- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਖੜ ਨੇ ਕਿਹਾ ਕਿ ਨਸ਼ੇ, ਗੈਂਗਸਟਰਵਾਦ ਤੇ ਭ੍ਰਿਸ਼ਟਾਚਾਰ ਪੰਜਾਬ ਦੇ ਗੰਭੀਰ ਮੁੱਦੇ ਹਨ, ਪਰ ਕਾਂਗਰਸੀ ਆਗੂ ਖ਼ੁਦ ਇਨ੍ਹਾਂ ਦੋਸ਼ਾਂ ’ਚ ਘਿਰੇ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਦੌਰਾਨ ਨਸ਼ਿਆਂ ਅਤੇ ਗੈਂਗਸਟਰਾਂ ਦੀ ਦਹਿਸ਼ਤ ਨੇ ਨੌਜਵਾਨੀ ਨੂੰ ਤਬਾਹ ਕੀਤਾ, ਜਦਕਿ ਕਾਂਗਰਸ ਚੁੱਪ ਰਹੀ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਾਂਗਰਸ ਚਾਰ ਸਾਲ ਨੌਂ ਮਹੀਨੇ ਵਿਰੋਧੀ ਧਿਰ ਵਜੋਂ ਗ਼ਾਇਬ ਰਹੀ। ਹੁਣ ਚੋਣਾਂ ਨੇੜੇ ਆਉਣ ’ਤੇ ਇਸ ਦੇ ਆਗੂ ਵੋਟਾਂ ਦੀ ਸਿਆਸਤ ਕਰਨ ਅਤੇ ਪੰਜਾਬ ਲਈ ਮਗਰਮੱਛ ਦੇ ਹੰਝੂ ਵਹਾਉਣ ਨਿਕਲੇ ਹਨ।
ਜਾਖੜ ਨੇ ਕਿਹਾ ਕਿ ਨਸ਼ੇ, ਗੈਂਗਸਟਰਵਾਦ ਤੇ ਭ੍ਰਿਸ਼ਟਾਚਾਰ ਪੰਜਾਬ ਦੇ ਗੰਭੀਰ ਮੁੱਦੇ ਹਨ, ਪਰ ਕਾਂਗਰਸੀ ਆਗੂ ਖ਼ੁਦ ਇਨ੍ਹਾਂ ਦੋਸ਼ਾਂ ’ਚ ਘਿਰੇ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਦੌਰਾਨ ਨਸ਼ਿਆਂ ਅਤੇ ਗੈਂਗਸਟਰਾਂ ਦੀ ਦਹਿਸ਼ਤ ਨੇ ਨੌਜਵਾਨੀ ਨੂੰ ਤਬਾਹ ਕੀਤਾ, ਜਦਕਿ ਕਾਂਗਰਸ ਚੁੱਪ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਦੋ ਸਾਬਕਾ ਪ੍ਰਧਾਨਾਂ ਦੇ ਨਾਂ ਨਸ਼ਿਆਂ ਨਾਲ ਜੁੜੇ ਰਹੇ ਹਨ। ਇਕ ਨੇ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਵਿਧਾਨ ਸਭਾ ’ਚ ਮਾਫ਼ੀ ਮੰਗੀ ਸੀ। ਕਾਂਗਰਸ ਸਰਕਾਰ ਵੇਲੇ ਇਕ ਸਾਬਕਾ ਮੰਤਰੀ ’ਤੇ ਗੈਂਗਸਟਰ ਨੂੰ ਪਨਾਹ ਦੇਣ ਦੇ ਦੋਸ਼ਾਂ ਦੀ ਜਾਂਚ ਹੋਈ ਸੀ।
ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਨ ਸੁਧਾਈ (ਐੱਸਆਈਆਰ) ਬਾਰੇ ਜਾਖੜ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਦਿੱਲੀ ’ਚ ਇਸ ਦੇ ਵਿਰੋਧ ’ਚ ਰੈਲੀ ਕੀਤੀ, ਪਰ ਪੰਜਾਬ ਕਾਂਗਰਸ ਨੇ ਸੂਬੇ ’ਚ ਪ੍ਰਕਿਰਿਆ ਦੌਰਾਨ ਵਿਰੋਧ ਨਹੀਂ ਕੀਤਾ। ਇਸ ਦੇ ਆਗੂਆਂ ਨੇ ਪ੍ਰਕਿਰਿਆ ਸੁਚਾਰੂ ਢੰਗ ਨਾਲ ਮੁਕੰਮਲ ਹੋਣ ’ਤੇ ਮੁੱਖ ਚੋਣ ਅਧਿਕਾਰੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸੇ ਯੋਗ ਵੋਟਰ ਦਾ ਨਾਂ ਗ਼ਲਤ ਢੰਗ ਨਾਲ ਕੱਟੇ ਜਾਣ ਦਾ ਮਾਮਲਾ ਨਹੀਂ ਦਿਖਾ ਸਕੀ। ਪਾਰਟੀ ਹਾਰ ਲਈ ਕਦੇ ਐੱਸਆਈਆਰ ਤੇ ਕਦੇ ਈਵੀਐੱਮ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਦਾ ਦੌਰਾ ਧੜਿਆਂ ’ਚ ਵੰਡੀ ਸੂਬਾਈ ਇਕਾਈ ਨੂੰ ਇਕਜੁੱਟ ਕਰਨ ਦੀ ਚਿਤਾਵਨੀ ਹੈ।