ਚਿੱਟਾ ਪੀਂਦਾ ਫੜਿਆ ਗਿਆ ਪੰਜਾਬ ਪੁਲਿਸ ਦਾ ASI, ਗੁੱਸੇ 'ਚ ਆਏ ਲੋਕਾਂ ਨੇ ਕੀਤੀ ਕੁੱਟਮਾਰ ਤੇ ਤੋੜੇ ਸ਼ੋਅਰੂਮ ਦੇ ਸ਼ੀਸ਼ੇ ਜ਼ਿਲ੍ਹੇ ਦੇ ਬੁਢਲਾਡਾ ਵਿੱਚ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਨੂੰ ਲੋਕਾਂ ਨੇ ਸਥਾਨਕ ਆਈਟੀਆਈ ਚੌਕ ਵਿੱਚ ਕਥਿਤ ਤੌਰ ’ਤੇ ਚਿੱਟੇ ਦਾ ਸੇਵਨ ਕਰਦਿਆਂ ਫੜ ਲਿਆ। ਇਸ ਤੋਂ ਬਾਅਦ ਲੋਕਾਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ।
Publish Date: Fri, 30 Oct 2026 01:48 PM (IST)
Updated Date: Fri, 30 Oct 2026 02:18 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹੇ ਦੇ ਬੁਢਲਾਡਾ ਵਿੱਚ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਨੂੰ ਲੋਕਾਂ ਨੇ ਸਥਾਨਕ ਆਈਟੀਆਈ ਚੌਕ ਵਿੱਚ ਕਥਿਤ ਤੌਰ ’ਤੇ ਚਿੱਟੇ ਦਾ ਸੇਵਨ ਕਰਦਿਆਂ ਫੜ ਲਿਆ। ਇਸ ਤੋਂ ਬਾਅਦ ਲੋਕਾਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ।
ਪੁਲਿਸ ਮੁਲਾਜ਼ਮ ਦੀ ਪਛਾਣ ਸਹਿਜਪ੍ਰੀਤ ਸਿੰਘ ਵਜੋਂ ਦੱਸੀ ਜਾ ਰਹੀ ਹੈ। ਉਹ ਜਹਾਨ ਖੇਲਾਂ ਵਿੱਚ ਤਾਇਨਾਤ ਹੈ ਅਤੇ ਬੁਢਲਾਡਾ ਵਿੱਚ ਡਿਊਟੀ ਲਈ ਆਇਆ ਹੋਇਆ ਸੀ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਵੱਲੋਂ ਮੁਲਾਜ਼ਮ ਨੂੰ ਕਾਬੂ ਕਰਨ ਦੀ ਕਾਰਵਾਈ ਕੀਤੀ ਗਈ। ਇਸ ਦੌਰਾਨ ਪੁਲਿਸ ਦੀ ਕੁਝ ਲੋਕਾਂ ਨਾਲ ਝੜਪ ਵੀ ਹੋ ਗਈ। ਇਸ ਤੋਂ ਬਾਅਦ ਪੁਲਿਸ ਉਕਤ ਮੁਲਾਜ਼ਮ ਨੂੰ ਇੱਕ ਆਟੋ ਸ਼ੋਅਰੂਮ ਵਿੱਚ ਲੈ ਗਈ। ਇਸ ’ਤੇ ਗੁੱਸੇ ਵਿੱਚ ਆਏ ਲੋਕਾਂ ਨੇ ਮੁਲਾਜ਼ਮ ਵਿਰੁੱਧ ਪ੍ਰਦਰਸ਼ਨ ਕਰਦਿਆਂ ਸ਼ੋਅਰੂਮ ਦੇ ਸ਼ੀਸ਼ੇ ਤੋੜ ਦਿੱਤੇ।
ਆਈਟੀਆਈ ਚੌਕ ’ਤੇ ਧਰਨਾ, ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦੇ ਨਾਲ-ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਆਈਟੀਆਈ ਚੌਕ ਵਿੱਚ ਧਰਨਾ ਲਗਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੇ ਰਾਜ ਵਿੱਚ ਉਸ ਦੇ ਆਗੂ ਵੀ ਨਸ਼ੇ ਦੀ ਵਿਕਰੀ ਕਰਵਾਉਣ ਵਿੱਚ ਲੱਗੇ ਹੋਏ ਹਨ।
ਪੁਲਿਸ ਮੁਲਾਜ਼ਮ ਦਾ ਡੋਪ ਟੈਸਟ ਆਇਆ ਪਾਜ਼ੇਟਿਵ, ਮਾਮਲਾ ਦਰਜ
ਨਸ਼ੇ ਦਾ ਸੇਵਨ ਕਰਦੇ ਫੜੇ ਗਏ ਪੁਲਿਸ ਮੁਲਾਜ਼ਮ ਸਹਿਜਪ੍ਰੀਤ ਸਿੰਘ ਦਾ ਡੋਪ ਟੈਸਟ ਪਾਜ਼ੇਟਿਵ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਸਹਿਜਪ੍ਰੀਤ ਸਿੰਘ ਦਾ ਸਿਵਲ ਹਸਪਤਾਲ ਵਿੱਚ ਡੋਪ ਟੈਸਟ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸਹਿਜਪ੍ਰੀਤ ਸਿੰਘ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।