- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
AAP MLAs Resignation : ਵਿਸ਼ਲੇਸ਼ਕਾਂ ਮੁਤਾਬਕ, ਇਹ ਦੋਹਰੀ ਬਗ਼ਾਵਤ ਮਹਿਜ਼ ਦੋ ਵਿਧਾਇਕਾਂ ਦੀ ਨਿੱਜੀ ਨਾਰਾਜ਼ਗੀ ਨਹੀਂ, ਸਗੋਂ ਪਾਰਟੀ ਅੰਦਰ ਪੁਰਾਣੇ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਦੂਜੀਆਂ ਪਾਰਟੀਆਂ ਵਿੱਚੋਂ ਆਏ ਨੇਤਾਵਾਂ ਨੂੰ ਤਰਜੀਹ ਦੇਣ ਦੀ ਨੀਤੀ ਦਾ ਨਤੀਜਾ ਹੈ। ਪਟਿਆਲਾ ਤੋਂ ਸ਼ੁਰੂ ਹੋਈ ਇਹ ਚੰਗਿਆੜੀ ਆਉਣ ਵਾਲੇ ਦਿਨਾਂ ਵਿੱਚ ਮਾਲਵਾ ਖੇਤਰ ਦੇ ਹੋਰਨਾਂ ਹਲਕਿਆਂ ਵਿੱਚ ਵੀ ਪਾਰਟੀ ਲਈ ਵੱਡੀ ਸਿਰਦਰਦੀ ਸਾਬਤ ਹੋ ਸਕਦੀ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਪੰਜਾਬ ਦੀ ਸਿਆਸਤ 'ਚ ਸ਼ਾਹੀ ਜ਼ਿਲ੍ਹੇ ਪਟਿਆਲਾ ਦਾ ਹਮੇਸ਼ਾ ਅਹਿਮ ਰੋਲ ਰਿਹਾ ਹੈ, ਪਰ ਮੌਜੂਦਾ ਹਾਲਾਤ 'ਚ ਇੱਥੋਂ ਉੱਠੀ ਸਿਆਸੀ ਬਗ਼ਾਵਤ ਨੇ ਸੱਤਾਧਾਰੀ ਆਮ ਆਦਮੀ ਪਾਰਟੀ (AAP) ਅੰਦਰ ਭੂਚਾਲ ਲਿਆ ਦਿੱਤਾ ਹੈ। ਪਟਿਆਲਾ ਨਾਲ ਸਬੰਧਤ ਦੋ ਪ੍ਰਮੁੱਖ ਵਿਧਾਇਕਾਂ—ਹਰਮੀਤ ਸਿੰਘ ਪਠਾਣਮਾਜਰਾ (Harmeet Singh Pathanmajra) ਅਤੇ ਚੇਤਨ ਸਿੰਘ ਜੌੜਾਮਾਜਰਾ (Chetan Singh Jouramajra) ਵੱਲੋਂ ਪਾਰਟੀ ਤੋਂ ਦੂਰੀ ਬਣਾਉਣ ਦੇ ਫ਼ੈਸਲੇ ਨੇ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਵੱਡੀ ਚਰਚਾ ਛੇੜ ਦਿੱਤੀ ਹੈ। ਇਸ ਘਟਨਾਕ੍ਰਮ ਨੂੰ ਸਿਆਸੀ ਹਲਕਿਆਂ ਵਿੱਚ 'ਮਾਜਰਿਆਂ ਦੇ ਮਾਜਰੇ' ਵਜੋਂ ਵੇਖਿਆ ਜਾ ਰਿਹਾ ਹੈ, ਜੋ ਸਰਕਾਰ ਦੀ ਅੰਦਰੂਨੀ ਇਕਸੁਰਤਾ ਅਤੇ ਲੀਡਰਸ਼ਿਪ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਪਾਰਟੀ ਲੀਡਰਸ਼ਿਪ ਨਾਲ ਟਕਰਾਅ ਕੋਈ ਨਵਾਂ ਨਹੀਂ ਹੈ। ਉਹ ਕਾਫ਼ੀ ਸਮੇਂ ਤੋਂ ਆਪਣੀ ਹੀ ਸਰਕਾਰ ਦੇ ਕੰਮਕਾਜ ਅਤੇ ਫ਼ੈਸਲਿਆਂ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਆ ਰਹੇ ਸਨ। ਇਸ ਨਾਰਾਜ਼ਗੀ ਦਰਮਿਆਨ ਉਨ੍ਹਾਂ ਖ਼ਿਲਾਫ਼ ਸਰੀਰਕ ਸ਼ੋਸ਼ਣ ਸਮੇਤ ਕਈ ਹੋਰ ਗੰਭੀਰ ਧਾਰਾਵਾਂ ਤਹਿਤ ਮੁਕੱਦਮੇ ਦਰਜ ਹੋਏ ਅਤੇ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ। ਪਠਾਣਮਾਜਰਾ ਦੇ ਸਮਰਥਕ ਇਸ ਸਾਰੀ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਵਜੋਂ ਪੇਸ਼ ਕਰਦੇ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਪਾਰਟੀ ਨਾਲ ਦੂਰੀ ਆਖ਼ਰਕਾਰ ਮੁਕੰਮਲ ਵੱਖਰੇਵੇਂ ਵਿੱਚ ਬਦਲ ਗਈ।
ਦੂਜੇ ਪਾਸੇ, ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦਾ ਮਾਮਲਾ ਜ਼ਮੀਨੀ ਸਿਆਸੀ ਹਿੱਤਾਂ ਅਤੇ ਪਾਰਟੀ ਅੰਦਰਲੀ ਅਣਦੇਖੀ ਨਾਲ ਜੁੜਿਆ ਹੋਇਆ ਹੈ। ਜੌੜਾਮਾਜਰਾ ਨਾ ਸਿਰਫ਼ ਪਾਰਟੀ ਦੇ ਮੋਹਰੀ ਆਗੂਆਂ 'ਚ ਸ਼ਾਮਲ ਸਨ, ਸਗੋਂ ਉਨ੍ਹਾਂ ਨੇ ਮਾਨ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸਿਹਤ ਅਤੇ ਸੂਚਨਾ ਤੇ ਲੋਕ ਸੰਪਰਕ ਵਰਗੇ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਵੀ ਨਿਭਾਈ। ਹਾਲਾਂਕਿ, ਹਾਲਾਤ ਉਦੋਂ ਬਦਲਣੇ ਸ਼ੁਰੂ ਹੋਏ ਜਦੋਂ ਸਮਾਣਾ ਹਲਕੇ ਦੇ ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।ਰੱਖੜਾ ਦੇ ਦਾਖ਼ਲੇ ਤੋਂ ਬਾਅਦ ਜੌੜਾਮਾਜਰਾ ਨੂੰ ਹਾਸ਼ੀਏ 'ਤੇ ਧੱਕਣ ਦੀ ਪ੍ਰਕਿਰਿਆ ਤੇਜ਼ ਹੋਈ ਅਤੇ ਹਲਕੇ ਦੀ ਅਣ-ਐਲਾਨੀ ਵਾਗਡੋਰ ਰੱਖੜਾ ਧੜੇ ਦੇ ਹੱਥਾਂ ਵਿੱਚ ਜਾਣ ਲੱਗੀ। ਆਪਣੀ ਹੀ ਸਰਕਾਰ ਵਿੱਚ ਬੇਵੱਸ ਮਹਿਸੂਸ ਕਰ ਰਹੇ ਜੌੜਾਮਾਜਰਾ ਨੇ ਅਖ਼ੀਰ ਪਾਰਟੀ ਤੋਂ ਕਿਨਾਰਾ ਕਰਨ ਦਾ ਮਨ ਬਣਾ ਲਿਆ।
ਵਿਸ਼ਲੇਸ਼ਕਾਂ ਮੁਤਾਬਕ, ਇਹ ਦੋਹਰੀ ਬਗ਼ਾਵਤ ਮਹਿਜ਼ ਦੋ ਵਿਧਾਇਕਾਂ ਦੀ ਨਿੱਜੀ ਨਾਰਾਜ਼ਗੀ ਨਹੀਂ, ਸਗੋਂ ਪਾਰਟੀ ਅੰਦਰ ਪੁਰਾਣੇ ਆਗੂਆਂ ਨੂੰ ਨਜ਼ਰਅੰਦਾਜ਼ ਕਰ ਕੇ ਦੂਜੀਆਂ ਪਾਰਟੀਆਂ ਵਿੱਚੋਂ ਆਏ ਨੇਤਾਵਾਂ ਨੂੰ ਤਰਜੀਹ ਦੇਣ ਦੀ ਨੀਤੀ ਦਾ ਨਤੀਜਾ ਹੈ। ਪਟਿਆਲਾ ਤੋਂ ਸ਼ੁਰੂ ਹੋਈ ਇਹ ਚੰਗਿਆੜੀ ਆਉਣ ਵਾਲੇ ਦਿਨਾਂ ਵਿੱਚ ਮਾਲਵਾ ਖੇਤਰ ਦੇ ਹੋਰਨਾਂ ਹਲਕਿਆਂ ਵਿੱਚ ਵੀ ਪਾਰਟੀ ਲਈ ਵੱਡੀ ਸਿਰਦਰਦੀ ਸਾਬਤ ਹੋ ਸਕਦੀ ਹੈ।