- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਨੇਤਾ ਤੇ ਰਾਜ ਸਭਾ ਮੈਂਬਰ ਤਰੁਣ ਚੁੱਘ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ, ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਵਿਜੈ ਇੰਦਰ ਸਿੰਗਲਾ ਨੇ ਪੀੜਤ ਦਾ ਹਸਪਤਾਲ ’ਚ ਜਾ ਕੇ ਹਾਲ-ਚਾਲ ਪੁੱਛਿਆ ਹੈ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ’ਤੇ ਪੁਲਿਸ ਤਸ਼ੱਦਦ ਨੂੰ ਲੈ ਕੇ ਪੰਜਾਬ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਸਮੁੱਚੀ ਵਿਰੋਧੀ ਧਿਰ ਨੇ ਪੁਲਿਸ ਦੇ ਇਸ ਵਰਤਾਰੇ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸਦੇ ਹੋਏ ਦੋਸ਼ੀ ਪੁਲਿਸ ਅਧਿਕਾਰੀਆਂ, ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਭਾਜਪਾ ਨੇਤਾ ਤੇ ਰਾਜ ਸਭਾ ਮੈਂਬਰ ਤਰੁਣ ਚੁੱਘ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ, ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਵਿਜੈ ਇੰਦਰ ਸਿੰਗਲਾ ਨੇ ਪੀੜਤ ਦਾ ਹਸਪਤਾਲ ’ਚ ਜਾ ਕੇ ਹਾਲ-ਚਾਲ ਪੁੱਛਿਆ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਬੀਤੇ ਦਿਨ ਪਿੰਡ ਸ਼ੇਰੋਂ ਵਿਖੇ ਮੁੱਖ ਮੰਤਰੀ ਦੇ ਮਿਲਣੀ ਸਮਾਗਮ ਦੌਰਾਨ ਮੋਹਨਜੀਤ ਸਿੰਘ ਨੇ ਮੁੱਖ ਮੰਤਰੀ ਨੂੰ ਕਾਲੀ ਝੰਡੀ ਦਿਖਾਈ ਸੀ ਜਿਸ ਕਾਰਨ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ’ਚ ਲਿਆ ਸੀ।
ਔਰੰਗਜੇਬ ਵਾਂਗ ਵਿਹਾਰ ਕਰ ਰਿਹੈ ਮੁੱਖ ਮੰਤਰੀ : ਵੜਿੰਗ
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਨੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੱਤਰ ਲਿਖ ਕੇ ਪੰਜਾਬ ਪੁਲਿਸ ਦੁਆਰਾ ਨੌਜਵਾਨ ’ਤੇ ਕੀਤੇ ਅੰਨੇਵਾਹ ਤਸ਼ੱਦਦ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਵੜਿੰਗ ਨੇ ਕਿਹਾ ਕਿ ਮੋਹਨਜੀਤ ਸਿੰਘ ਨੂੰ ਪੁਲਿਸ ਹਿਰਾਸਤ ਦੌਰਾਨ ਬਿਜਲੀ ਦਾ ਕਰੰਟ ਲਗਾਇਆ ਗਿਆ। ਵੜਿੰਗ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਜ਼ਬਰਦਸਤੀ ਨਸ਼ੀਲੇ ਪਦਾਰਥ ਦਿੱਤੇ ਤੇ ਬਾਅਦ ’ਚ ਉਸ ਦਾ ਡੋਪ ਟੈਸਟ ਕਰਵਾਇਆ। ਵੜਿੰਗ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਹੁਣ ਮੋਹਨਜੀਤ ਖਿਲਾਫ਼ ਕਥਿਤ ਤੌਰ ’ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੇ ਦੋਸ਼ ’ਚ ਐੱਫ਼ਆਈਆਰ ਦਰਜ ਕੀਤੀ ਹੈ, ਜਿਹੜਾ ਇੱਕ ਫਰਜ਼ੀ ਮਾਮਲਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਕਾਂਗਰਸ 8 ਸਤੰਬਰ ਨੂੰ ‘ਆਪ’ ਸਰਕਾਰ ਦੇ ਭ੍ਰਿਸ਼ਟਾਚਾਰ ਖ਼ਿਲਾਫ਼ ਇਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰੇਗੀ।
ਮੋਹਨਜੀਤ ਦੇ ਕਕਾਰਾਂ ਦੀ ਬੇਅਦਬੀ ਕਰਨਾ ਮੰਦਭਾਗੀ ਗੱਲ : ਢਿੱਲੋਂ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੀੜਤ ਮੋਹਨਜੀਤ ਸਿੰਘ ਨਾਲ ਵੀਡੀਓ ਕਾਲ ’ਤੇ ਗੱਲ ਕਰਕੇ ਉਸ ਦਾ ਹਾਲਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਭਾਜਪਾ ਇਸ ਮੁਸ਼ਕਲ ਘੜੀ ’ਚ ਮੋਹਨਜੀਤ ਦੇ ਨਾਲ ਡਟ ਕੇ ਖੜ੍ਹੀ ਹੈ। ਢਿੱਲੋਂ ਨੇ ਇਸ ਮਾਮਲੇ ਸਬੰਧੀ ਡੀਜੀਪੀ ਪੰਜਾਬ ਤੇ ਐੱਸਐੱਸਪੀ ਸੰਗਰੂਰ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਪੁਲਿਸ ਤਸ਼ੱਦਦ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਸਰਕਾਰ ਤੋਂ ਸਵਾਲ ਪੁੱਛਣਾ ਤੇ ਆਪਣੀ ਗੱਲ ਰੱਖਣਾ ਹਰ ਨਾਗਰਿਕ ਦਾ ਅਧਿਕਾਰ ਹੈ, ਪਰ ਇਸ ਗੁਰਸਿੱਖ ਨੌਜਵਾਨ ਨੂੰ ਨਸ਼ਿਆਂ ਦਾ ਮੁੱਦਾ ਉਠਾਉਣ ਦੇ ਬਦਲੇ ਪੁਲਿਸ ਵਲੋਂ ਹਿਰਾਸਤ ’ਚ ਲੈ ਕੇ ਉਸ ਨਾਲ ਕੁੱਟਮਾਰ ਤੇ ਤਸ਼ੱਦਦ ਕਰਨਾ ਤੇ ਉਸ ਦੇ ਕਕਾਰਾਂ ਦੀ ਬੇਅਦਬੀ ਕਰਨੀ ਬੇਹੱਦ ਹੀ ਮੰਦਭਾਗੀ ਹੈ।
ਸੂਬਾ ਸਰਕਾਰ ਨੇ ਜਬਰ-ਜ਼ੁਲਮ ਦੀਆਂ ਸਾਰੀਆਂ ਹੱਦਾਂ ਟੱਪੀਆਂ: ਚੁੱਘ
ਭਾਜਪਾ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਕਿਹਾ ਕਿ ਮਾਨ-ਕੇਜਰੀਵਾਲ ਦੀ ਸਰਕਾਰ ਨੇ ਜਬਰ-ਜ਼ੁਲਮ ਦੀਆਂ ਸਾਰੀਆਂ ਹੱਦਾਂ ਟੱਪ ਦਿੱਤੀਆਂ ਹਨ। ਸੰਗਰੂਰ ਦੇ ਪਿੰਡ ਸ਼ੇਰੋਂ ਦੇ ਮੋਹਨਜੀਤ ਸਿੰਘ ਨਾਲ ਕਥਿਤ ਪੁਲਿਸ ਤਸ਼ੱਦਦ ਦੀ ਘਟਨਾ ਨੇ ਸਾਫ਼ ਕਰ ਦਿੱਤਾ ਹੈ ਕਿ ਆਪ ਸਰਕਾਰ ਆਪਣੀਆਂ ਨਾਕਾਮੀਆਂ ’ਤੇ ਸਵਾਲ ਚੁੱਕਣ ਵਾਲੀ ਹਰ ਆਵਾਜ਼ ਨੂੰ ਪੁਲਿਸ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ।
ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀ ਬਰਖਾਸਤ ਕੀਤੇ ਜਾਣ : ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਹਨਜੀਤ ਸਿੰਘ ਸ਼ੇਰੋਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਸਾਰੇ ਪੁਲਿਸ ਅਫਸਰਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਤੇ ਇਨ੍ਹਾਂ ਸਾਰਿਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਸੁਖਬੀਰ ਬਾਦਲ ਨੇ ਸਿਵਲ ਹਸਪਤਾਲ ’ਚ ਮੋਹਨਜੀਤ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਇਹ ਵੇਖ ਕੇ ਹੈਰਾਨ ਹਨ ਕਿ ਨਸ਼ਾ ਵਿਰੋਧੀ ਇਸ ਕਾਰਕੁੰਨ ਨੂੰ ਬਿਜਲੀ ਦੇ ਕਰੰਟ ਲਗਾਏ ਗਏ। ਇਸ ਦੇ ਬਲੇਡ ਮਾਰ ਕੇ ਪੱਟਾਂ ’ਤੇ ਕੱਟ ਲਗਾਏ ਤੇ ਫਿਰ ਉਨ੍ਹਾਂ ’ਤੇ ਲੂਣ ਰਗੜਿਆ ਗਿਆ ਤੇ ਚੱਪਲਾਂ ਨਾਲ ਇਨ੍ਹਾਂ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਅਫਸਰਾਂ ਦੇ ਨਾਲ-ਨਾਲ ਇਸ ਨੌਜਵਾਨ ’ਤੇ ਤਸ਼ੱਦਦ ਢਾਹੁਣ ਤੇ ਇਸ ਦੇ ਧਾਰਮਿਕ ਕੱਕਾਰਾਂ ਦੀ ਬੇਅਦਬੀ ਕਰਨ ਲਈ ਜ਼ਿੰਮੇਵਾਰ ਸਾਰੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਹੋਣ ਤੇ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ।
❌❌ NATIONAL SHAME ❌❌
This is what @AAPPunjab did to a Punjabi Sikh boy who dared to speak the truth about the drug menace in Punjab.
He is the same boy who protested from atop a roof from village Shero in Sunam while a fake PR event of the CM was happening.
Guru Dokhi… pic.twitter.com/L6MV2wxaeK
— Sukhbir Singh Badal (@officeofssbadal) September 4, 2026
ਦੋਵਾਂ ਪਾਸਿਓਂ ਗਲਤ ਹੋਇਆ : ਅਮਨ ਅਰੋੜਾ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਸ ਮਾਮਲੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਦੋਵਾਂ ਪਾਸਿਓਂ ਗਲਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕੋਈ ਤਸ਼ੱਦਦ ਨਹੀਂ ਕੀਤਾ। ਦੂਜੇ ਪਾਸੇ ਨੌਜਵਾਨ ਨੂੰ ਵੀ ਅਜਿਹੀ ਹਰਕਤ ਨਹੀਂ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਰਿਪੋਰਟ ਨਾਲ ਅਸਲ ਖੁਲਾਸਾ ਹੋਵੇਗਾ।