- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਟਾਰੂਚੱਕ ਨੇ ਕਿਹਾ ਕਿ ਬਦਲਦੇ ਮੌਸਮ ਦੇ ਦੌਰ ਵਿੱਚ ਖੇਤੀਬਾੜੀ ਪੁਰਾਣੇ ਕੈਲੰਡਰ ਦੀਆਂ ਤਰੀਕਾਂ ਦੇ ਆਧਾਰ ’ਤੇ ਨਹੀਂ ਕੀਤੀ ਜਾ ਸਕਦੀ। ਕਿਸਾਨਾਂ ਨੂੰ ਵਾਢੀ ਵੇਲੇ ਬੇਮੌਸਮੀ ਮੀਂਹ ਅਤੇ ਫ਼ਸਲ ਦੇ ਦਾਣੇ ਭਰਨ ਸਮੇਂ ਗਰਮੀ ਦੀ ਲਹਿਰ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਵਾਂ ਸਟੇਸ਼ਨ ਨੁਕਸਾਨ ਹੋਣ ਤੋਂ ਪਹਿਲਾਂ ਹੀ ਕਿਸਾਨਾਂ ਤੱਕ ਵਿਗਿਆਨਕ ਜਾਣਕਾਰੀ ਪਹੁੰਚਾਉਣ ਵਿੱਚ ਮਦਦ ਕਰੇਗਾ।

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ: ਮੌਸਮ ਦੀ ਸਟੀਕ ਭਵਿੱਖਬਾਣੀ ਅਤੇ ਕਿਸਾਨਾਂ ਨੂੰ ਸਮੇਂ ਸਿਰ ਖੇਤੀ ਸਬੰਧੀ ਸਲਾਹ ਦੇਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਆਟੋਮੈਟਿਕ ਮੌਸਮ ਸਟੇਸ਼ਨ ਸਥਾਪਤ ਕੀਤਾ ਗਿਆ ਹੈ। ਇਸ ਦਾ ਉਦਘਾਟਨ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਪੀਏਯੂ ਦੇ ਵਾਈਸ ਚਾਂਸਲਰ ਸੁਖਜੀਤ ਪਾਲ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ।
ਕਟਾਰੂਚੱਕ ਨੇ ਕਿਹਾ ਕਿ ਬਦਲਦੇ ਮੌਸਮ ਦੇ ਦੌਰ ਵਿੱਚ ਖੇਤੀਬਾੜੀ ਪੁਰਾਣੇ ਕੈਲੰਡਰ ਦੀਆਂ ਤਰੀਕਾਂ ਦੇ ਆਧਾਰ ’ਤੇ ਨਹੀਂ ਕੀਤੀ ਜਾ ਸਕਦੀ। ਕਿਸਾਨਾਂ ਨੂੰ ਵਾਢੀ ਵੇਲੇ ਬੇਮੌਸਮੀ ਮੀਂਹ ਅਤੇ ਫ਼ਸਲ ਦੇ ਦਾਣੇ ਭਰਨ ਸਮੇਂ ਗਰਮੀ ਦੀ ਲਹਿਰ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਵਾਂ ਸਟੇਸ਼ਨ ਨੁਕਸਾਨ ਹੋਣ ਤੋਂ ਪਹਿਲਾਂ ਹੀ ਕਿਸਾਨਾਂ ਤੱਕ ਵਿਗਿਆਨਕ ਜਾਣਕਾਰੀ ਪਹੁੰਚਾਉਣ ਵਿੱਚ ਮਦਦ ਕਰੇਗਾ।
ਵਾਈਸ ਚਾਂਸਲਰ ਸੁਖਜੀਤ ਪਾਲ ਸਿੰਘ ਨੇ ਦੱਸਿਆ ਕਿ ਇਹ ਸਟੇਸ਼ਨ ਤਾਪਮਾਨ, ਨਮੀ, ਹਵਾ ਦੀ ਰਫ਼ਤਾਰ, ਸੂਰਜੀ ਕਿਰਨਾਂ, ਜ਼ਮੀਨੀ ਤਾਪਮਾਨ ਅਤੇ ਬਰਸਾਤ ਦੇ ਅੰਕੜੇ ਰੀਅਲ ਟਾਈਮ ਵਿੱਚ ਦਰਜ ਕਰੇਗਾ। ਇਨ੍ਹਾਂ ਦੇ ਆਧਾਰ ’ਤੇ ਮੌਸਮ ਦੀ ਭਵਿੱਖਬਾਣੀ ਅਤੇ ਖੇਤੀ ਸਲਾਹਾਂ ਨੂੰ ਹੋਰ ਸਟੀਕ ਬਣਾਇਆ ਜਾ ਸਕੇਗਾ। ਕਿਸਾਨ ਆਪਣੇ ਫ਼ੋਨ ’ਤੇ ਵੀ ਇਹ ਸਲਾਹਾਂ ਪ੍ਰਾਪਤ ਕਰ ਸਕਣਗੇ।
ਸਮੇਂ ਸਿਰ ਮਿਲਣ ਵਾਲੀ ਜਾਣਕਾਰੀ ਨਾਲ ਕਿਸਾਨ ਮੀਂਹ ਦੀ ਸੰਭਾਵਨਾ ਹੋਣ ’ਤੇ ਕੀਟਨਾਸ਼ਕਾਂ ਦੀ ਸਪਰੇਅ ਅਤੇ ਸਿੰਚਾਈ ਟਾਲ ਸਕਣਗੇ। ਖੇਤ ਵਿੱਚ ਲੋੜੀਂਦੀ ਨਮੀ ਹੋਣ ’ਤੇ ਟਿਊਬਵੈੱਲ ਚਲਾਉਣ ਤੋਂ ਵੀ ਬਚਿਆ ਜਾ ਸਕੇਗਾ।
ਪੀਏਯੂ ਦੇ ਡਾਇਰੈਕਟਰ ਖੋਜ ਡਾ. ਏਐੱਸ ਢੱਟ ਨੇ ਕਿਹਾ ਕਿ ਸਥਾਨਕ ਮੌਸਮੀ ਅੰਕੜਿਆਂ ਦੀ ਵਰਤੋਂ ਖੇਤਰੀ ਖੋਜ ਅਤੇ ਬੀਜ ਕਿਸਮਾਂ ਦੇ ਪ੍ਰੀਖਣ ਲਈ ਕੀਤੀ ਜਾਵੇਗੀ। ਡਾਇਰੈਕਟਰ ਪਸਾਰ ਸਿੱਖਿਆ ਡਾ. ਐੱਮਐੱਸ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਅੰਕੜਿਆਂ ਨੂੰ ਜ਼ਿਲ੍ਹਾ ਪੱਧਰੀ ਹਫ਼ਤਾਵਾਰੀ ਖੇਤੀ ਸਲਾਹਾਂ ਵਿੱਚ ਸ਼ਾਮਲ ਕੀਤਾ ਜਾਵੇਗਾ, ਜਿਸ ਨਾਲ ਕਿਸਾਨਾਂ ਨੂੰ ਬਿਜਾਈ, ਸਿੰਚਾਈ, ਖਾਦਾਂ ਦੀ ਵਰਤੋਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਢੁਕਵਾਂ ਸਮਾਂ ਚੁਣਨ ਵਿੱਚ ਮਦਦ ਮਿਲੇਗੀ। ਇਸ ਮੌਕੇ ਖੇਤਰੀ ਖੋਜ ਕੇਂਦਰ ਦੇ ਡਾਇਰੈਕਟਰ ਡਾ. ਹਰਪਾਲ ਸਿੰਘ ਰੰਧਾਵਾ, ਖੇਤੀ ਵਿਗਿਆਨੀ ਅਤੇ ਅਗਾਂਹਵਧੂ ਕਿਸਾਨ ਵੀ ਹਾਜ਼ਰ ਸਨ।