- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨ੍ਹਾਂ ’ਚੋਂ ਜ਼ਿਆਦਾਤਰ ਮੋਹਾਲੀ ਜ਼ਿਲ੍ਹੇ ਵਿਚ ਸਥਿਤ ਹਨ। ਫ੍ਰੀਜ਼ ਕੀਤੀਆਂ ਸੰਪਤੀਆਂ ’ਚ ਉਦਯੋਗਿਕ ਪਲਾਂਟ, ਵਪਾਰਕ ਇਕਾਈਆਂ, ਸ਼ਾਪ-ਕਮ-ਆਫਿਸ ਅਤੇ ਅਪਾਰਟਮੈਂਟ ਸ਼ਾਮਲ ਹਨ। ਇਹ ਜਾਇਦਾਦਾਂ ਮੁਲਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਵਾਂ ’ਤੇ ਹਨ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਸਮੇਤ ਸੱਤ ਸੂਬਿਆਂ ਵਿਚ ਫੈਲੀ ਫਾਰਮਾਸਿਊਟੀਕਲ ਦਵਾਈਆਂ ਦੀ ਗ਼ੈਰ-ਕਾਨੂੰਨੀ ਸਪਲਾਈ ਅਤੇ ਡਾਇਵਰਜ਼ਨ ਦੇ ਮਾਮਲੇ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਵੱਡੀ ਕਾਰਵਾਈ ਕਰਦਿਆਂ 20.10 ਕਰੋੜ ਰੁਪਏ ਦੀਆਂ 25 ਸੰਪਤੀਆਂ ਫ੍ਰੀਜ਼ ਕਰ ਦਿੱਤੀਆਂ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਮੋਹਾਲੀ ਜ਼ਿਲ੍ਹੇ ਵਿਚ ਸਥਿਤ ਹਨ। ਫ੍ਰੀਜ਼ ਕੀਤੀਆਂ ਸੰਪਤੀਆਂ ’ਚ ਉਦਯੋਗਿਕ ਪਲਾਂਟ, ਵਪਾਰਕ ਇਕਾਈਆਂ, ਸ਼ਾਪ-ਕਮ-ਆਫਿਸ ਅਤੇ ਅਪਾਰਟਮੈਂਟ ਸ਼ਾਮਲ ਹਨ। ਇਹ ਜਾਇਦਾਦਾਂ ਮੁਲਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਵਾਂ ’ਤੇ ਹਨ। ਐੱਨਸੀਬੀ ਮੁਤਾਬਕ, ਸਮਰੱਥ ਅਥਾਰਟੀ ਨੇ ਸਮੱਗਲਰਜ਼ ਐਂਡ ਫਾਰੇਨ ਐਕਸਚੇਂਜ ਮੈਨੀਪੁਲੇਟਰਜ਼ (ਫੋਰਫੀਚਰ ਆਫ ਪ੍ਰਾਪਰਟੀ) ਐਕਟ, 1976 ਅਤੇ ਐੱਨਡੀਪੀਐੱਸ ਐਕਟ ਦੀ ਧਾਰਾ 68ਐੱਫ (2) ਤਹਿਤ ਜਾਇਦਾਦਾਂ ਫ੍ਰੀਜ਼ ਕਰਨ ਦੇ ਹੁਕਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਆਪਣੇ ਅਤੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਖ਼ਰੀਦੀਆਂ ਇਨ੍ਹਾਂ ਜਾਇਦਾਦਾਂ ਲਈ ਆਮਦਨ ਦੇ ਜਾਇਜ਼ ਸਰੋਤ ਸਾਬਿਤ ਨਹੀਂ ਕਰ ਸਕੇ।
ਫ੍ਰੀਜ਼ ਕੀਤੀਆਂ ਜਾਇਦਾਦਾਂ ਮੋਹਾਲੀ ਦੇ ਗਿਲਕੋ ਇੰਡਸਟਰੀਅਲ ਪਾਰਕ, ਮੋਹਾਲੀ ਸਿਟੀ ਸੈਂਟਰ-3, ਮੋਹਾਲੀ ਸਿਟੀ ਸੈਂਟਰ ਵਾਕ, ਜਨਤਾ ਇੰਡਸਟਰੀਅਲ ਅਸਟੇਟ, ਗਲੈਕਸੀ ਹਾਈਟਸ-2, ਕਵੀਨਸਟਾਊਨ ਅਤੇ ਜੇਐੱਲਪੀਐੱਲ ਵਿਚ ਸਥਿਤ ਹਨ। ਇਸ ਮਾਮਲੇ ਵਿਚ ਅੰਬਾਲਾ ਛਾਉਣੀ ਦੇ ਇੱਕੋ ਪਰਿਵਾਰ ਦੇ ਤਿੰਨ ਜੀਅ-ਕੋਨਿਕ ਗੋਇਲ, ਮਾਨਿਕ ਗੋਇਲ ਅਤੇ ਉਨ੍ਹਾਂ ਦੇ ਪਿਤਾ ਪਰਸ਼ੋਤਮ ਲਾਲ ਗੋਇਲ ਫ਼ਰਾਰ ਹਨ। ਐੱਨਸੀਬੀ ਅਨੁਸਾਰ, ਸੰਮਨ ਅਤੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਦੇ ਬਾਵਜੂਦ ਉਹ ਜਾਂਚ ਵਿਚ ਸ਼ਾਮਲ ਨਹੀਂ ਹੋਏ। ਸੁਪਰੀਮ ਕੋਰਟ ਵੀ ਉਨ੍ਹਾਂ ਦੀ ਅਗਾਊਂ ਜ਼ਮਾਨਤ ਖ਼ਾਰਜ ਕਰ ਚੁੱਕੀ ਹੈ।
ਇਸ ਮਾਮਲੇ ਦੀ ਸ਼ੁਰੂਆਤ 7 ਫ਼ਰਵਰੀ 2025 ਨੂੰ ਹੋਈ ਸੀ, ਜਦੋਂ ਐੱਨਸੀਬੀ ਨੇ ਅੰਮ੍ਰਿਤਸਰ ਵਿਚ ਟ੍ਰਾਮਾਡੋਲ ਦੀਆਂ 5,000 ਗੋਲੀਆਂ ਬਰਾਮਦ ਕੀਤੀਆਂ ਸਨ। ਦਵਾਈਆਂ ਦੀ ਪੈਕਿੰਗ ’ਤੇ ਹਰਿਦੁਆਰ ਦੀ ਇਕ ਕੰਪਨੀ ਨੂੰ ਨਿਰਮਾਤਾ ਅਤੇ ਦੇਹਰਾਦੂਨ ਦੀ ਇਕ ਕੰਪਨੀ ਨੂੰ ਮਾਰਕੀਟਿੰਗ ਫ਼ਰਮ ਦੱਸਿਆ ਗਿਆ ਸੀ। ਜਾਂਚ ਵਿਚ ਪਤਾ ਲੱਗਾ ਕਿ ਮਾਰਕੀਟਿੰਗ ਕੰਪਨੀ ਦਾ ਅਸਲ ਵਿਚ ਕੋਈ ਵਜੂਦ ਹੀ ਨਹੀਂ ਸੀ।
ਇਸ ਤੋਂ ਬਾਅਦ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਸਰਗਰਮ ਫਾਰਮਾਸਿਊਟੀਕਲ ਕੰਪਨੀਆਂ ਦੇ ਨੈੱਟਵਰਕ ਦਾ ਪਤਾ ਲਾਇਆ। ਦੋਸ਼ ਹੈ ਕਿ ਇਸ ਨੈੱਟਵਰਕ ਰਾਹੀਂ ਦਵਾਈਆਂ ਅਜਿਹੀਆਂ ਜਾਅਲੀ ਅਤੇ ਗ਼ੈਰ-ਮੌਜੂਦ ਕੰਪਨੀਆਂ ਦੇ ਨਾਂ ’ਤੇ ਭੇਜੀਆਂ ਜਾਂਦੀਆਂ ਸਨ, ਜਿੱਥੋਂ ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬਾਜ਼ਾਰ ’ਚ ਖਪਾਇਆ ਜਾਂਦਾ ਸੀ। ਇਹ ਨੈੱਟਵਰਕ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਤੱਕ ਫੈਲਿਆ ਹੋਇਆ ਸੀ।
ਹਿਮਾਚਲ ਪ੍ਰਦੇਸ਼ ਦੇ ਕਾਲਾ ਅੰਬ ਵਿਚ ਡਿਜੀਟਲ ਵਿਜ਼ਨ ਅਤੇ ਵੈਲਿੰਟਨ ਹੈਲਥਕੇਅਰ ਦੀਆਂ ਦੋ ਇਕਾਈਆਂ ’ਚੋਂ ਵੱਡੀ ਮਾਤਰਾ ’ਚ ਮਨੋ-ਪ੍ਰਭਾਵੀ ਦਵਾਈਆਂ ਅਤੇ ਉਨ੍ਹਾਂ ਦਾ ਕੱਚਾ ਮਾਲ ਬਰਾਮਦ ਕੀਤਾ ਗਿਆ। ਐੱਨਸੀਬੀ ਹੁਣ ਤੱਕ ਮਨੋ-ਪ੍ਰਭਾਵੀ ਦਵਾਈਆਂ ਦੀਆਂ ਕਰੀਬ 34 ਲੱਖ ਗੋਲੀਆਂ, ਕੋਡੀਨ-ਆਧਾਰਿਤ ਕਫ਼ ਸਿਰਪ ਦੀਆਂ 10.57 ਲੱਖ ਬੋਤਲਾਂ, ਟ੍ਰਾਮਾਡੋਲ ਦੇ 50 ਹਜ਼ਾਰ ਐਂਪਿਊਲ, ਮਿਡਾਜ਼ੋਲਮ ਦੀਆਂ 5,000 ਸ਼ੀਸ਼ੀਆਂ ਅਤੇ ਮਨੋ-ਪ੍ਰਭਾਵੀ ਪਾਊਡਰ ਦੇ ਕਰੀਬ 2,200 ਕਿਲੋਗ੍ਰਾਮ ਬਰਾਮਦ ਕਰ ਚੁੱਕੀ ਹੈ। ਹੁਣ ਤੱਕ 17 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਐੱਨਸੀਬੀ ਨੇ ਸਪੱਸ਼ਟ ਕੀਤਾ ਕਿ ਫ੍ਰੀਜ਼ ਕੀਤੀਆਂ ਜਾਇਦਾਦਾਂ ਨੂੰ ਐੱਨਡੀਪੀਐੱਸ ਐਕਟ ਦੇ ਅਧਿਆਇ 5-ਏ ਤਹਿਤ ਅਗਲੀ ਕਾਨੂੰਨੀ ਕਾਰਵਾਈ ਲਈ ਸੁਰੱਖਿਅਤ ਰੱਖਿਆ ਜਾਵੇਗਾ।