਤਾ ਜਾਵੇਗਾ, ਉੱਥੇ ਹੀ ਬੰਦ ਪਏ ਦੂਜੇ ਯੂਨਿਟ ਨੂੰ ਕੱਲ੍ਹ ਸ਼ੁੱਕਰਵਾਰ ਤੱਕ ਚਾਲੂ ਕੀਤੇ ਜਾਣ ਦੀ ਸੰਭਾਵਨਾ ਹੈ।
ਗਰਮੀਆਂ ’ਚ ਮੰਗ ਨੂੰ ਧਿਆਨ ’ਚ ਰੱਖਦਿਆਂ ਕੀਤੀ ਜਾਂਦੀ ਹੈ ਮੈਂਟੇਨਸ : ਇੰਜ. ਪੁਨਰਦੀਪ
ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਇੰਜੀ. ਪੁਨਰਦੀਪ ਸਿੰਘ ਬਰਾੜ ਨੇ ਪੁਸ਼ਟੀ ਕੀਤੀ ਕਿ ਤਕਨੀਕੀ ਨੁਕਸ ਕਾਰਨ ਰੋਪੜ ਦੇ ਦੋ ਤੇ ਗੋਇੰਦਵਾਲ ਸਾਹਿਬ ਦਾ ਇੱਕ ਯੂਨਿਟ ਬੰਦ ਪਿਆ ਹੈ। ਇਸ ਨਾਲ ਸਿੱਧੇ ਤੌਰ ’ਤੇ 690 ਮੈਗਾਵਾਟ ਬਿਜਲੀ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟਾਂ ’ਚ ਕੋਲੇ ਦੇ ਸਟਾਕ ਦੀ ਕੋਈ ਕਮੀ ਨਹੀਂ ਤੇ ਸਾਰਿਆਂ ’ਚ ਵੀਹ ਤੋਂ ਤੀਹ ਦਿਨਾਂ ਜੋਗਾ ਕੋਲਾ ਸਟਾਕ ਮੌਜੂਦ ਹੈ। ਖ਼ਰਾਬ ਪਏ ਯੂਨਿਟ ਦੋ ਦਿਨਾਂ ਦੇ ਅੰਦਰ ਚਾਲੂ ਹੋਣ ਨਾਲ ਬਿਜਲੀ ਉਤਪਾਦਨ ਦੀ ਸਥਿਤੀ ਆਮ ਵਰਗੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਿਉਂਕਿ ਸਰਦੀਆਂ ’ਚ ਬਿਜਲੀ ਦੀ ਮੰਗ ਘੱਟ ਹੁੰਦੀ ਹੈ, ਇਸ ਲਈ ਸਾਲਾਨਾ ਮੈਂਟੇਨੈਂਸ ਵਾਸਤੇ ਵੀ ਥਰਮਲ ਪਲਾਂਟਾਂ ਦੇ ਯੂਨਿਟ ਬੰਦ ਕਰ ਦਿੱਤੇ ਜਾਂਦੇ ਹਨ ਤਾਂ ਜੋ ਆਉਣ ਵਾਲੀਆਂ ਗਰਮੀਆਂ ’ਚ ਪਾਵਰ ਜਨਰੇਸ਼ਨ ’ਚ ਕੋਈ ਦਿੱਕਤ ਨਾ ਆਵੇ।