- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਢਿੱਲੋਂ ਨੇ ਦੱਸਿਆ ਕਿ ਹਾਲ ਹੀ ਵਿਚ ਦਿੱਲੀ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਤੀਸ਼ ਪੂਨੀਆ ਨਾਲ ਹੋਈ ਮੀਟਿੰਗ ਵਿਚ ਪੰਜਾਬ ਦੇ ਪ੍ਰਮੁੱਖ ਮੁੱਦਿਆਂ ਅਤੇ 2027 ਦੀਆਂ ਚੋਣਾਂ ਦੀ ਰਣਨੀਤੀ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਵਿਚ ਸੰਗਠਨ ਨੂੰ ਮਜ਼ਬੂਤ ਕਰਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਤੇਜ਼ ਕਰਨ ਵਿਚ ਜੁਟੀ ਭਾਜਪਾ ਨੇ ਆਪਣੀ ਜਨਸੰਪਰਕ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਾਰਟੀ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਲੜੀਵਾਰ ਸੰਪਰਕ ਪ੍ਰੋਗਰਾਮ ਕੀਤੇ ਜਾ ਰਹੇ ਹਨ।
ਢਿੱਲੋਂ ਨੇ ਦੱਸਿਆ ਕਿ ਹਾਲ ਹੀ ਵਿਚ ਦਿੱਲੀ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਤੀਸ਼ ਪੂਨੀਆ ਨਾਲ ਹੋਈ ਮੀਟਿੰਗ ਵਿਚ ਪੰਜਾਬ ਦੇ ਪ੍ਰਮੁੱਖ ਮੁੱਦਿਆਂ ਅਤੇ 2027 ਦੀਆਂ ਚੋਣਾਂ ਦੀ ਰਣਨੀਤੀ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੇਤੀਬਾੜੀ, ਨੌਜਵਾਨਾਂ, ਸਰਹੱਦੀ ਸੁਰੱਖਿਆ ਅਤੇ ਸ਼ਹਿਰੀ ਵਿਕਾਸ ਸਮੇਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਹੋਈ। ਹਰ ਜ਼ਿਲ੍ਹੇ, ਮੰਡਲ ਅਤੇ ਪਿੰਡ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਟੀਮਾਂ ਬਣਾਈਆਂ ਜਾਣਗੀਆਂ।
ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਸ਼ੇ, ਬੇਰੁਜ਼ਗਾਰੀ ਅਤੇ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਘੇਰਦਿਆਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਲੋਕਾਂ ਵਿਚ ਰੋਸ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਹਰ ਘਰ ਤੱਕ ਪਹੁੰਚਾਇਆ ਜਾਵੇਗਾ।
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਭਾਜਪਾ ਵੱਲੋਂ 9 ਤੋਂ 14 ਅਗਸਤ ਤੱਕ ਪੰਜਾਬ ਭਰ ਵਿਚ ‘ਹਰ ਘਰ ਤਿਰੰਗਾ’ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਰ੍ਹਾਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਭਰ ਵਿਚ ਚਲਾਈ ਜਾ ਰਹੀ ਸਮਰਸਤਾ ਸੰਕਲਪ ਮੁਹਿੰਮ ਤਹਿਤ ਗੁਰੂ ਜੀ ਦੀ ਜਨਮਭੂਮੀ ਤੋਂ ਲਿਆਂਦੀ ਪਵਿੱਤਰ ਮਿੱਟੀ ਦੀ ਕਲਸ਼ ਯਾਤਰਾ ਪੰਜਾਬ ਦੇ ਪਿੰਡਾਂ ਤੱਕ ਪਹੁੰਚਾਈ ਜਾ ਰਹੀ ਹੈ। ਖ਼ਾਸ ਕਰਕੇ ਦੁਆਬਾ ਖੇਤਰ ਵਿਚ ਦਲਿਤ ਭਾਈਚਾਰੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਐੱਮਬੀਬੀਐੱਸ ਫੀਸ ਵਧਾਉਣ ’ਤੇ ਸਰਕਾਰ ਘੇਰੀ
ਭਾਜਪਾ ਨੇ ਐੱਮਬੀਬੀਐੱਸ ਦੀ ਫੀਸ ਵਿਚ ਵਾਧੇ ਨੂੰ ਲੈ ਕੇ ਵੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਢਿੱਲੋਂ ਨੇ ਕਿਹਾ ਕਿ ਇਕ ਪਾਸੇ ਸਰਕਾਰ ‘ਸਿੱਖਿਆ ਕ੍ਰਾਂਤੀ’ ਦੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਮੈਡੀਕਲ ਸਿੱਖਿਆ ਮਹਿੰਗੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫੀਸ ਵਧਣ ਨਾਲ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਲਈ ਡਾਕਟਰ ਬਣਨ ਦਾ ਸੁਪਨਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਸਰਕਾਰ ਤੋਂ ਫੀਸ ਵਾਧਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਭਾਜਪਾ ਨੇ ਅਧਿਕਾਰਤ ਵ੍ਹਟਸਐਪ ਚੈਨਲ ਸ਼ੁਰੂ ਕੀਤਾ
ਭਾਜਪਾ ਪੰਜਾਬ ਵੱਲੋਂ ਸੰਗਠਨਾਤਮਕ ਗਤੀਵਿਧੀਆਂ ਅਤੇ ਲੋਕ ਹਿੱਤ ਨਾਲ ਜੁੜੀਆਂ ਪਹਿਲਕਦਮੀਆਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਅਧਿਕਾਰਤ ਵਟਸਐਪ ਚੈਨਲ ਵੀ ਸ਼ੁਰੂ ਕੀਤਾ ਗਿਆ ਹੈ। ਢਿੱਲੋਂ ਨੇ ਕਿਹਾ ਕਿ ਇਸ ਰਾਹੀਂ ਪਾਰਟੀ ਦੀਆਂ ਗਤੀਵਿਧੀਆਂ, ਸੰਗਠਨਾਤਮਕ ਫ਼ੈਸਲਿਆਂ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੀ ਜਾਣਕਾਰੀ ਸਿੱਧੀ ਲੋਕਾਂ ਤੱਕ ਪਹੁੰਚਾਈ ਜਾਵੇਗੀ।