- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰਕਾਰਾਂ ਨਾਲ ਗੱਲਬਾਤ ਵਿਚ ‘ਆਪ’ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਸੁਖਬੀਰ ਬਾਦਲ ਝੂਠ ਬੋਲਦੇ ਰਹੇ ਹਨ। ਉਨ੍ਹਾਂ ਵਾਰ-ਵਾਰ ਦਾਅਵਾ ਕੀਤਾ ਕਿ ਬਹਿਬਲ ਕਲਾਂ ਗੋਲੀਕਾਂਡ ਦੌਰਾਨ ਉਹ ਪੰਜਾਬ ਵਿਚ ਨਹੀਂ ਸਨ ਪਰ ਉਨ੍ਹਾਂ ਦੀ ਜ਼ਮਾਨਤ ਨਾਲ ਜੁੜੇ ਕੋਰਟ ਦੇ ਕਾਗਜ਼ਾਤ ਦੱਸਦੇ ਹਨ ਕਿ ਸੁਖਬੀਰ ਪੰਜਾਬ ’ਚ ਮੌਜੂਦ ਸਨ ਤੇ ਇਕ ਫਾਈਵ ਸਟਾਰ ਹੋਟਲ ਵਿਚ ਰੁਕੇ ਹੋਏ ਸਨ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਇਕਾਈ ਨੇ ਕਿਹਾ ਹੈ ਕਿ ਤਜਵੀਜ਼ਸ਼ੁਦਾ ਭਾਜਪਾ-ਅਕਾਲੀ ਗੱਠਜੋੜ ਪੰਜਾਬ ਦੇ ਹਿੱਤਾਂ ਦੀ ਕੀਮਤ ’ਤੇ ਇਕ ਸਿਆਸੀ ਹੋਂਦ ਦਾ ਸੌਦਾ ਹੈ। ਇਸ ਵਿਚ ਸੁਖਬੀਰ ਬਾਦਲ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਸਮੇਤ ਭਾਜਪਾ ਦੇ ਸਿਆਸੀ ਏਜੰਡੇ ਦਾ ਸਮਰਥਨ ਕਰਨ ਦੇ ਬਦਲੇ ’ਚ ਬੇਅਦਬੀ ਤੇ ਗੋਲੀਬਾਰੀ ਦੇ ਮਾਮਲਿਆਂ ਤੋਂ ਭਾਜਪਾ ਦੀ ਸੁਰੱਖਿਆ ਮੰਗ ਰਹੇ ਹਨ। ‘ਆਪ’ ਨੇ ਕਿਹਾ ਕਿ ਇਹ ਸਿਆਸੀ ਸੌਦੇਬਾਜ਼ੀ ਬਹੁਤ ਸ਼ਰਮਨਾਕ ਹੈ, ਕਿਉਂਕਿ 2015 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਤੇ ਵਾਰ-ਵਾਰ ਬੇਅਦਬੀ ਦੇ ਬਾਅਦ ਕੋਟਕਪੂਰਾ ਤੇ ਬਹਿਬਲ ਕਲਾਂ ਵਿਚ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ’ਤੇ ਪੁਲਿਸ ਗੋਲੀ ਕਾਂਡ ਭਾਜਪਾ-ਅਕਾਲੀ ਸਰਕਾਰ ਦੌਰਾਨ ਹੋਈ ਸੀ, ਜਦੋਂ ਸੁਖਬੀਰ ਬਾਦਲ ਸੂਬੇ ਦੇ ਗ੍ਰਹਿ ਮੰਤਰੀ ਸਨ।
ਪੱਤਰਕਾਰਾਂ ਨਾਲ ਗੱਲਬਾਤ ਵਿਚ ‘ਆਪ’ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਸੁਖਬੀਰ ਬਾਦਲ ਝੂਠ ਬੋਲਦੇ ਰਹੇ ਹਨ। ਉਨ੍ਹਾਂ ਵਾਰ-ਵਾਰ ਦਾਅਵਾ ਕੀਤਾ ਕਿ ਬਹਿਬਲ ਕਲਾਂ ਗੋਲੀਕਾਂਡ ਦੌਰਾਨ ਉਹ ਪੰਜਾਬ ਵਿਚ ਨਹੀਂ ਸਨ ਪਰ ਉਨ੍ਹਾਂ ਦੀ ਜ਼ਮਾਨਤ ਨਾਲ ਜੁੜੇ ਕੋਰਟ ਦੇ ਕਾਗਜ਼ਾਤ ਦੱਸਦੇ ਹਨ ਕਿ ਸੁਖਬੀਰ ਪੰਜਾਬ ’ਚ ਮੌਜੂਦ ਸਨ ਤੇ ਇਕ ਫਾਈਵ ਸਟਾਰ ਹੋਟਲ ਵਿਚ ਰੁਕੇ ਹੋਏ ਸਨ। ਉੱਥੋਂ ਚਰਨਜੀਤ ਸ਼ਰਮਾ, ਪਰਮਰਾਜ ਸਿੰਘ ਉਮਰਾਨੰਗਲ ਤੇ ਸੁਮੇਧ ਸਿੰਘ ਸੈਣੀ ਸਮੇਤ ਵੱਡੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਸਨ। ਇਹੀ ਨਹੀਂ, ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਨ੍ਹਾਂ ਘਟਨਾਵਾਂ ਵਿਚ ਆਪਣੀ ਭੂਮਿਕਾ ਕਬੂਲ ਕੀਤੀ ਹੋਈ ਹੈ।
‘ਆਪ’ ਪੰਜਾਬ ਦੇ ਬੁਲਾਰੇ ਰਣਬੀਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਦਾ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਵਿਚ ਐੱਸਆਈਟੀ ਦੇ ਸਾਹਮਣੇ ਵਾਰ-ਵਾਰ ਪੇਸ਼ ਨਾ ਹੋਣਾ ਦਿਖਾਉਂਦਾ ਹੈ ਕਿ ਅਕਾਲੀ ਦਲ-ਭਾਜਪਾ ਗੱਠਜੋੜ ਹੁਣ ਜੱਗਜ਼ਾਹਰ ਹੋ ਗਿਆ ਹੈ, ਖ਼ਾਸਕਰ ਜਦੋਂ ਸੁਖਬੀਰ ਨੇ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆਪਣੀ ਜ਼ਿੰਮੇਵਾਰੀ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਇਹ ਅਕਾਲੀ ਦਲ ਤੇ ਭਾਜਪਾ ਵਿਚਾਲੇ ਮਿਲੀਭੁਗਤ ਸੀ ਤੇ ਇਸ ਨਾਲ ਉਨ੍ਹਾਂ ਦੀ ਪੰਜਾਬ ਵਿਰੋਧੀ, ਪੰਥ ਵਿਰੋਧੀ ਤੇ ਸਿੱਖ ਵਿਰੋਧੀ ਸਿਆਸਤ ਸਾਹਮਣੇ ਆ ਗਈ ਹੈ।
ਢੀਂਡਸਾ ਨੇ ਕਿਹਾ ਕਿ ਸੁਖਬੀਰ ਦੀ ਐੱਸਆਈਟੀ ਦੇ ਸਾਹਮਣੇ ਪੇਸ਼ ਨਾ ਹੋਣ ਦਾ ਕਾਰਨ ਦਿੱਲੀ ਵਿਚ ਭਾਜਪਾ ਲੀਡਰਸ਼ਿਪ ਨਾਲ ਕੀਤਾ ਜਾ ਰਿਹਾ ਸਿਆਸੀ ਸਮਝੌਤਾ ਹੈ। ਸੁਖਬੀਰ ਨੂੰ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪੇਸ਼ ਹੋਣ ਦੀ ਲੋੜ ਨਹੀਂ ਹੈ ਤੇ ਬੇਅਦਬੀ ਦੇ ਮਾਮਲਿਆਂ ਵਿਚ ਉਨ੍ਹਾਂ ਨੂੰ ਸਿਆਸੀ ਸੁਰੱਖਿਆ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਇਸ ਸੁਰੱਖਿਆ ਦੇ ਬਦਲੇ ਸੁਖਬੀਰ ਨੇ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਹੈ ਤੇ ਕਾਲੇ ਖੇਤੀ ਕਾਨੂੰਨਾਂ ’ਤੇ ਭਾਜਪਾ ਦਾ ਸਮਰਥਨ ਕਰਨ ਲਈ ਸਹਿਮਤ ਹੋਏ ਹਨ। ਉਨ੍ਹਾਂ ਸਵਾਲ ਕੀਤਾ ਕਿ ਐੱਮਐੱਸਪੀ, ਖੇਤੀ ਕਾਨੂੰਨਾਂ ਜਾਂ ਸਿੱਖ ਮੁੱਦਿਆਂ ’ਤੇ ਉਨ੍ਹਾਂ ਦੀਆਂ ਸ਼ਰਤਾਂ ਅੱਜ ਕਿੱਥੇ ਚਲੀਆਂ ਗਈਆਂ? ਅੱਜ ਉਨ੍ਹਾਂ ਲਈ ਸਿਰਫ਼ ਇਹੀ ਮਾਅਨੇ ਰੱਖਦਾ ਹੈ ਕਿ ਬੇਅਦਬੀ ਦੇ ਮਾਮਲਿਆਂ ਵਿਚ ਦੋਸ਼ਾਂ ਤੇ ਸਜ਼ਾ ਵਿਚ ਕਿਵੇਂ ਬਚਾਇਆ ਜਾਏ। ‘ਆਪ’ ਨੇ ਕਿਹਾ ਕਿ ਪੰਜਾਬ ਕਿਸਾਨ ਅੰਦੋਲਨ ਦੌਰਾਨ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਨਹੀਂ ਭੁੱਲ ਸਕਦਾ ਤੇ ਭਾਜਪਾ-ਅਕਾਲੀ ਦੇ ਮੁੜ ਗੱਠਜੋੜ ਦੇ ਜ਼ਰੀਏ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਕੋਈ ਵੀ ਕੋਸ਼ਿਸ਼ ਇਕ ਵਾਰੀ ਮੁੜ ਪੰਜਾਬ ਦੇ ਹਿੱਤਾਂ ਤੋਂ ਉੱਪਰ ਸਿਆਸੀ ਹਿੱਤਾਂ ਨੂੰ ਰੱਖੇਗੀ।