'ਇੰਨੇ ਮਹੀਨੇ ਕੀ ਕਰਦੇ ਰਹੇ ?', ਅੰਮ੍ਰਿਤਪਾਲ ਨਾਲ ਜੁੜੇ ਅਜਨਾਲਾ ਕੇਸ 'ਚ ਦੇਰੀ ਨਾਲ ਚੁਣੌਤੀ ਦੇਣ 'ਤੇ HC ਨੇ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਸਰਕਾਰ ਦੀਆਂ ਦਲੀਲਾਂ 'ਤੇ ਹਾਈਕੋਰਟ ਨੇ ਸਖ਼ਤ ਰੁਖ਼ ਅਪਣਾਇਆ। ਅਦਾਲਤ ਨੇ ਸਰਕਾਰ ਦੀ ਅਰਜ਼ੀ ਖਾਰਜ ਕਰਨ ਦੇ ਨਾਲ ਉਸ 'ਤੇ ਭਾਰੀ ਜੁਰਮਾਨਾ ਲਗਾਉਣ ਦੀ ਚਿਤਾਵਨੀ ਵੀ ਦੇ ਦਿੱਤੀ। ਇਸ ਤੋਂ ਬਾਅਦ ਸਰਕਾਰ ਵੱਲੋਂ ਬਿਨਾਂ ਸ਼ਰਤ ਮਾਫ਼ੀ ਮੰਗਦਿਆਂ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਗਈ।
Publish Date: Mon, 23 Nov 2026 01:11 PM (IST)
Updated Date: Mon, 23 Nov 2026 02:07 PM (IST)
ਦਯਾਨੰਦ ਸ਼ਰਮਾ, ਚੰਡੀਗੜ੍ਹ : ਅਜਨਾਲਾ ਪੁਲਿਸ ਥਾਣੇ 'ਤੇ ਹੋਏ ਹਮਲੇ ਦੇ ਬਹੁਚਰਚਿਤ ਮਾਮਲੇ 'ਚ ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਸਮੇਤ ਦਰਜਨਾਂ ਮੁਲਜ਼ਮਾਂ ਖ਼ਿਲਾਫ਼ ਚੱਲ ਰਹੇ ਮੁਕੱਦਮੇ 'ਚ ਟਰਾਇਲ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ 'ਚ ਹੋਈ ਦੇਰੀ 'ਤੇ ਹਾਈਕੋਰਟ ਨੇ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਉਠਾਏ।
ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਪਹਿਲੀ ਨਜ਼ਰੇ ਅਜਿਹਾ ਜਾਪਦਾ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਟਰਾਇਲ ਨੂੰ ਲਟਕਾਉਣਾ ਚਾਹੁੰਦੀ ਹੈ। ਇਹ ਬੇਹੱਦ ਗੰਭੀਰ ਅਤੇ ਅਹਿਮ ਮਾਮਲਾ ਹੈ, ਇਸ ਦੇ ਬਾਵਜੂਦ ਸਰਕਾਰ ਵੱਲੋਂ ਉਮੀਦ ਮੁਤਾਬਕ ਗੰਭੀਰਤਾ ਨਹੀਂ ਦਿਖਾਈ ਜਾ ਰਹੀ।
18 ਅਗਸਤ ਦੇ ਹੁਕਮ ਨੂੰ ਨਵੰਬਰ 'ਚ ਦਿੱਤੀ ਚੁਣੌਤੀ
ਮਾਮਲੇ 'ਚ ਟਰਾਇਲ ਕੋਰਟ ਨੇ 18 ਅਗਸਤ ਨੂੰ ਹੁਕਮ ਪਾਸ ਕੀਤਾ ਸੀ। ਪੰਜਾਬ ਸਰਕਾਰ ਨੇ ਇਸ ਹੁਕਮ ਨੂੰ ਚੁਣੌਤੀ ਦੇਣ ਲਈ ਨਵੰਬਰ 'ਚ ਹਾਈਕੋਰਟ ਦਾ ਰੁਖ਼ ਕੀਤਾ। ਹੁਕਮ ਨੂੰ ਚੁਣੌਤੀ ਦੇਣ 'ਚ ਲਗਪਗ ਤਿੰਨ ਮਹੀਨਿਆਂ ਦੀ ਦੇਰੀ 'ਤੇ ਹਾਈਕੋਰਟ ਨੇ ਸਵਾਲ ਉਠਾਇਆ ਕਿ ਆਖ਼ਰ ਸਰਕਾਰ ਇੰਨੇ ਮਹੀਨਿਆਂ ਤੱਕ ਕੀ ਕਰਦੀ ਰਹੀ? ਜਦੋਂ ਮਾਮਲਾ ਇੰਨਾ ਸੰਵੇਦਨਸ਼ੀਲ ਅਤੇ ਗੰਭੀਰ ਹੈ ਤਾਂ ਸਮੇਂ ਸਿਰ ਹੁਕਮ ਨੂੰ ਚੁਣੌਤੀ ਕਿਉਂ ਨਹੀਂ ਦਿੱਤੀ ਗਈ?
ਸਰਕਾਰ ਨੇ 31 ਦਸੰਬਰ ਤਕ ਟਰਾਇਲ ਪੂਰਾ ਕਰਨ ਦਾ ਦਿੱਤਾ ਹਵਾਲਾ
ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਦਲੀਲ ਦਿੱਤੀ ਗਈ ਕਿ ਮਾਮਲੇ ਦਾ ਟਰਾਇਲ ਪੂਰਾ ਕਰਨ ਲਈ ਪਹਿਲਾਂ ਹੀ 31 ਦਸੰਬਰ ਤਕ ਦਾ ਸਮਾਂ ਤੈਅ ਕੀਤਾ ਗਿਆ ਹੈ। ਅਜਿਹੇ 'ਚ ਸਰਕਾਰ ਨੂੰ ਆਪਣੀ ਪਟੀਸ਼ਨ 'ਤੇ ਸੁਣਵਾਈ ਦੀ ਇਜਾਜ਼ਤ ਦਿੱਤੀ ਜਾਵੇ। ਸਰਕਾਰ ਨੇ ਇਹ ਵਿਕਲਪ ਵੀ ਰੱਖਿਆ ਕਿ ਪਟੀਸ਼ਨ ਨੂੰ ਹਾਈਕੋਰਟ ਦੇ ਉਸੇ ਬੈਂਚ ਸਾਹਮਣੇ ਭੇਜ ਦਿੱਤਾ ਜਾਵੇ, ਜਿਸ ਨੇ ਪਹਿਲਾਂ ਟਰਾਇਲ 31 ਦਸੰਬਰ ਤੱਕ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਸਨ।
ਜੁਰਮਾਨਾ ਲਗਾਉਣ ਦੀ ਚਿਤਾਵਨੀ ਤੋਂ ਬਾਅਦ ਸਰਕਾਰ ਨੇ ਬਦਲਿਆ ਰੁਖ਼
ਸਰਕਾਰ ਦੀਆਂ ਦਲੀਲਾਂ 'ਤੇ ਹਾਈਕੋਰਟ ਨੇ ਸਖ਼ਤ ਰੁਖ਼ ਅਪਣਾਇਆ। ਅਦਾਲਤ ਨੇ ਸਰਕਾਰ ਦੀ ਅਰਜ਼ੀ ਖਾਰਜ ਕਰਨ ਦੇ ਨਾਲ ਉਸ 'ਤੇ ਭਾਰੀ ਜੁਰਮਾਨਾ ਲਗਾਉਣ ਦੀ ਚਿਤਾਵਨੀ ਵੀ ਦੇ ਦਿੱਤੀ। ਇਸ ਤੋਂ ਬਾਅਦ ਸਰਕਾਰ ਵੱਲੋਂ ਬਿਨਾਂ ਸ਼ਰਤ ਮਾਫ਼ੀ ਮੰਗਦਿਆਂ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਗਈ।
ਹਾਈਕੋਰਟ ਨੇ ਸਰਕਾਰ ਦੀ ਇਸ ਬੇਨਤੀ ਨੂੰ ਸਵੀਕਾਰ ਕਰਦਿਆਂ ਬਿਨਾਂ ਕੋਈ ਉਲਟ ਹੁਕਮ ਪਾਸ ਕੀਤੇ ਪਟੀਸ਼ਨ ਵਾਪਸ ਲੈਣ ਦੀ ਛੋਟ ਦੇ ਦਿੱਤੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ। ਨਤੀਜੇ ਵਜੋਂ ਹਾਈਕੋਰਟ ਨੇ ਪਟੀਸ਼ਨ ਵਾਪਸ ਲਏ ਜਾਣ ਦੇ ਆਧਾਰ 'ਤੇ ਇਸ ਨੂੰ ਖਾਰਜ ਕਰ ਦਿੱਤਾ।
CDR ਰਿਕਾਰਡ ਪਹਿਲਾਂ ਹੀ ਟਰਾਇਲ ਕੋਰਟ 'ਚ ਪੇਸ਼
ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਕਾਲ ਡਿਟੇਲ ਰਿਕਾਰਡ (CDR) ਪਹਿਲਾਂ ਹੀ ਟਰਾਇਲ ਕੋਰਟ 'ਚ ਪੇਸ਼ ਕੀਤਾ ਜਾ ਚੁੱਕਾ ਹੈ। ਹੁਣ ਸਿਰਫ਼ ਭਾਰਤੀ ਏਅਰਟੈੱਲ ਲਿਮਟਿਡ ਅਤੇ ਰਿਲਾਇੰਸ ਇਨਫੋਕਾਮ ਲਿਮਟਿਡ ਦੇ ਨੋਡਲ ਅਧਿਕਾਰੀਆਂ ਨੂੰ ਰਿਕਾਰਡ ਦੀ ਪੁਸ਼ਟੀ ਲਈ ਅਦਾਲਤ 'ਚ ਬੁਲਾਇਆ ਜਾਣਾ ਸੀ।
ਅਜਿਹੇ 'ਚ ਸਰਕਾਰ ਵੱਲੋਂ ਟਰਾਇਲ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ 'ਚ ਹੋਈ ਦੇਰੀ 'ਤੇ ਹਾਈਕੋਰਟ ਦੀ ਨਾਰਾਜ਼ਗੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਅਦਾਲਤ ਦੀ ਟਿੱਪਣੀ ਤੋਂ ਸਪੱਸ਼ਟ ਹੈ ਕਿ ਅਜਨਾਲਾ ਥਾਣੇ 'ਤੇ ਹਮਲੇ ਵਰਗੇ ਗੰਭੀਰ ਮਾਮਲੇ 'ਚ ਮੁਕੱਦਮੇ ਦੀ ਸਮਾਂਬੱਧ ਸੁਣਵਾਈ ਨੂੰ ਲੈ ਕੇ ਹਾਈਕੋਰਟ ਵਿਸ਼ੇਸ਼ ਤੌਰ 'ਤੇ ਗੰਭੀਰ ਹੈ।