ਸ਼ਰਾਬ ਪੀਣ ਤੋਂ ਰੋਕਣ 'ਤੇ ਭੜਕੇ ਨੌਜਵਾਨਾਂ ਨੇ ਪੁਲਿਸ ਮੁਲਾਜ਼ਮ ਦੀ ਕੀਤੀ ਕੁੱਟਮਾਰ, ਅੱਖਾਂ 'ਚ ਮਿੱਟੀ ਪਾ ਕੇ ਪਾੜੀ ਵਰਦੀ; 3 ਗ੍ਰਿਫ਼ਤਾਰ
ਪੁਲਿਸ ਵੱਲੋਂ ਦਰਜ ਮਾਮਲੇ ਅਨੁਸਾਰ, 16 ਨਵੰਬਰ ਦੀ ਦੇਰ ਰਾਤ ਸਿਪਾਹੀ ਰੱਬੀ ਖ਼ਾਨ ਆਪਣੇ ਸਾਥੀ ਸਿਪਾਹੀ ਅਮਿਤ ਕੁਮਾਰ ਨਾਲ ਸਰਕਾਰੀ ਗੱਡੀ ਵਿੱਚ ਇਲਾਕੇ ਦੀ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਮਾਣਕਪੁਰ ਕੱਲਰ ਨੇੜੇ ਸੜਕ ਕਿਨਾਰੇ ਖੜ੍ਹੀ ਇੱਕ ਚਿੱਟੇ ਰੰਗ ਦੀ ਟਾਟਾ ਸਫਾਰੀ ਗੱਡੀ ਵਿੱਚ ਤਿੰਨ ਨੌਜਵਾਨ ਸ਼ਰਾਬ ਪੀਂਦੇ ਪਾਏ ਗਏ। ਜਦੋਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਤੋਂ ਵਾਹਨ ਦੇ ਦਸਤਾਵੇਜ਼ ਮੰਗੇ ਤਾਂ ਨੌਜਵਾਨ ਭੜਕ ਗਏ ਅਤੇ ਬਹਿਸਬਾਜ਼ੀ ਤੇ ਗਾਲੀ-ਗਲੋਚ ਕਰਨ ਲੱਗੇ।
Publish Date: Thu, 19 Nov 2026 11:09 AM (IST)
Updated Date: Thu, 19 Nov 2026 11:14 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਦੇ ਥਾਣਾ ਆਈਟੀ ਸਿਟੀ ਅਧੀਨ ਪੈਂਦੇ ਮਾਣਕਪੁਰ ਕੱਲਰ ਨੇੜੇ ਰਾਤ ਦੀ ਗਸ਼ਤ ਦੌਰਾਨ ਸ਼ਰਾਬ ਪੀ ਰਹੇ ਤਿੰਨ ਨੌਜਵਾਨਾਂ ਵੱਲੋਂ ਪੁਲਿਸ ਪਾਰਟੀ ਨਾਲ ਹੱਥੋਪਾਈ ਕਰਨ ਅਤੇ ਇੱਕ ਸਿਪਾਹੀ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਸਿਪਾਹੀ ਦੀਆਂ ਅੱਖਾਂ ਵਿੱਚ ਮਿੱਟੀ ਪਾ ਕੇ ਉਸ ਦੀ ਵਰਦੀ ਪਾੜ ਦਿੱਤੀ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਗਸ਼ਤ ਦੌਰਾਨ ਦਸਤਾਵੇਜ਼ ਮੰਗਣ ’ਤੇ ਭੜਕੇ ਨੌਜਵਾਨ
ਪੁਲਿਸ ਵੱਲੋਂ ਦਰਜ ਮਾਮਲੇ ਅਨੁਸਾਰ, 16 ਨਵੰਬਰ ਦੀ ਦੇਰ ਰਾਤ ਸਿਪਾਹੀ ਰੱਬੀ ਖ਼ਾਨ ਆਪਣੇ ਸਾਥੀ ਸਿਪਾਹੀ ਅਮਿਤ ਕੁਮਾਰ ਨਾਲ ਸਰਕਾਰੀ ਗੱਡੀ ਵਿੱਚ ਇਲਾਕੇ ਦੀ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਮਾਣਕਪੁਰ ਕੱਲਰ ਨੇੜੇ ਸੜਕ ਕਿਨਾਰੇ ਖੜ੍ਹੀ ਇੱਕ ਚਿੱਟੇ ਰੰਗ ਦੀ ਟਾਟਾ ਸਫਾਰੀ ਗੱਡੀ ਵਿੱਚ ਤਿੰਨ ਨੌਜਵਾਨ ਸ਼ਰਾਬ ਪੀਂਦੇ ਪਾਏ ਗਏ। ਜਦੋਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਤੋਂ ਵਾਹਨ ਦੇ ਦਸਤਾਵੇਜ਼ ਮੰਗੇ ਤਾਂ ਨੌਜਵਾਨ ਭੜਕ ਗਏ ਅਤੇ ਬਹਿਸਬਾਜ਼ੀ ਤੇ ਗਾਲੀ-ਗਲੋਚ ਕਰਨ ਲੱਗੇ।
ਵਰਦੀ ਪਾੜ ਕੇ ਮੁਲਾਜ਼ਮਾਂ ਨਾਲ ਕੀਤੀ ਹੱਥੋਪਾਈ
ਸ਼ਿਕਾਇਤ ਮੁਤਾਬਕ, ਜਦੋਂ ਸਿਪਾਹੀ ਰੱਬੀ ਖ਼ਾਨ ਨੇ ਨੌਜਵਾਨਾਂ ਨੂੰ ਸ਼ਾਂਤ ਰਹਿਣ ਦੀ ਹਦਾਇਤ ਕੀਤੀ ਤਾਂ ਤਿੰਨਾਂ ਨੇ ਮਿਲ ਕੇ ਉਸ ’ਤੇ ਹਮਲਾ ਕਰ ਦਿੱਤਾ। ਮੁਲਜ਼ਮ ਉਸ ਨੂੰ ਵਰਦੀ ਤੋਂ ਫੜ ਕੇ ਸੜਕ ਕਿਨਾਰੇ ਖਿੱਚ ਕੇ ਲੈ ਗਏ, ਅੱਖਾਂ ਵਿੱਚ ਮਿੱਟੀ ਪਾ ਦਿੱਤੀ ਅਤੇ ਵਰਦੀ ਪਾੜਨ ਦੇ ਨਾਲ-ਨਾਲ ਉਸ ਦੇ ਬਟਨ ਵੀ ਤੋੜ ਦਿੱਤੇ। ਮੁਲਜ਼ਮਾਂ ਨੇ ਰੱਬੀ ਖ਼ਾਨ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਅਤੇ ਮੌਕੇ ਤੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਸਾਥੀ ਸਿਪਾਹੀ ਅਮਿਤ ਕੁਮਾਰ ਨੇ ਬੜੀ ਮੁਸ਼ਕਲ ਨਾਲ ਰੱਬੀ ਖ਼ਾਨ ਨੂੰ ਉਨ੍ਹਾਂ ਦੇ ਚੁੰਗਲ ਵਿੱਚੋਂ ਛੁਡਵਾਇਆ, ਜਿਸ ਦੌਰਾਨ ਨੌਜਵਾਨਾਂ ਨੇ ਅਮਿਤ ਕੁਮਾਰ ਨਾਲ ਵੀ ਹੱਥੋਪਾਈ ਕੀਤੀ।
ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨਾਂ ਮੁਲਜ਼ਮਾਂ ਸੁਰਿੰਦਰ ਸਿੰਘ, ਦਿਲਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ।
ਥਾਣਾ ਆਈਟੀ ਸਿਟੀ ਦੇ ਐੱਸਐੱਚਓ ਅਮਨ ਕੰਬੋਜ ਨੇ ਦੱਸਿਆ ਕਿ ਪੁਲਿਸ ਨੇ ਪਾੜੀ ਹੋਈ ਵਰਦੀ ਅਤੇ ਚਿੱਟੀ ਟਾਟਾ ਸਫਾਰੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਜਾਂਚ ਦੌਰਾਨ ਚਾਲਕ ਕੋਲੋਂ ਗੱਡੀ ਦੀ ਆਰਸੀ ਵੀ ਬਰਾਮਦ ਨਹੀਂ ਹੋਈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਸਰਕਾਰੀ ਡਿਊਟੀ 'ਚ ਵਿਘਨ ਪਾਉਣ, ਕੁੱਟਮਾਰ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।